ਅਬੋਹਰ (ਪੰਜ ਦਰਿਆ ਬਿਊਰੋ) ਪੰਜਾਬ ਸਰਕਾਰ, ਭਾਸ਼ਾ ਵਿਭਾਗ, ਫਾਜ਼ਿਲਕਾ, ਡੀਏਵੀ ਸੰਸਥਾ, ਡੀਏਵੀ ਕਾਲਜ ਅਬੋਹਰ ਦੇ ਪ੍ਰਬੰਧ ਤੇ ਪ੍ਰਿੰਸੀਪਲ ਸਾਹਿਬ, ਪੰਜਾਬੀ ਵਿਭਾਗ ਦੇ ਹੈੱਡ ਗੁਰਰਾਜ ਸਿੰਘ ਚਾਹਲ ਉਸਦੇ ਵਿਭਾਗੀ ਸਹਿਯੋਗੀਆਂ ਅਤੇ ਵਿਦਿਆਰਥੀਆਂ ਵਲੋਂ ਤਨਦੇਹੀ ਨਾਲ ਮਰਹੂਮ ਹਰਤਨਵੀਰ ਕੌਰ ਢਿੱਲੋਂ ਅਤੇ ਬੇਵਕਤੀ ਵਿਛੋੜਾ ਦੇ ਗਏ ਅਨੀਤਾ ਕੌਰ ਭੁਪਾਲ (ਯੂ.ਕੇ.) ਦੀ ਯਾਦ ਨੂੰ ਸਮਰਪਤ ਪ੍ਰੋਗਰਾਮ ਉਲੀਕਿਆ!

ਇਸੇ ਪੱਧਰ ਦਾ ਹੀ “ਪੰਜਾਬੀ ਮਾਹ-2022” ਅਧੀਨ ਪਿਛਲੇ ਹਫ਼ਤੇ ਡੀਏਵੀ ਕਾਲਜ ਗਿੱਦੜਬਹਾ ਦੇ ਪ੍ਰੋ: ਚੰਦਰ ਪ੍ਰਕਾਸ਼ ਅਦੀਬ, ਪ੍ਰਿੰਸੀਪਲ ਸਾਹਿਬਾ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ, ਭਾਸ਼ਾ ਵਿਭਾਗ ਮੁਕਤਸਰ ਦੇ ਸਹਿਯੋਗ ਨਾਲ ਉਲੀਕਿਆ ਗਿਆ ਸੀ ਅਤੇ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ! ਇੱਥੇ ਇਹ ਦਸ ਦੇਣਾ ਕੁੱਥਾਂ ਨਹੀਂ ਹੋਵੇਗਾ ਕਿ ਇਹਨਾਂ ਦੋਹਾਂ ਕਾਲਜਾਂ ’ਚ ਪੰਜਾਬੀ ਪੜ੍ਹਦੇ (ਪੋਸਟ ਗ੍ਰੇਜੂਏਟ) ਅਤੇ ਹੋਰ ਲੋੜਵੰਦ 10-10 ਵਿਦਿਆਰਥੀਆਂ ਦੀ ਸਲਾਨਾ ਫੀਸ ਵਿੱਚ ”ਹਰਤਨਵੀਰ-ਅਨੀਤਾ ਟਰੱਸਟ’ ਵੱਲੋਂ ਸਲਾਨਾ ਵਜ਼ੀਫ਼ੇ ਵਜੋਂ ਆਉਣ ਵਾਲੇ ਪੰਜ ਸਾਲ ਲਗਾਤਾਰ ਸਹਾਇਤਾ ਕਰਨ ਦਾ ਵਾਅਦਾ ਈ ਨਹੀਂ ਕੀਤਾ ਗਿਆ! ਸਗੋਂ ਪ੍ਰਬੰਧਕਾਂ ਨੂੰ ਉਤਸ਼ਾਹਤ ਕਰਨ ਲਈ ਜ਼ਮਾਨਤ ਵਜੋਂ ਬਣਦੀ ਮਦਦ ਜਮ੍ਹਾਂ ਕਰਵਾ ਦਿਤੀ ਗਈ ਹੈ ਅਤੇ ਪੰਜਾਂ ਸਾਲਾਂ ਬਾਦ ਰੀਵਿਊ ਕੀਤਾ ਜਾਵੇਗਾ। ਇਸਦੇ ਨਾਲ ਹੀ ਇਹਨਾਂ ਦੋਹਾਂ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਅੰਦਰ ‘ਹਰਤਨਵੀਰ-ਅਨੀਤਾ ਕਿਤਾਬ ਕੋਨਾ’ ਵਜੋਂ ਪੰਜਾਬੀ ਕਿਤਾਬਾਂ ਦੀਆਂ ਅਲਮਾਰੀਆਂ ਸਥਾਪਤ ਕੀਤੀਆਂ ਗਈਆਂ ਹਨ! ਇਸ ਟਰੱਸਟ ਦਾ ਅਗਲਾ ਕਦਮ ‘ਮੋਹਲਾਂ ਕਾਲਜ’ (ਮੁਕਤਸਰ) ਅਤੇ ‘ਇਕ ਹੋਰ ਕਾਲਜ’ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਰਾਫਤਾ ਕਰਕੇ- ਉਹਨਾਂ ਕਾਲਜਾਂ ਅੰਦਰ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਉਲੀਕਿਆ ਜਾਵੇਗਾ!
ਨੋਟਃ ਜਿਹਨਾਂ ਵੀ ਲੇਖਕ-ਪਾਠਕਾਂ ਨੇ ਕਿਸੇ ਵੀ ਪੰਜਾਬੀ ਦੀ ਪੁਸਤਕ ਨੂੰ ਪੜ੍ਹਣ ਬਾਦ- ‘ਕੈਦੀ’ ਕਰ ਰੱਖਿਆ ਹੈ!’ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਸੰਪਰਕ ਕਰੋ (00447878228283) ਅਸੀਂ ‘ਕਿਤਾਬਾਂ ਨੂੰ ਕੈਦ ‘ਚੋਂ ਛੁਡਾ ਕੇ’ ਨਵੀਂ ਪੀੜ੍ਹੀ ਤੀਕ ਪਹੁੰਚਾਵਾਂਗੇ!