ਬ੍ਰਿਸਬੇਨ (ਦਲਵੀਰ ਹਲਵਾਰਵੀ) ਆਸਟ੍ਰੇਲੀਆ ਦੀ ਸਿਰਮੌਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੌਰੇ ਤੇ ਆਏ ਨਾਮਵਰ ਗਾਇਕ, ਸਾਬਕਾ ਮੈਂਬਰ ਪਾਰਲੀਮੈਂਟ ਪਦਮ ਸ੍ਰੀ ਹੰਸ ਰਾਜ ਹੰਸ ਦੇ ਸਵਾਗਤ ਵਿਚ ਇਕ ਸਮਾਗਮ ਉਲੀਕਿਆ ਗਿਆ। ਇਸ ਮੌਕੇ ਸ਼ੋਅ ਆਯੋਜਕ ਡਿੰਪਲ ਕੁਮਾਰ ਦੇ ਸਹਿਯੋਗ ਨਾਲ ਹੰਸ ਰਾਜ ਹੰਸ ਵੱਲੋਂ ਹਾਜ਼ਰੀ ਭਰੀ ਗਈ ਹੈ। ਹੰਸ ਰਾਜ ਹੰਸ ਨੇ ਆਪਣੀ ਇਸ ਸੰਖੇਪ ਫੇਰੀ ਦੌਰਾਨ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ, ਇਨ੍ਹਾਂ ਯਤਨਾਂ ਨੂੰ ਬਹੁਤ ਵਡਮੁੱਲੇ ਦੱਸਿਆ ਅਤੇ ਇਪਸਾ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਮਰਹੂਮ ਹਸਤੀਆਂ ਨੂੰ ਯਾਦ ਕਰਦਿਆਂ ਲਗਾਈ ਪੋਰਟਰੇਟਾਂ ਦੀ ਲੜੀ ਨੂੰ ਇੱਕ ਇਤਿਹਾਸਿਕ ਪਹਿਲਕਦਮੀ ਆਖਿਆ। ਉਨ੍ਹਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਪਿਛਲੇ ਅਰਸੇ ਦੌਰਾਨ ਵਿਛੜੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਦਾ ਪੋਰਟਰੇਟ ਲਾਇਬ੍ਰੇਰੀ ਦੇ ਹਾਲ ਆਫ਼ ਫੇਮ ਵਿਚ ਲਗਾਇਆ ਗਿਆ।
ਹੰਸ ਰਾਜ ਹੰਸ ਜੀ ਆਪਣੇ ਗਾਇਕੀ ਦੇ ਸਫ਼ਰ ਦੇ ਕਈ ਖ਼ਾਸ ਵਾਕਿਆਤ ਸਾਂਝੇ ਕੀਤੇ। ਨਿਰਮਲ ਸਿੰਘ ਦਿਓਲ ਨੇ ਹੰਸ ਰਾਜ ਹੰਸ ਜੀ ਦੀ ਗਾਇਕੀ ਬਾਰੇ ਅਤੇ ਨਿੱਜੀ ਸੰਬੰਧਾਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਜਰਨੈਲ ਸਿੰਘ ਬਾਸੀ, ਗੀਤਕਾਰ ਨਿਰਮਲ ਸਿੰਘ ਦਿਓਲ, ਸਰਬਜੀਤ ਸੋਹੀ, ਡਿੰਪਲ ਕੁਮਾਰ ਅਤੇ ਦੀਪਇੰਦਰ ਸਿੰਘ ਆਦਿ ਪ੍ਰਮੁਖ ਚਿਹਰੇ ਹਾਜ਼ਰ ਸਨ।