ਧਾਮੀ ਗਿੱਲ

ਜਿਦ੍ਹੇ ਸੀਨੇ ‘ਚ ਗ਼ੈਰਤ ਹੈ ਜਿਦ੍ਹੇ ਅੱਖਾਂ ‘ਚ ਪਾਣੀ ਹੈ,
ਅਜੇਹਾ ਸ਼ਖਸ ਨਾ ਇਸ ਦੌਰ ਦੀ ਦੁਨੀਆ ਦਾ ਹਾਣੀ ਹੈ।
ਨਾ ਹੱਥੀਂ ਵੱਢ ਤੂੰ ਉਸ ਨੂੰ ਤੇਰੇ ਸਿਰ ‘ਤੇ ਜੋ ਟਾਹਣੀ ਹੈ,
ਬਿਨਾਂ ਬਿਰਖ਼ਾਂ ਤੋਂ ਛਾਂ ਦੀ ਨਾ ਕਿਸੇ ਨੇ ਮੌਜ ਮਾਣੀ ਹੈ।
ਹਮੇਸ਼ਾ ਸੱਚ ਨੂੰ ਫਾਂਸੀ ਇਹੀ ਦਸਤੂਰ ਦੁਨੀਆ ਦਾ,
ਇਹੀ ਤਸਵੀਰ ਇਸ ਦੀ ਮੁੱਢ ਤੋਂ ਜਾਣੀ ਪਛਾਣੀ ਹੈ।
ਹਮੇਸ਼ਾ ਕੂੜ ਹੀ ਪਰਧਾਨ ਹੈ ਹੈਰਾਨ ਹੋ ਕਾਹਤੋਂ?
ਅਜੋਕੇ ਦੌਰ ਦੀ ਨਹੀਂ ਗੱਲ ਇਹ ਸਦੀਆਂ ਪੁਰਾਣੀ ਹੈ।
ਇਕੱਲਾ ਸੱਚ ਬੜ੍ਹਕਾਂ ਮਾਰਦਾ ਹੀ ਸੱਥ ‘ਚੋਂ ਲੰਘੇ,
ਨਹੀਂ ਪਰਵਾਹ ਜੁੜੀ ਬੈਠੀ ਕੋਈ ਝੂਠਾਂ ਦੀ ਢਾਣੀ ਹੈ।