ਐਮ. ਐਸ. ਡੀ.: ਪਰਖਾਂਗੇ ਤੁਹਾਡੀ ਦਿਆਨਤਦਾਰੀ
ਔਕਲੈਂਡ 24 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਨਿਊਜ਼ੀਲੈਂਡ ‘ਮਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ’ ਵਿਭਾਗ ਇਨਲੈਂਡ ਰੈਵਨਿਊ ਵੱਲੋਂ ਕਰੋਨਾ ਵਾਇਰਸ ਦੇ ਚਲਦਿਆਂ ਬਿਜ਼ਨਸ ਅਦਾਰਿਆਂ ਨੂੰ ਦਿੱਤੀ ‘ਵੇਜ਼ ਸਬਸਿਡੀ’ ਦਾ ਆਡਿਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਜਿਹੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾ ਕਾਰਨ ਹੋਇਆ ਕਿਉਂਕਿ ਕਈ ਰੁਜਗਾਰ ਦਾਤਾ ਸਰਕਾਰ ਕੋਲੋਂ ਤਾਂ ਮਿਹਨਤਾਨੇ ਦੀ ਸਬਸਿਡੀ ਲੈ ਗਏ ਪਰ ਆਪਣੇ ਕਾਮਿਆਂ ਨੂੰ ਨਹੀਂ ਦਿੱਤੀ ਜਾਂ ਕੁਝ ਹੋਰ ਚੋਣ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਹ ਵਿਸ਼ੇਸ਼ ਆਡਿਟ ਟੀਮ ਹੁਣ ਤੱਕ ਦਿੱਤੇ ਗਏ 10.4 ਬਿਲੀਅਨ ਡਾਲਰ ਦਾ ਪੂਰਾ ਹਿਸਾਬ ਰੱਖੇਗੀ ਅਤੇ ਚੋਰੀ ਮੋਰੀਆਂ ਦੇ ਰਾਹੀਂ ਕੀਤੀ ਗਈ ਚੋਰੀ ਨੂੰ ਆਪਣੀ ਕੜਿੱਕੀ ਦੇ ਨਾਲ ਫੜੇਗੀ।
ਖਜ਼ਾਨਾ ਮੰਤਰੀ ਸ੍ਰੀ ਗ੍ਰਾਂਟ ਰੌਬਰਸਟਨ ਨੇ ਕਿਹਾ ਕਿ ਅਸੀਂ ਬਿਜ਼ਨਸ ਅਦਾਰਿਆਂ ਅਤੇ ਵਰਕਰਾਂ ਦੇ ਉਤੇ ਵੱਡਾ ਵਿਸ਼ਵਾਸ਼ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਹਾਇਤਾ ਬਹੁਤ ਸਾਰੇ ਬਿਜ਼ਨਸ ਅਦਾਰੇ ਅਤੇ ਵਰਕਰਾਂ ਨੂੰ ਇਕ ਦੂਜੇ ਨਾਲ ਜੋੜੀ ਰੱਖਣ ਦੇ ਵਿਚ ਸਹਾਇਤਾ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਜਿਹੜੇ ਪੈਸੇ ਜਿਸ ਦੇ ਲਈ ਉਹ ਉਥੇ ਹੀ ਜਾਣੇ ਚਾਹੀਦੇ ਹਨ। ਜਿਹੜੇ ਅਦਾਰੇ ਇਸ ਲੈਣ-ਦੇਣ ਦੇ ਵਿਚ ਦੋਸ਼ੀ ਪਾਏ ਗਏ ਉਨ੍ਹਾਂ ਖਿਲਾਫ ਸਿਵਲ ਕਾਨੂੰਨ (ਕ੍ਰਾਈਮ ਐਕਟ 1961) ਅਧੀਨ ਕਾਰਵਾਈ ਵੀ ਹੋਵੇਗੀ ਅਤੇ ਪੈਸੇ ਵੀ ਵਾਪਿਸ ਕਰਨੇ ਪੈਣਗੇ। ਐਮ. ਐਸ. ਡੀ. ਨੇ ਹੁਣ ਤੱਕ 2435 ਕੇਸ ਰੈਂਡਮ (ਕ੍ਰਮਰਹਿਤ) ਚੈਕ ਕੀਤੇ ਹਨ ਅਤੇ ਦਰੁੱਸਤ ਕਰ ਲਏ ਹਨ 183 ਕੇਸ ਚੈਕ ਕੀਤੇ ਜਾ ਰਹੇ ਹਨ। 292 ਵੱਖ-ਵੱਖ ਅਦਾਰਿਆਂ ਉਤੇ ਦੋਸ਼ ਭਰਪੂਰ ਸ਼ਿਕਾਇਤਾ ਮਿਲੀਆਂ ਹਨ ਜਿਨ੍ਹਾਂ ਵਿਚੋਂ 88 ਦਰੁੱਸਤ ਕਰ ਲਈਆਂ ਗਈਆਂ ਹਨ। 20 ਅਪ੍ਰੈਲ ਤੱਕ 1170 ਦੇ ਕਰੀਬ ਸ਼ਿਕਾਇਤਾ ਐਮ. ਐਸ. ਡੀ., ਐਮ. ਬੀ. ਆਈ. ਈ ਅਤੇ ਆਈ. ਆਰ. ਡੀ. ਨੂੰ ਮਿਲੀਆਂ ਹਨ।
21 ਅਪੈਲ ਤੱਕ 1281 ਲੋਕਾਂ ਨੇ ਆਪਣੇ ਆਪ ਸਵੈਇੱਛਾ ਦੇ ਨਾਲ ‘ਵੇਜ ਸੱਬਸਿਡੀ’ ਵਾਪਿਸ ਕਰਨ ਦੀ ਪੇਸਕਸ਼ ਕੀਤੀ ਹੈ ਜੋ ਕਿ 16.2 ਮਿਲੀਅਨ ਹੋਵੇਗਾ ਜਿਸ ਵਿਚੋਂ 6.9 ਮਿਲੀਅਨ ਆ ਵੀ ਚੁੱਕਾ ਹੈ। ਆਡਿਟ ਦੇ ਰਾਹੀਂ 56 ਅਰਜੀਆਂ ਨੂੰ ਕਿਹਾ ਗਿਆ ਹੈ ਕਿ ਸਕੀਮ ਦੇ ਵਿਚ ਲਏ ਪੈਸੇ ਵਾਪਿਸ ਕਰੋ ਜੋ ਕਿ 1.25 ਮਿਲੀਅਨ ਡਾਲਰ ਹੋਣਗੇ ਅਤੇ 168,000 ਡਾਲਰ ਆ ਵੀ ਚੁੱਕੇ ਹਨ। ਸਰਕਾਰ ਨੇ ਮਿੱਠੇ ਹੁੰਦਿਆਂ ਕਿਹਾ ਹੈ ਕਿ ਬਹੁਤ ਲੋਕਾਂ ਨੇ ਸਹੀ ਕੰਮ ਕੀਤਾ ਹੈ ਅਤੇ ਕਈਆਂ ਕੋਲੋਂ ਗਲਤੀ ਵੀ ਹੋਈ ਹੈ ਜਾਂ ਇੰਸ਼ੋਰੈਂਸ ਆਦਿ ਦੇ ਪੈਸੇ ਆ ਗਏ ਹਨ। ਕਈਆਂ ਨੇ 30% ਬਿਜਨਸ ਹੇਠਾਂ ਆਉਣ ਦਾ ਗਲਤ ਅਨੁਮਾਨ ਲਗਾਇਆ ਹੈ।