‘‘ਜਥੇਦਾਰ’’ ਦਾਦੂਵਾਲ ਵੱਲੋਂ ਦੋਸੀ ਤਾਂਤਰਿਕ ਦਾ ਸਿਰਪਾਓ ਪਾ ਕੇ ਸਨਮਾਨ ਇਕ ਕਲੰਕ- ਭਾਈ ਜੱਗੀ ਬਾਬਾ, ਬਲਜਿੰਦਰ ਸਿੰਘ ਕੋਟਭਾਰਾ
ਬਠਿੰਡਾ, 29 ਮਾਰਚ (ਯਾਦਵਿੰਦਰ ਸਿੰਘ ਭਾਰੂ) ਕੋਟ ਫ਼ੱਤਾ ’ਚ ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦੇਣ ਦੇ ਮੁੱਖ ਦੋਸੀ ਤਾਂਤਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਦਾ ‘‘ਜਥੇਦਾਰ’’ ਬਲਜੀਤ ਸਿੰਘ ਦਾਦੂਵਾਲ ਵੱਲੋਂ ਗੁਰਦੁਆਰਾ ਸਾਹਿਬ ਵਿਚ ਸਿਰਪਾਓ ਦੇ ਕੇ ਸਨਮਾਨ ਕਰਨ ਦਾ ਇਨਸਾਫ਼ ਕਮੇਟੀ ਦੇ ਆਗੂਆਂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਪ੍ਰੈਸ ਅੱਗੇ ਪਰਦਾਫ਼ਾਸ ਕੀਤਾ। ਬਠਿੰਡਾ ਵਿਚ ਮੀਡੀਆ ਨੂੰ ਸੰਬੋਧਨ ਕਰਦਿਆ ਉਹਨਾਂ ਦੂਹਰੇ ਕਤਲ ਕਾਂਡ ਦੇ ਮੁਖ ਦੋਸੀ ਤਾਂਤਰਿਕ ਲੱਖੀ ਦਾ ‘ਜਥੇਦਾਰ’ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਨਮਾਨ ਕਰਨ ਤੇ ਫਿਰ ਉਸ ਦੀਆਂ ਤਸਵੀਰਾਂ ਤੇ ਵੀਡੀਓ ਆਪਣੇ ਫੇਸਬੁੱਕ ਸਫਾ ਰਾਹੀ ਪ੍ਰਚਾਰਨ ਦਾ ਤੱਥਾਂ ਸਮੇਤ ਸੱਚ ਸਾਹਮਣੇ ਲਿਆਂਦਾ। ਉਹਨਾਂ ਦੋਸੀ ਤਾਂਤਰਿਕ ਹੱਥੋਂ ‘ਜਥੇਦਾਰ’ ਬਲਜੀਤ ਸਿੰਘ ਦਾਦੂਵਾਲ ਦਾ ‘ਸ੍ਰੀ ਸਾਹਿਬ’ ਨਾਲ ਸਨਮਾਨ ਕਰਨ ਦੀਆਂ ਤਸਵੀਰਾਂ ਵੀ ਮੀਡੀਆ ਅੱਗੇ ਰੱਖੀਆਂ। ਉਹਨਾਂ ਦੱਸਿਆ ਕਿ ‘ਜਥੇਦਾਰ’ ਬਲਜੀਤ ਸਿੰਘ ਦਾਦੂਵਾਲ ਵੱਲੋਂ ਬਲੀ ਕਾਂਡ ਦੇ ਮੁਖ ਦੋਸੀ ਤਾਂਤਰਿਕ ਲੱਖੀ ਨੂੰ ਗੁਰਦੁਆਰਾ ਸਾਹਿਬ ’ਚ ਸਿਰਪਾਓ ਪਾ ਕੇ ਉਸ ਸਮੇਂ ਸਨਮਾਨ ਕੀਤਾ ਗਿਆ ਜਦੋਂ ਕਿ ਉਸ ਨੂੰ ਦੋਸੀ ਠਹਿਰਾਉਣ ਦੀ ਅਦਾਲਤੀ ਪ੍ਰਰਕਿਰਿਆ ‘ਫਸਟ ਟਰੈਕ’ ਰਾਹੀ ਸੁਣਵਾਈ ਹੋ ਰਹੀ ਸੀ, ਤੇ ਇਹ ਸਾਰਾ ਮਾਮਲਾ ਹਰ ਪੇਸ਼ੀ ਦਾ ਮੀਡੀਆ ਰਾਹੀ ਜਨਤਕ ਹੋ ਰਿਹਾ ਸੀ। ਇਸ ਸਭ ਕੁਝ ਤੋਂ ਪਰਦਾ ਚੱਕਦਿਆ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਕਿਹਾ ਕਿ ਦੋਸੀ ਤਾਂਤਰਿਕ ਦਾ ‘ਜਥੇਦਾਰ’ ਦਾਦੂਵਾਲ ਵੱਲੋਂ ਆਪਣੇ ਜੱਦੀ ਪਿੰਡ ਦਾਦੂ ਦੇ ਗੁਰੂ ਘਰ ਵਿਚ ਸੱਦ ਕੇ ਸਿਰਪਾਓ 19 ਫਰਵਰੀ 2023 ਨੂੰ ਦਿੱਤਾ ਗਿਆ, ਅਤੇ ਬਕਾਇਦਾ ਸਟੇਜ ਤੋਂ ਦੋਸੀ ਤਾਂਤਰਿਕ ਲਖਵਿੰਦਰ ਲੱਖੀ ਦਾ ਨਾਂ ਲੈ ਕੇ ਸਨਮਾਨ ਲਈ ਬੁਲਾਇਆ ਜਾ ਰਿਹਾ ਹੈ, ਇਸ ਦੀ ਵੀਡੀਓ ਵੀ ਮੌਜੂਦ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਅਣਜਾਣੇ ਵਿਚ ਨਹੀਂ ਕੀਤਾ ਗਿਆ, ਸਗੋਂ ਯੋਜਨਾਬੰਧ ਸੀ। ਉਹਨਾਂ ਕਿਹਾ ਕਿ ਕਿਸੇ ਦੀ ਔਲਾਦ ਖਾਤਰ ਦੋ ਮਾਸੂਮ ਦਲਿਤ ਭੈਣ ਭਰਾ ਨੂੰ ਬਲੀ ਦੇਣ ਦੇ ਕਲੰਕਤ ਖੂਨੀ ਵਰਤਾਰੇ ਦੇ ਮੁਖ ਦੋਸੀ ਦਾ ਇਕ ‘ਧਾਰਮਿਕ ਆਗੂ’ ਦਾਦੂਵਾਲ ਵੱਲੋਂ ਗੁਰਦੁਆਰਾ ਸਾਹਿਬ ਵਿਚ ਸਿਰਪਾਓ ਪਾਉਣੇ ਇਹੋ ਜਿਹੇ ਆਗੂਆਂ ਦੀ ਕੌਮ, ਧਰਮ ਪ੍ਰਤੀ ਅਸਲੀਅਤ ਸਾਹਮਣੇ ਆਉਦੀ ਹੈ। ਜ਼ਿਕਰਯੋਗ ਹੈ ਕਿ ਬਲੀ ਕਾਂਡ ਦੇ ਇਸ ਮੁਖ ਮੁਲਜ਼ਮ ਨੂੰ ਐਡੀਸਨ ਸ਼ੈਸਨ ਅਦਾਲਤ ਬਠਿੰਡਾ ਵੱਲੋਂ 23 ਮਾਰਚ ਨੂੰ ਉਮਰ ਕੈਦ ਤੇ ਵੀਹ ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਗਈ ਸੀ, ਪਰ ‘ਜਥੇਦਾਰ’ ਦਾਦੂਵਾਲ ਨੇ ਸਭ ਹੱਦਾਂ ਪਾਰ ਕਰਦਿਆ ਇਸ ਸਭ ਕੁਝ ਆਪਣੇ ਸੋਸਲ ਮੀਡੀਆ ਪੰਨਿਆਂ ’ਤੇ ਵੀ ਪ੍ਰਚਾਰਿਆ।ਉਹਨਾਂ ਇਹ ਵੀ ਕਿਹਾ ਕਿ ਇਸ ਸਾਰੇ ਕਲੰਕਤ ਵਰਤਾਰੇ ਦੀ ਸਿਕਾਇਤ ਉਹ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਤੇ ਹੋਰ ਧਾਰਮਿਕ ਸਖਸੀਅਤਾਂ ਨੂੰ ਭੇਜ ਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਵੀ ਕਰਨਗੇ।



