ਹਰਪ੍ਰੀਤ ਸਿੰਘ ਲਲਤੋਂ
ਚਾਰ ਵਜੇ ਕੰਮ ‘ਤੇ ਆਵਾਂ,
ਚਾਹ ਬਣਾਵਾਂ,ਸਭ ਦੇ ਹੱਥ ਫੜਾਵਾਂ,
ਅਜੇ ਮੈਂ ਵਿਹਲੀ ਆਂ।
ਸੱਤ ਵਜੇ ਕਰ ਤਿਆਰ ਨਾਸ਼ਤਾ ,
ਕੱਲੇ ਕੱਲੇ ਜੀਅ ਨੂੰ ਖੁਆਵਾਂ,
ਅਜੇ ਮੈਂ ਵਿਹਲੀ ਆਂ।
ਤਿਆਰ ਕਰਾਂ ਸਕੂਲ ਲਈ ਬੱਚੇ,
ਭੱਜ ਭੱਜ ਕੰਮ ਮੁਕਾਂਵਾਂ,
ਅਜੇ ਮੈਂ ਵਿਹਲੀ ਆ।
ਕੰਮ ਤੇ ਜਾਂਦੇ ਘਰਵਾਲੇ ਹੱਥ,
ਚੱਕ ਕੱਲੀ ਕੱਲੀ ਚੀਜ ਫੜਾਵਾਂ,
ਅਜੇ ਮੈਂ ਵਿਹਲੀ ਆਂ।
ਝਾੜ ਪੂੰਝ ਕਰਕੇ ਘਰ ਦੀ ,
ਝਾੜੂ ਪੋਚੇ ਵੀ ਲਾਵਾਂ,
ਅਜੇ ਮੈਂ ਵਿਹਲੀ ਆਂ।
ਮੈਲੇ ਕੱਪੜੇ ਕਰਕੇ ਇਕੱਠੇ ,
ਪਾਣੀ ਦੇ ਵਿੱਚ ਪਾਵਾਂ
ਅਜੇ ਮੈਂ ਵਿਹਲੀ ਆਂ।
ਰਗੜ ਰਗੜ ਕੇ ਧੋਵਾਂ ,
ਨਿਚੋੜ ਨਿਚੋੜ ਕੇ ਸੁੱਕਣੇ ਪਾਵਾਂ ,
ਅਜੇ ਮੈਂ ਵਿਹਲੀ ਆਂ।
ਦੋ ਵੱਜਦੇ ਆ ਜਾਂਦਾ ਸੱਦਾ,
ਦੁਪਿਹਰ ਦਾ ਅੰਨ ਪਕਾਵਾਂ,
ਅਜੇ ਮੈਂ ਵਿਹਲੀ ਆਂ।
ਟਾਇਮ ਵਿੱਚੋਂ ਟਾਇਮ ਕੱਢ ਕੇ ,
ਦੋ ਰੋਟੀਆਂ ਆਪਣੇ ਢਿੱਡ ਪਾਵਾਂ,
ਅਜੇ ਮੈਂ ਵਿਹਲੀ ਆਂ।
ਪੜ੍ਹਕੇ ਸਕੂਲੋਂ ਮੁੜਨ ਬੱਚੇ ,
ਖਾਣਾ ਉਹਨਾਂ ਨੂੰ ਖੁਆਵਾਂ ,
ਅਜੇ ਮੈਂ ਵਿਹਲੀ ਆਂ।
ਫੁਰਤੀ ਨਾਲ ਸਕੂਲੋਂ ਮਿਲਿਆ.
ਬੱਚਿਆਂ ਨੂੰ ਕੰਮ ਕਰਾਵਾਂ
ਅਜੇ ਮੈਂ ਵਿਹਲੀ ਆਂ।
ਚਾਰ ਵਜੇ ਸਾਮ ਦੀ ਚਾਹ ਦੇ ,
ਮੁੜ ਆਡਰ ਭੁਗਤਾਵਾਂ ,
ਅਜੇ ਮੈਂ ਵਿਹਲੀ ਆਂ।
ਫਿਰ ਭਾਂਡਾ ਟੀਂਡਾ ਧੋ ਕੇ ,
ਪੁੱਛ ਕੇ ਚੁੱਲੇ ਤੇ ਦਾਲ ਚੜਾਵਾਂ
ਅਜੇ ਮੈਂ ਵਿਹਲੀ ਆਂ।
ਤੜਕਾ ਤੁੜਕਾ ਲਾ ਕੇ ਦਾਲ ਨੂੰ ,
ਮਗਰੋਂ ਲਾਂਗਰੀ ਬਣ ਜਾਂਵਾ
ਅਜੇ ਮੈਂ ਵਿਹਲੀ ਆਂ।
ਕੱਲੇ ਕੱਲੇ ਘਰਦੇ ਜੀਅ ਨੂੰ ,
ਰੋਟੀਆਂ ਵੀ ਵਰਤਾਵਾਂ,
ਅਜੇ ਮੈਂ ਵਿਹਲੀ ਆਂ।
ਜੂਠ ਭਾਂਡੇ ਕਰਕੇ ਇਕੱਠੇ,
ਰਗੜ ਰਗੜ ਕੇ ਚਮਕਾਵਾਂ
ਅਜੇ ਮੈਂ ਵਿਹਲੀ ਆਂ।
ਕਰਾਂ ਪ੍ਰੈਸ ਕੱਪੜੇ ਟੱਬਰ ਦੇ ,
ਤਹਿ ਲਾ ਕੇ ਟਿਕਾਵਾਂ ,
ਅਜੇ ਮੈਂ ਵਿਹਲੀ ਆਂ।
ਦੁੱਧ ਸਭ ਨੇ ਪੀਣਾ ਲਾਜਮੀ ,
ਪਰ ਕਦੇ ਮੱਥੇ ਵੱਟ ਨਾਂ ਪਾਵਾਂ
ਅਜੇ ਮੈਂ ਵਿਹਲੀ ਆਂ।
ਥੱਕੀ ਹੰਭੀ ਬਹਿ ਕੇ ਪੀੜੀ ਤੇ ,
ਦੋ ਕੁ ਬੁਰਕੀਆ ਮੂੰਹ ਪਾਵਾਂ,
ਅਜੇ ਮੈਂ ਵਿਹਲੀ ਆਂ।
ਗਿਆਰਾ ਵਜੇ ਤੋਂ ਬਾਅਦ ਹੀ ਲਲਤੋਂ,
ਮੰਜੇ ਨਾਲ ਢੂਹੀਂ ਲਾਵਾਂ,
ਅਜੇ ਮੈਂ ਵਿਹਲੀ ਆਂ।
ਤਈਅੇ ਨਾਲ ਚਾਹੇ ਹੋਵਾਂ ਤੱਪਦੀ ,
ਕੰਮ ਤੋਂ ਨਾਗਾ ਨਾ ਪਾਂਵਾਂ ,
ਅਜੇ ਮੈਂ ਵਿਹਲੀ ਆਂ।
ਧੰਨ ਪਰਾਇਆਂ ਕਹਿੰਦੀਆ ਅਕਸਰ,ਜੰਮਣ ਵਾਲੀਆਂ ਮਾਵਾਂ,
ਬਿਨ ਵੇਤਨ ਦੇ ਘਰ ਦੀ ਗੋਲੀ, ਆਪਣੇ ਸੁਹਰੇ ਘਰ ਕਹਾਵਾਂ,
ਪੈਰ ਦੀ ਜੁੱਤੀ ਖਿਤਾਬ ਮਿਲਿਆਂ, ਲਲਤੋਂ ਮੈਂ ਕਿੱਧਰ ਨੂੰ ਜਾਵਾਂ,
ਸਖਸ਼ੀਅਤ ਹੋਕੇ ਗੁੰਮ ਰਹਿ ਗਈ ਮੇਰੀ, ਤੇ ਮੇਰਾ ਸਿਰਨਾਵਾਂ।