ਜੱਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਡੀ ਸੀ ਮੋਗਾ ਨੂੰ ਮਿਲ ਕੇ ਕੀਤੀ ਕਨੂੰਨੀ ਕਾਰਵਾਈ ਦੀ ਮੰਗ।
ਸੰਵਿਧਾਨਕ ਹੱਕਾਂ ਤੇ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਕੋਕਰੀ, ਦੀਪ ਸਿੰਘ ਵਾਲਾ।

21 ਜੁਲਾਈ ਨੂੰ ਡੀ ਸੀ ਦਫਤਰ ਮੋਗਾ ਪਹੁੰਚਣ ਦਾ ਸੱਦਾ
ਮੋਗਾ 18 ਜੁਲਾਈ (ਪੰਜ ਦਰਿਆ ਬਿਊਰੋ) : 15 ਜੁਲਾਈ ਨੂੰ ਮੋਗਾ ਜਿਲ੍ਹੇ ਦੇ ਪਿੰਡਾਂ ਖੋਸਾ ਪਾਂਡੋ ਅਤੇ ਖੁਖਰਾਣਾ ਅਤੇ ਮੋਗਾ ਸ਼ਹਿਰ ਵਿੱਚ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮੋਗਾ ਦੇ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਦੇ ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਨਸ਼ੇ ਵਿੱਚ ਟੁੰਨ ਹੋ ਕੇ ਅਤੇ ਮੂੰਹ ਬੰਨ੍ਹ ਕੇ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪ੍ਰਦਰਸਨਕਾਰੀਆਂ ਦੇ ਗਲ ਪੈਣ, ਧੱਕਾ-ਮੁੱਕੀ ਕਰਨ, ਡੱਕ ਕੇ ਰੱਖਣ ਅਤੇ ਸੰਵਿਧਾਨਕ ਹੱਕਾਂ ਦੇ ਕੀਤੇ ਗਏ ਘਾਣ ਦਾ ਮਸਲਾ ਪੰਜਾਬ ਪੱਧਰ ਤੇ ਤੂਲ ਫੜਦਾ ਜਾ ਰਿਹਾ ਹੈ ਤੇ ਸੰਘਰਸਸ਼ੀਲ ਜੱਥੇਬੰਦੀਆਂ ਵੱਲੋਂ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ 21 ਜੁਲਾਈ ਨੂੰ ਡੀ ਸੀ ਦਫਤਰ ਮੋਗਾ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਇਤਿਹਾਸਕ ਬਨਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੁਆਰਾ ਭਾੜੇ ਦੇ ਗੁੰਡੇ ਭੇਜ ਕੇ ਕਰਵਾਈ ਗਈ ਗੁੰਡਾਗਰਦੀ ਨੂੰ ਗੰਭੀਰ ਮਸਲਾ ਸਮਝਦਿਆਂ ਅੱਜ ਸੰਘਰਸ਼ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਦੀਆਂ ਸੂਬਾਈ ਕਮੇਟੀਆਂ ਦੇ ਆਗੂਆਂ ਦਾ ਇੱਕ 17 ਮੈਂਬਰੀ ਵਫਦ ਸੁਖਦੇਵ ਸਿੰਘ ਕੋਕਰੀ ਕਲਾਂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕਸ਼ਮੀਰ ਘੁੱਗਸ਼ੋਰ, ਕਾਮਰੇਡ ਸੂਰਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੂੰ ਮਿਲਿਆ ਤੇ ਇਸ ਘਟਨਾ ਤੇ ਸਖਤ ਇਤਰਾਜ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਸ ਦੀ ਲਿਖਤੀ ਸ਼ਿਕਾਇਤ ਸੌਂਪਦਿਆਂ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਮੋਗਾ ਨੇ ਵਫਦ ਨੂੰ ਕਨੂੰਨੀ ਹੱਕਰਸੀ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਸੂਰਤ ਸਿੰਘ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਘੁੱਗਸ਼ੋਰ ਨੇ ਕਿਹਾ ਕਿ ਅਸੀਂ ਪ੍ਧਾਨ ਮੰਤਰੀ ਦੇ ਵੀ ਪੁਤਲੇ ਫੂਕਦੇ ਹਾਂ ਪਰ ਅੱਜ ਤੱਕ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਨੇ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕੀਤੀ ਪਰ ਅੰਦੋਲਨ ਵਿੱਚੋਂ ਨਿਕਲਣ ਵਾਲੀ ਪਾਰਟੀ ਵੱਲੋਂ ਅਜਿਹੇ ਵਰਤਾਰੇ ਨੂੰ ਬਰਦਾਸ਼ਤ ਨਾ ਕਰ ਪਾਉਣਾ ਇਨ੍ਹਾਂ ਦੀ ਯੋਗਤਾ ਅਤੇ ਸਮਝ ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦੇ ਜਵਾਬ ਹਰ ਉਸ ਆਮ ਸ਼ਹਿਰੀ ਨੂੰ ਪਤਾ ਹੋਣੇ ਜਰੂਰੀ ਹਨ, ਜੋ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ ਤੇ ਆਪਣੇ ਬੱਚਿਆਂ ਲਈ ਇਨ੍ਹਾਂ ਹੱਕਾਂ ਨੂੰ ਬਹਾਲ ਰੱਖਣਾ ਚਾਹੁੰਦਾ ਹੈ। ਉਨ੍ਹਾਂ ਮੋਗਾ ਜਿਲ੍ਹੇ ਨਾਲ ਸਬੰਧਤ ਸਮੂਹ ਮੁਲਾਜ਼ਮ, ਮਜਦੂਰ, ਕਿਸਾਨ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਇਸ ਜਬਰ ਵਿਰੁੱਧ ਡਟ ਕੇ ਖੜ੍ਹੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਆਪਣੇ ਸੰਵਿਧਾਨਕ ਹੱਕਾਂ ਤੇ ਪਹਿਰਾ ਦੇਣ ਦਾ ਵਕਤ ਹੈ, ਜੇ ਅਸੀਂ ਨਾ ਉਠੇ ਤਾਂ ਇਹ ਲੋਕ ਸਾਨੂੰ ਘਰਾਂ ਵਿੱਚ ਵੀ ਚੈਨ ਨਾਲ ਜੀਣ ਨਹੀਂ ਦੇਣਗੇ। ਇਸ ਲਈ 21 ਜੁਲਾਈ ਨੂੰ ਵਹੀਰਾਂ ਘੱਤ ਕੇ ਵੱਡੀ ਗਿਣਤੀ ਵਿੱਚ ਡੀ ਸੀ ਦਫਤਰ ਮੋਗਾ ਪਹੁੰਚੋ ਅਤੇ ਇਸ ਸਰਕਾਰ ਨੂੰ ਕਰਾਰਾ ਜਵਾਬ ਦਿਓ। ਇਸ ਮੌਕੇ ਉਕਤ ਤੋਂ ਇਲਾਵਾ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਦੇ ਕਨਵੀਨਰ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ, ਕੋ ਕਨਵੀਨਰ ਬਲੌਰ ਸਿੰਘ ਘੱਲਕਲਾਂ, ਮਾ ਪ੍ਰੇਮ ਕੁਮਾਰ, ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਰਾਜਿੰਦਰ ਸਿੰਘ, ਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕੁਲਦੀਪ ਸਿੰਘ ਭੋਲਾ ਅਤੇ ਜਗਸੀਰ ਖੋਸਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਨੌਜਵਾਨ ਭਾਰਤ ਸਭਾ ਦੇ ਜਿਲ੍ਹਾ ਆਗੂ ਰਾਜਿੰਦਰ ਰਾਜੇਆਣਾ, ਜਗਸੀਰ ਖੋਸਾ, ਐਪਸੋ ਪੰਜਾਬ ਦੇ ਆਗੂ ਸਵਰਨ ਖੋਸਾ, ਡੀ ਟੀ ਐਫ ਆਗੂ ਕ੍ਰਿਸ਼ਨ ਪ੍ਰਤਾਪ, ਪੈਨਸ਼ਨਰ ਆਗੂ ਅਮਰਜੀਤ ਸਿੰਘ ਆਦਿ ਹਾਜਰ ਸਨ।