18.1 C
United Kingdom
Sunday, September 6, 2026

More

    ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਰਲ ਮਾਰਕਸ ਦੇ ਜਨਮ ਦਿਨ ‘ਤੇ ਸਮਾਗਮ

    ਮੋਗਾ (ਮਿੰਟੂ ਖੁਰਮੀ)

    ਮਹਾਨ ਫਿਲਾਸਫਰ ਕਾਰਲ ਮਾਰਕਸ ਦੇ 202ਵੇਂ ਜਨਮ ਦਿਨ ‘ਤੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਬੱਧਨੀ ਖੁਰਦ ਵੱਲੋਂ ਪਿੰਡ ਦੇ ਸਰਪੰਚ ਕਾਮਰੇਡ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਹ ਵਿਚਾਰ ਚਰਚਾ ਵਿੱਚ ਕਾਮਰੇਡ ਜਗਰੂਪ ਵੱਲੋਂ “ਕਿਰਤੀਆਂ ਦੀ ਉਜਰਤੀ ਗੁਲਾਮੀ ਦੇ ਖਾਤਮੇ ਦਾ ਰਾਹ ਦਸੇਰਾ : ਕਾਰਲ ਮਾਰਕਸ” ਸਿਰਲੇਖ ਹੇਠਲੇ ਲੇਖ ਉੱਪਰ ਕੀਤੀ ਗਈ। ਚਰਚਾ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆਂ ਦੇ ਕਿਰਤੀ ਸਾਮਰਾਜੀਆਂ ਵਿਰੁੱਧ ਵੱਡੀ ਪੱਧਰ ‘ਤੇ ਲਾਮਬੰਦੀ ਕਰ ਰਹੇ ਸਨ ਜਦੋਂ ਲੁਟੇਰੇ ਘਰਾਣੇ ਹੋਰ ਤੇਜ਼ੀ ਨਾਲ ਲੁੱਟਣਾ ਚਾਹੁੰਦੇ ਹਨ। ਐਨ ਓਸੇ ਵਕਤ ਕਰੋਨਾ ਵਾਇਰਸ ਦਹਿਸ਼ਤ ਹੇਠ ਸਾਮਰਾਜੀ ਤਾਕਤਾਂ ਕਿਰਤ ਦੀ ਧਿਰ ਵਿਰੋਧੀ ਫੈਸਲੇ ਧੋਸ ਕੇ, ਵੱਡੇ ਘਰਾਣਿਆਂ ਦਾ ਹਿੱਤ ਪੂਰ ਰਹੀਆਂ ਹਨ।


    ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਉਜ਼ਰਤਾਂ ਵਿੱਚ ਤੀਹ ਫੀਸਦੀ ਦਾ ਕੱਟ ਲਾਉਣਾ, ਕੰਮ ਦਿਹਾੜੀ ਸਮਾਂ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕਰਨਾ, ਉਕਤ ਮਨਸ਼ਾ ਦਾ ਹੀ ਸਬੂਤ ਹੈ। ਉਨ੍ਹਾਂ ਲੇਖ ਵਿੱਚ ਪੇਸ਼ ਕਾਰਲ ਮਾਰਕਸ ਦੀ ਜੀਵਨੀ ਦੇ ਪੱਖ ‘ਤੇ ਚਰਚਾ ਕਰਨ ਉਪਰੰਤ ਕੰਮ ਦੇ ਘੰਟੇ 8 ਤੋਂ 12 ਕਰਨ ਭਾਵ ਕੰਮ ਦਿਨ 33% ਵਧਾਉਣ ਦੇ ਮਸਲੇ ਨੂੰ ਵਿਸ਼ੇਸ਼ ਤੌਰ ‘ਤੇ ਨੋਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਨੂੰਨੀ ਕੰਮ ਦਿਨ ਵੱਡਾ ਕਰਨ ਦਾ ਸਿੱਧਾ ਸਿੱਧਾ ਮਤਲਬ ਹੈ ਕਿ 33% ਕਾਮਿਆਂ (ਕੰਮ ਤੇ ਲੱਗਿਆਂ) ਦੇ ਢਿੱਡ ਵਿੱਚ ਲੱਤ ਮਾਰਨਾ ਭਾਵ ਕੰਮ ਤੋਂ ਜੁਆਬ ਦੇਣਾ, ਰਹਿੰਦੇ ਕਾਮਿਆਂ ਉੱਪਰ ਕੰਮ ਦਾ 33% ਹੋਰ ਬੋਝ ਪਾਉਣਾ, ਵੱਧ ਕੰਮ ਕਰਨ ਦੇ ਬਾਵਜੂਦ ਖ੍ਰੀਦ ਸ਼ਕਤੀ ਦਾ 33% ਹੋਰ ਘੱਟ ਕਰ ਦੇਣਾ ਹੈ ਅਤੇ ਮਾਲਕ ਜਮਾਤ ਦੇ ਮੁਨਾਫੇ ਵਿੱਚ 33% ਦਾ ਹੋਰ ਵਾਧਾ, ਭਾਵ ਕਿਰਤ ਦੀ ਧਿਰ ਤੋਂ ਲੁੱਟ ਲੈਣਾ ਹੈ। ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਭਾਵੇਂ ਆਰ ਐੱਸ ਐੱਸ ਨਿਰਦੇਸ਼ਤ ਮੋਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਿਰਤ ਦੀ ਧਿਰ ਵਿਰੋਧੀ ਕਦਮਾਂ ਕਾਰਨ ਅਖੌਤੀ ਰਾਸ਼ਟਰਵਾਦ ਦਾ ਭਾਂਡਾ ਆਏ ਦਿਨ ਚੁਰਾਹੇ ਵਿੱਚ ਭੱਜ ਰਿਹਾ ਹੈ, ਪਰ ਕਿਰਤ ਦੀ ਧਿਰ ਵੱਲੋਂ ਲੇਖ ਵਿੱਚ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤੇ ਜੰਗਜੂ ਜਮਾਤੀ ਨਾਹਰੇ “ਛੁਟੇਰੀ ਕੰਮ ਦਿਹਾੜੀ” ਨੂੰ ਦੁਨੀਆਂ ਪੱਧਰ ‘ਤੇ ਬੁਲੰਦ ਕਰਨਾ ਅੱਜ ਦੇ ਆਟੋ ਮਿਸ਼ਨ ਨਾਲ ਲੈਸ ਜ਼ਮਾਨੇ ਦੀ ਅਣਸਰਦੀ ਲੋੜ ਹੈ। ਕਿਉਂਕਿ ਅਜਿਹਾ ਕੀਤੇ ਬਗੈਰ ਕੰਮ ਤੋਂ ਬਾਹਰ ਬੈਠਿਆਂ ਨੂੰ ਕੰਮ (ਰੁਜ਼ਗਾਰ) ‘ਤੇ ਨਹੀਂ ਲਿਆਂਦਾ ਜਾ ਸਕਦਾ ਅਤੇ ਜਿਨ੍ਹਾਂ ਚਿਰ ਇੱਕ ਵੀ ਕਾਮਾਂ ਕੰਮ ਤੋਂ ਬਾਹਰ (ਬੇਰੁਜ਼ਗਾਰ ) ਹੈ ਉਜਰਤੀ ਗੁਲਾਮੀ ਦੇ ਰਾਹ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ।


    ਉਹਨਾਂ ਕਿਹਾ ਕਿ ਮੌਜੂਦਾ ਸਮੇਂ ਜਵਾਨੀ ਅਤੇ ਲੋਕਾਂ ਨੂੰ ਬਚਾਉਣ ਵਾਸਤੇ ਪੱਕਾ ਰੁਜ਼ਗਾਰ ਲੋੜਾਂ ਦੀ ਲੋੜ ਹੈ। ਇਸ ਲਈ ਦੇਸ਼ ਵਿੱਚ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਨੂੰਨ” ਚਾਹੀਦਾ। ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਪਹਿਲੋਂ ਰੁਜ਼ਗਾਰ ਵਿੱਚ ਲੱਗਿਆਂ ਦੇ ਬੋਝ ਨੂੰ ਹਲਕਾ ਕਰਨ ਲਈ “ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ” ਚਾਹੀਦੀ ਹੈ।


    ਇਸ ਮੌਕੇ ਨੌਜਵਾਨ ਆਗੂ ਜਸਪ੍ਰੀਤ ਕੌਰ, ਵਿਦਿਆਰਥੀ ਆਗੂ ਨਵਕਿਰਨ ਕੌਰ ਤੋਂ ਇਲਾਵਾ ਐਡਵੋਕੇਟ ਪਵਨਦੀਪ ਕੌਰ, ਬਿੱਕਰ ਸਿੰਘ, ਦਵਿੰਦਰ ਸਿੰਘ ਕਾਕਾ, ਜੱਗਰ ਸਿੰਘ (ਸਾਰੇ ਮੈਂਬਰ ਪੰਚਾਇਤ) ਚਮਕੌਰ ਸਿੰਘ, ਮੋਹਣ ਸਿੰਘ, ਹੁਸ਼ਿਆਰ ਸਿੰਘ, ਗੁਰਮੇਲ ਸਿੰਘ ਧੱਕੜ, ਜਸਵਿੰਦਰ ਸਿੰਘ ਕਾਕਾ, ਕੁਲਵੰਤ ਸਿੰਘ ਪ੍ਰੇਮੀ, ਬੌਰਾ ਸਿੰਘ, ਬੂਟਾ ਸਿੰਘ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!