ਹਰਪ੍ਰੀਤ ਸਿੰਘ ਲਲਤੋਂ
ਹੱਥਾਂ ਦੇ ਵਿੱਚ ਦਾਤੀਆਂ ,ਪੱਲੀਆਂ ਤੇ ਰੰਬੇ ਨੇ,
ਸ਼ਿਕਾਰ ਕਾਣੀ ਵੰਡ ਦੇ ,ਜਾਂ ਵਕਤ ਦੇ ਝੰਬੇ ਨੇ,
ਅੱਜ ਵੀ ਇਹਨਾਂ ਦੇ ਆਸ਼ਿਆਨੇ ,ਉੱਤੇ ਛੱਪੜ ਦੇ ਕੰਢਿਆਂ ਦੇ,
ਕਾਮਿਆਂ ਦੀ ਕਿਸਮਤ ਨਾ ਬਦਲੀ, ਬਦਲੇ ਰੰਗ ਝੰਡਿਆਂ ਦੇ।
ਜੇਠ ਹਾੜ ਦੀ ਕੜਕਦੀ ਧੁੱਪੇ, ਮਚਾ ਕੇ ਦੇਹ ਆਪਣੀ,
ਦੋ ਡੰਗ ਖਾਣ ਲਈ ਰੋਟੀ ,ਕਮਾਉਂਦੇ ਨੇ ਇਹ ਆਪਣੀ,
ਪੋਹ ਮਾਘ ਦਾ ਪਾਲਾ ਵੀ ,ਸਦਾ ਕੋਸਾ ਕੋਸਾ ਨਿੱਘ ਦੇਵੇ,
ਇਹ ਹੰਝੂਆਂ ਦੇ ਪਾਣੀ ਨਾਲ ,ਬੁਝਾ ਲੈਂਦੇ ਨੇ ਤ੍ਰੇਹ ਆਪਣੀ,
ਹਰ ਮੁਸ਼ਕਿਲ ਲੱਗੇ ਬੌਣੀਂ,ਅੱਗੇ ਮਜਬੂਰੀ ਦੇ ਚੰਡਿਆਂ ਦੇ,
ਕਾਮਿਆਂ ਦੀ ਕਿਸਮਤ ਨਾ ਬਦਲੀ…….।
ਪੂੰਜੀ ਇਨਾਂ ਦੀ ਗ਼ੁਰਬਤ ,ਅਤੇ ਤਰਸ਼ ਦੇ ਪਾਤਿਰ ਨੇ,
ਕੁੱਖ ਤੋਂ ਕਬਰ ਤੱਕ ਇਹ ਤਾਂ ,ਸੰਘਰਸ਼ ਦੇ ਪਾਤਿਰ ਨੇ,
ਇਹਨੇ ਦੁੱਖਾਂ ਦੇ ਸੰਗੀ ਸਾਥੀ ,ਉਮਰਾਂ ਉਮਰਾਂ ਦੇ,
ਪਲ ਦੋ ਪਲ ਲਈ ਵੀ ਨਾ ,ਇਹ ਹਰਸ਼ ਦੇ ਪਾਤਿਰ ਨੇ।
ਜਿੰਮੇਵਾਰੀ ਲੋੜਾਂ ਦੀ ਲੱਦੀ ਰਹਿੰਦੀ ,ਸਦਾ ਉੱਤੇ ਕੰਧਿਆਂ ਦੇ,
ਕਾਮਿਆਂ ਦੀ ਕਿਸਮਤ ਨਾ ਬਦਲੀ………।
ਕਈ ਝੰਡਾ ਬਰਦਾਰ ਬਣੇ ,ਹੱਕਾਂ ਲਈ ਲੈ ਤੁਰੇ ਕਾਫ਼ਲਾ,
ਪਰ ਅਮੀਰੀ ਗਰੀਬੀ ਦਾ ਨਾ ,ਘੱਟ ਹੋਇਆ ਫ਼ਾਸਲਾ,
ਸਦਾ ਹੀ ਵੱਟ ਲਿਆ ਮੁੱਲ ਵਿਖਾ ਕੇ ,ਭੀੜ ਮਜ਼ਦੂਰਾਂ ਦੀ,
ਆਪਣਾ ਹੀ ਆਪਣਿਆਂ ਦਾ,ਬਣਿਆ ਹੋਇਆ ਕਾਤਿਲ ਆ,
ਅਵਾਜ਼ ਦੱਬ ਕੇ ਰਹਿ ਜਾਵੇ ਲਲਤੋਂ,ਅੱਗੇ ਪੁਲਿਸ ਦੇ ਡੰਡਿਆਂ ਦੇ,
ਕਾਮਿਆਂ ਦੀ ਕਿਸਮਤ ਨਾ ਬਦਲੀ……….।
