6.7 C
United Kingdom
Saturday, April 19, 2025

More

    ਆਓ ਕਿਤਾਬਾਂ ਨੂੰ ਬਜਟ ਵਿੱਚ ਥਾਂ ਦੇਈਏ…

    ਹਰ ਕੋਈ ਆਪਣੀ ਆਮਦਨ, ਜ਼ਰੂਰਤਾਂ, ਖਰਚ ਆਦਿ ਦੇ ਅਨੁਸਾਰ ਆਪਣਾ ਨਿਰਧਾਰਿਤ ਬਜਟ ਨਿਸ਼ਚਿਤ ਕਰਕੇ ਯੋਜਨਾਬੰਦੀ ਬਣਾ ਰੱਖਦਾ ਹੈ। ਇਸ ਯੋਜਨਾਬੰਦੀ ਵਿੱਚ ਅਨੇਕਾਂ ਵਸਤਾਂ, ਜ਼ਰੂਰਤਾਂ , ਖਰੀਦਦਾਰੀਆਂ, ਮਨੋਰੰਜਨ ਸਾਧਨਾਂ ਅਤੇ ਮੁਢਲੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਜੋ ਕਿ ਘਰ – ਪਰਿਵਾਰ ਚਲਾਉਣ ਲਈ ਬਹੁਤ ਜ਼ਰੂਰੀ ਹੈ , ਪਰ ਅਕਸਰ ਦੇਖ਼ਣ ਵਿੱਚ ਆਉਂਦਾ ਹੈ ਕਿ ਅਸੀਂ ਆਪਣੀਆਂ ਵੱਖ – ਵੱਖ ਜ਼ਰੂਰਤਾਂ ਅਤੇ ਲੋੜਾਂ ਦੇ ਅਨੁਸਾਰ ਤਾਂ ਪੈਸੇ ਦਾ ਪ੍ਰਬੰਧ ਕਰਦੇ ਹੀ ਹਾਂ , ਪਰ ਆਪਣੇ ਬੌਧਿਕ ਤੇ ਮਾਨਸਿਕ ਵਿਕਾਸ ਦੇ ਲਈ ਇਸ ਵੱਲ ਉਚੇਚਾ ਧਿਆਨ ਦੇਣ ਤੋਂ ਅਵੇਸਲੇ ਹੋ ਜਾਂਦੇ ਹਾਂ । ਇਸ ਤੋਂ ਇਲਾਵਾ ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਅਸੀਂ ਜਦੋਂ ਵੀ ਬਾਜ਼ਾਰ ਆਦਿ ਵਿੱਚ ਖਰੀਦਦਾਰੀ ਕਰ ਰਹੇ ਹੁੰਦੇ ਹਾਂ , ਤਾਂ ਹੋਰ ਸਸਤੀ ਤੇ ਮਹਿੰਗੀ ਵੱਖ – ਵੱਖ ਤਰ੍ਹਾਂ ਦੀ ਖਰੀਦਦਾਰੀ ਕਰਦੇ ਹੀ ਹਾਂ ਅਤੇ ਕਾਫੀ ਖ਼ਰਚਾ ਵੀ ਕਰਦੇ ਹਾਂ , ਪਰ ਚੰਗੀਆਂ ਅਤੇ ਜੀਵਨ ਸੇਧ ਦੇਣ ਵਾਲੀਆਂ ਕਿਤਾਬਾਂ – ਰਸਾਲੇ ਆਦਿ ਖ਼ਰੀਦਣ ਤੋਂ ਗੁਰੇਜ਼ ਕਰਨ ਲੱਗ ਪੈਂਦੇ ਹਾਂ ਅਤੇ ਅਜਿਹੀ ਖਰੀਦਦਾਰੀ ਵੱਲ ਬਹੁਤਾ ਧਿਆਨ ਨਹੀ ਦਿੰਦੇ । ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਵੀਹ ਤੋਂ ਪੰਜਾਹ ਲੱਖ ਰੁਪਏ ਤੱਕ ਦੀ ਬਣਾਈ ਕੋਠੀ /ਘਰ ਵਿੱਚ ਹੋਰ ਭੌਤਿਕ ਸੁੱਖ – ਸਹੂਲਤਾਂ ਦੇ ਸਾਧਨਾਂ ਦੀ ਤਾਂ ਬਹੁਤ ਭਰਮਾਰ ਹੁੰਦੀ ਹੈ , ਪਰ ਇੰਨੀ ਮਹਿੰਗੀ ਕੋਠੀ ਜਾਂ ਘਰ ਵਿੱਚ ਕੋਈ ਕਿਤਾਬ ਲੱਭਿਆਂ ਵੀ ਨਹੀਂ ਮਿਲਦੀ । ਜੋ ਕਿ ਸਾਡੇ ਲਈ, ਸਾਡੇ ਸਮਾਜ ਲਈ ਅਤੇ ਸਾਡੇ ਪਰਿਵਾਰ ਦੇ ਲਈ ਬਹੁਤ ਚਿੰਤਾ ਵਾਲੀ ਗੱਲ ਹੈ, ਕਿਉਂਕਿ ਘਰ – ਪਰਿਵਾਰ ਵਿੱਚ ਮੌਜੂਦ ਕਿਤਾਬਾਂ , ਰਸਾਲੇ , ਅਖਬਾਰਾਂ ਆਦਿ ਪਰਿਵਾਰਕ ਜੀਆਂ ਦੇ ਬੌਧਿਕ ਪੱਧਰ , ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਗਿਆਨ ਦੀ ਝਲਕ ਹੁੰਦੀਆਂ ਹਨ । ਇੱਥੋਂ ਹੀ ਪਰਿਵਾਰ ਦੀ ਬੌਧਿਕਤਾ, ਸੋਚ ਅਤੇ ਗਿਆਨ ਦਾ ਪਤਾ ਲੱਗਦਾ ਹੈ । ਇਸ ਵਿੱਚ ਕੋਈ ਦੋ – ਰਾਏ ਨਹੀਂ ਕਿ ਬੋਧਿਕ ਖੁਸ਼ਹਾਲੀ , ਬੋਧਿਕ ਪ੍ਰਫੁੱਲਤਾ ਅਤੇ ਬੌਧਿਕ ਤੇ ਮਾਨਸਿਕ ਵਿਕਾਸ ਦੇ ਲਈ ਚੰਗੀਆਂ ਕਿਤਾਬਾਂ ਅਤੇ ਰਸਾਲਿਆਂ ਦੀ ਹੀ ਬਹੁਤ ਵੱਡੀ , ਮਹੱਤਵਪੂਰਨ ਅਤੇ ਅਹਿਮ ਭੂਮਿਕਾ ਹੁੰਦੀ ਹੈ ।ਇਹ ਪੁਸਤਕਾਂ ਸਾਨੂੰ ਉਚੇਚਾ ਗਿਆਨ ਪ੍ਰਦਾਨ ਕਰਕੇ ਸਾਡਾ ਬੋਧਿਕ ਪੱਧਰ ਉੱਚਾ ਤੇ ਸੁੱਚਾ ਬਣਾ ਦਿੰਦੀਆਂ ਹਨ । ਜਿਸ ਬਾਰੇ ਕਿ ਅਸੀਂ ਕਈ ਵਾਰ ਸੋਚ ਵੀ ਨਹੀਂ ਸਕਦੇ । ਚੰਗੀਆਂ ਕਿਤਾਬਾਂ – ਰਸਾਲੇ ਸਾਡੀ ਸ਼ਬਦਾਵਲੀ ਵਿੱਚ ਵਾਧਾ ਕਰਦੇ ਹੀ ਹਨ , ਨਾਲ ਹੀ ਦੇਸ਼ – ਵਿਦੇਸ਼ , ਇਤਿਹਾਸ , ਤੱਤਕਾਲੀਨ ਸਮੇਂ ਬਾਰੇ ਅਤੇ ਹੋਰ ਜਾਗਰੂਕਤਾ ਪੈਦਾ ਕਰਕੇ ਸਾਨੂੰ ਸੂਝਵਾਨ ਨਾਗਰਿਕ ਵੀ ਬਣਾਉਂਦੇ ਹਨ । ਅਸੀਂ ਚੰਗੀਆਂ ਕਿਤਾਬਾਂ ਪੜ੍ਹ ਕੇ ਅਤੇ ਚੰਗੇ ਰਸਾਲੇ ਪੜ੍ਹ ਕੇ ਚੰਗੇ ਮੁਕਾਮ ਵੀ ਹਾਸਲ ਕਰ ਸਕਦੇ ਹਾਂ । ਚੰਗੀਆਂ ਪੁਸਤਕਾਂ ਤੇ ਚੰਗੇ ਰਸਾਲਿਆਂ ਦੀ ਸਿਫ਼ਤ ਕਰਨਾ ਸ਼ਾਇਦ ਕਲਮ ਦੇ ਵੱਸ ਵਿੱਚ ਨਹੀਂ ਹੈ । ਚੰਗੀਆਂ ਕਿਤਾਬਾਂ ਸਾਨੂੰ ਕੀ ਕੁਝ ਦੇ ਛਡਦੀਆਂ ਹਨ , ਇਹ ਤਾਂ ਕਿਤਾਬਾਂ ਪੜ੍ਹਨ ਵਾਲੇ ਕਿਤਾਬਾਂ ਦੇ ਰਸੀਏ ਹੀ ਜਾਣ ਸਕਦੇ ਹਨ । ਚੰਗੀਆਂ ਕਿਤਾਬਾਂ ਪੜ੍ਹਣਾ ਸਾਡੀ ਰੂਹ ਦੀ ਖ਼ੁਰਾਕ ਲਈ ਬਹੁਤ ਹੀ ਜ਼ਰੂਰੀ ਹੈ । ਵਿਦਵਾਨਾਂ ਦਾ ਵੀ ਕਥਨ ਹੈ ਕਿ ਕਿਤਾਬਾਂ ਪੜ੍ਹਨਾ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਹੈ। ਸਾਡੇ ਮਹਾਨ ਵਿਦਵਾਨ , ਮਹਾਂਪੁਰਖ , ਬੁੱਧੀਜੀਵੀ ਤੇ ਦੇਸ਼ ਭਗਤ ਕਿਸੇ ਨਾ ਕਿਸੇ ਤਰ੍ਹਾਂ ਚੰਗੀਆਂ ਕਿਤਾਬਾਂ , ਚੰਗੇ ਰਸਾਲਿਆਂ , ਅਖ਼ਬਾਰਾਂ ਆਦਿ ਨਾਲ ਜੁੜੇ ਹੀ ਰਹੇ। ਕਿਤਾਬਾਂ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ , ਉੱਥੇ ਸਾਨੂੰ ਵੱਡੇ – ਵੱਡੇ ਮੁਕਾਮ ਵੀ ਹਾਸਲ ਕਰਵਾਉਣ ਵਿਚ ਸਾਡੀ ਸਹਇਤਾ ਕਰਦੀਆਂ ਹਨ। ਇਸ ਸਭ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬਜਟ ਵਿੱਚ ਚੰਗੀਆਂ ਕਿਤਾਬਾਂ , ਚੰਗੇ ਰਸਾਲਿਆਂ ਅਤੇ ਅਖ਼ਬਾਰਾਂ ਨੂੰ ਜ਼ਰੂਰ ਥਾਂ ਦੇਈਏ , ਤਾਂ ਜੋ ਘਰ ਦੇ ਵਿੱਚ ਹੋਰ ਸਾਰੇ ਵਿਕਾਸ ਹੋਣ ਦੇ ਨਾਲ – ਨਾਲ ਪਰਿਵਾਰ ਦਾ ਬੌਧਿਕ ਤੇ ਮਾਨਸਿਕ ਵਿਕਾਸ ਵੀ ਜ਼ਰੂਰ ਹੋਵੇ ਅਤੇ ਜੇਕਰ ਘਰ ਦੇ ਵਿੱਚ ਨਿਰਧਾਰਿਤ ਥਾਂ ‘ਤੇ ਛੋਟੀ -ਵੱਡੀ ਲਾਇਬ੍ਰੇਰੀ ਬਣਾ ਲਈ ਜਾਵੇ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ ; ਕਿਉਂਕਿ ਕਿਤਾਬਾਂ ਸਾਡੇ ਦਿਲ – ਦਿਮਾਗ ਦੀਆਂ ਖਿੜਕੀਆਂ ਅਤੇ ਰੋਸ਼ਨਦਾਨ ਵਾਂਗ ਹੀ ਹੁੰਦੀਆਂ ਹਨ । ਇੱਥੇ ਹੀ ਬੱਸ ਨਹੀਂ ਕਿ ਕਿਤਾਬਾਂ ਲਈ ਢੁੱਕਵਾਂ ਬਜਟ ਬਣਾ ਲਿਆ ਜਾਵੇ ਜਾਂ ਘਰ ਵਿੱਚ ਛੋਟੀ – ਮੋਟੀ ਲਾਇਬ੍ਰੇਰੀ ਬਣਾ ਲਈ ਜਾਵੇ , ਸਗੋਂ ਇਹ ਵੀ ਬਹੁਤ ਜ਼ਰੂਰੀ ਹੈ ਕਿ ਖਰੀਦੀਆਂ ਗਈਆਂ ਪੁਸਤਕਾਂ – ਰਸਾਲਿਆਂ ਨੂੰ ਜ਼ਰੂਰ ਹੀ ਸਮਾਂ ਕੱਢ ਕੇ ਪੜਿਆ ਵੀ ਜਾਵੇ ਅਤੇ ਪਰਿਵਾਰਕ ਮੈਂਬਰਾਂ ਅਤੇ ਸਬੰਧੀਆਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਜਾਵੇ । ਕਦੇ ਵੀ ਇਹ ਭੁੱਲ ਨਹੀਂ ਕਰਨੀ ਚਾਹੀਦੀ ਕਿ ਕਿਤਾਬਾਂ ਪੜ੍ਹਨੀਆਂ ਤਾਂ ਸਮਾਂ ਵਿਅਰਥ ਗਵਾਉਣ ਵਾਲ਼ੀ ਗੱਲ ਹੈ । ਕਿਉਂਕਿ ਕਿਤਾਬਾਂ ਨਾਲ ਪਾਇਆ ਪਿਆਰ ਅਤੇ ਕਿਤਾਬਾਂ ਲਈ ਦਿੱਤਾ ਗਿਆ ਸਮਾਂ ਜ਼ਿੰਦਗੀ ਵਿੱਚ ਸਾਨੂੰ ਕੁਝ ਨਾ ਕੁਝ ਕਦੇ ਨਾ ਕਦੇ ਜ਼ਰੂਰ ਕੁੱਝ ਦੇ ਕੇ ਹੀ ਜਾਂਦਾ ਹੈ ।

    ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ,

    ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ

    ਸ੍ਰੀ ਅਨੰਦਪੁਰ ਸਾਹਿਬ

    9478561356.

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!