14.1 C
United Kingdom
Sunday, April 20, 2025

More

    ਕੋਰੋਨਾ ਵਾਇਰਸ ਨੂੰ ਹਰਾਉਣਾ ਹੈ ਸਿਹਤ ਤੇ ਸਰੀਰਿਕ ਸਿੱਖਿਆ ਵਿਸ਼ਾ ਅਪਨਾਉਣਾ ਹੈ

    -ਸੁਖਜੀਵਨ ਸਿੰਘ ਸਫਰੀ ਦਸੂਹਾ

    ਕੋਵਿਡ ੧੯ ਕੋਰੋਨਾ ਵਾਇਰਸ ਇੱਕ ਐਸਾ ਵਾਇਰਸ ਹੈ ਜੋ ਸੰਸਾਰ ਅੰਦਰ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣਿਆ।ਸੰਸਾਰ ਪ੍ਰਸਿੱਧ ਸਿਹਤ ਵਿਗਿਆਨੀਆਂ ਅਤੇ ਸਿੱਖਿਆ ਸ਼ਾਸ਼ਤਰੀਆਂ ਦਾ ਇਹ ਕਹਿਣਾ ਅਤੇ ਮੰਨਣਾ ਹੈ ਕਿ ਇਹ ਵਾਇਰਸ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਆਪਣਾ ਅਸਰ ਬਹੁਤ ਤੇਜ਼ੀ ਨਾਲ ਪਾਉਂਦਾ ਹੈ।ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ਜਿਹਨਾਂ ਦਾ ਅੰਦਰੂਨੀ ਬਲ (ਇਮਊਨ ਸਿਸਟਮ) ਕਮਜ਼ੋਰ ਹੁੰਦਾ ਹੈ।ਡਾਕਟਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਇਨਸਾਨ ਵਿੱਚ ਸੰਕਰਮਣ ਦਾ ਖਤਰਾ ਉੱਦੋਂ ਵੱਧ ਹੁੰਦਾ ਹੈ ਜਦੋਂ ਉਸ ਦਾ ਇਮਊਨ ਸਿਸਟਮ ਕਮਜੋਰ ਹੁੰਦਾ ਹੈ।ਬਹੁਤ ਸਾਰੇ ਦੇਸ਼ਾ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਹੈ ਕਿ ਭਾਰਤੀ ਲੋਕਾਂ ਉੱਤੇ ਇਸ ਕੋਰੋਨਾ ਵਾਇਰਸ ਦਾ ਅਸਰ ਬਹੁਤ ਘੱਟ ਪਵੇਗਾ,ਕਿਊਂਕਿ ਭਾਰਤੀ ਲੋਕਾਂ ਦਾ ਅੰਦਰੂਨੀ ਸਿਸਟਮ (ਇਮਊਨ ਸਿਸਟਮ) ਬਾਕੀ ਦੇਸ਼ਾ ਨਾਲੋਂ ਬਹੁਤ ਤਾਕਤਵਰ ਹੈ।ਕਾਰਣ ਕਿ ਭਾਰਤੀ ਲੋਕ ਆਪਣਾ ਜ਼ਿਆਦਾਤਰ ਕੰਮ ਹੱਥੀਂ ਕਰਦੇ ਹਨ,ਅਤੇ ਬਹੁਤੇ ਲੋਕ ਸਰੀਰਿਕ ਮਿਹਨਤ ਕਰਨ ਕਰਕੇ ਸਰੀਰਿਕ ਤੌਰ ਤੇ ਰਿਸ਼ਟ ਪੁਸ਼ਟ ਹੁੰਦੇ ਹਨ।ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਜੋ ਲੋਕ ਸਰੀਰਿਕ ਤੌਰ ਤੇ ਰਿਸ਼ਟ ਪੁਸ਼ਟ ਨਹੀਂ ਹੁੰਦੇ aੁਹਨਾਂ ਦੀ ਔਲਾਦ ਵੀ ਕਮਜ਼ੋਰ ਪੈਦਾ ਹੁੰਦੀ ਹੈ।ਸਰੀਰਿਕ ਤੌਰ ਤੇ ਕੰਮ ਕਰਨ ਵਾਲ਼ਿਆਂ ਔਰਤਾਂ ਤੰਦਰੁਸਤ ਬੱਚਿਆਂ ਨੂੰ ਜਨਮ ਦਿੰਦਿਆਂ ਹਨ ਅਤੇ ਉਹ ਆਪ ਵੀ ਤੰਦਰੁਸਤ ਰਹਿੰਦੀਆਂ ਹਨ।ਕੁਲ ਮਿਲਾਕੇ ਇਨਸਾਨ ਦੀ ਤੰਦਰੁਸਤੀ ਦਾ ਰਾਜ਼ ਉਸ ਦੀ ਸਖ਼ਤ ਸਰੀਰਿਕ ਮਿਹਨਤ ਹੈ।ਗੱਲ ਕਰਦੇ ਹਾਂ ਅਜੋਕੇ ਦੌਰ ਵਿੱਚ ਜਿੱਥੇ ਕੋਰੋਨਾ ਵਾਇਰਸ ਨੇ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ,ਉੱਥੇ ਇੱਕ ਖਿਡਾਰੀ ਹੀ ਹਨ ਜੋ ਇਸ ਵਾਇਰਸ ਤੋਂ ਬਚੇ ਹੋਏ ਹਨ,ਕਾਰਨ ਕਿ ਉਹਨਾਂ ਖੇਡ ਗਰਾਊਂਡਾਂ ਵਿੱਚ ਜਾ ਕੇ ਸਖਤ ਅਭਿਆਸ ਕਰਕੇ ਆਪਣੇ ਆਪ ਨੂੰ ਤੰਦਰੁਸਤ ਬਣਾਇਆ ਹੈ।ਇਸ ਤੋਂ ਇਲਾਵਾ ਉਹ ਲੋਕ ਜਿਹੜੇ ਹੋਰ ਸਾਧਨਾਂ ਰਾਹੀ ਸਰੀਰਿਕ ਕਸਰਤਾਂ ਕਰਦੇ ਹਨ।ਜੇਕਰ ਬੱਚਿਆ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਮਊਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ।ਬੱਚਿਆ ਦੇ ਇਸ ਅੰਦਰੂਨੀ ਕਮਜ਼ੋਰ ਸਿਸਟਮ ਨੂੰ ਮਜਬੂਤ ਕਰਨ ਲਈ ਕਸਰਤਾਂ ਦਾ ਅਭਿਆਸ ਕਰਨਾ ਬਹੁਤ ਜਰੂਰੀ ਹੈ।ਜੋ ਕਿ ਇਹ ਨਿਯਮ ਅਨੁਸਾਰ ਖੇਡਾਂ ਦੀਆਂ ਗਰਾਊਡਾਂ ਵਿੱਚ ਹੀ ਹੋ ਸਕਦਾ ਹੈ ਅਤੇ ਇੱਕ ਸਰੀਰਿਕ ਸਿੱਖਿਆ ਦਾ ਅਧਿਆਪਕ ਹੀ ਕਰਵਾ ਸਕਦਾ ਹੈ।ਸਕੂਲਾਂ ਅੰਦਰ ਇੱਕ ਜਾਂ ਦੋ ਸਰੀਰਿਕ ਸਿੱਖਿਆ ਦੇ ਅਧਿਆਪਕ ਸੈਕੜੇ ਬੱਚਿਆਂ ਦੇ ਇਮਊਨ ਸਿਸਟਮ ਨੂੰ ਤੰਦਰੁਸਤ ਰੱਖਦੇ ਹਨ,ਜਿਸ ਨਾਲ ਦੇਸ਼ ਅਤੇ ਸਮਾਜ ਤੰਦਰੁਸਤ ਬਣਦਾ ਹੈ।

    ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਫੈਲਣ ਕਰਕੇ ਦੇਸ਼ ਅੰਦਰ ਲੌਕਡਾਊਨ (ਕਰਫਿਊ) ਦੀ ਸਥਿਤੀ ਬਣੀ ਹੋਈ ਹੈ।ਥੋੜੇ ਸਮੇਂ ਬਾਦ ਸਕੂਲ ਖੁੱਲ ਜਾਣਗੇ।ਉਹ ਬੱਚੇ ਦੂਸਰੇ ਬੱਚਿਆ ਲਈ ਖਤਰਾ ਸਾਬਤ ਹੋਣਗੇ ਜਿਹਨਾਂ ਦਾ ਅੰਦਰੂਨੀ ਸਿਸਟਮ ਕਮਜੋਰ ਹੋਵੇਗਾ।ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਜੇਕਰ ਕੋਈ ਵਿਸ਼ਾ ਆਪਣੀ ਬੇਮਿਸਾਲ ਭੂਮੀਕਾ ਨਿਭਾਅ ਸਕਦਾ ਹੈ ਤਾਂ ਉਹ ਹੈ ਸਿਹਤ ਅਤੇ ਸਰੀਰਿਕ ਸਿੱਖਿਆ।ਇਹ ਸਕੂਲਾਂ ਅੰਦਰ ਪੜਾਇਆ ਜਾਣ ਵਾਲਾ ਉਹ ਸਰਵ ਸ਼ਕਤੀਮਾਨ ਵਿਸ਼ਾ ਹੈ,ਜਿਸ ਨਾਲ ਬੱਚੇ ਸ਼ਕਤੀਮਾਨ ਬਣਦੇ ਹਨ।ਸਕੂਲਾਂ ਅੰਦਰ ਇਸ ਵਿਸ਼ੇ ਤਹਿਤ ਸਭ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਗਰਾਊਂਡਾਂ ਅੰਦਰ ਲਗਾਉਣ ਦੇ ਹੋਰ ਉਪਰਾਲੇ ਕਰਨੇ ਚਾਹੀਦੇ ਹਨ।ਜੇਕਰ ਬੱਚੇ ਜਿਆਦਾ ਸਮਾਂ ਗਰਾਊਡਾਂ ਅੰਦਰ ਖੇਡਣਗੇ ਤਾਂ ਉਹਨਾਂ ਦਾ ਇਮਊਨ ਸਿਸਟਮ ਸੰਪੂਰਨ ਤੌਰ ਤੇ ਤਾਕਤਵਰ ਬਣੇਗਾ।ਸਕੂਲਾਂ ਅੰਦਰ ਯੋਗਾ ਕਲਾਸਾਂ ਦਾ ਵਿਸ਼ੇਸ਼ ਸਮਾਂ ਹੋਣਾ ਚਾਹੀਦਾ ਹੈ।ਲਗਾਤਾਰ ਪੜਨ ਨਾਲ ਬੱਚਿਆਂ ਅੰਦਰ ਆਈ ਕਮਜੋਰੀ ਨੂੰ ਜੇਕਰ ਕੋਈ ਵਿਸ਼ਾ ਦੁਬਾਰਾ ਤੋਂ ਤਾਕਤ ਦਿੰਦਾ ਹੈ ਤਾਂ ਉਹ ਹੈ ਸਰੀਰਕ ਕਿਰਿਆਵਾਂ ਕਰਵਾਉਣ ਵਾਲਾ ਵਿਸ਼ਾ ਸਿਹਤ ਅਤੇ ਸਰੀਰਿਕ ਸਿੱਖਿਆ।ਸਰੀਰਿਕ ਕਰਿਆਵਾਂ ਕਰਕੇ ਬੱਚੇ ਸਰੀਰਿਕ ਅਤੇ ਮਾਨਸਿਕ ਤੌਰ ਤੇ ਤਰੋਤਾਜ਼ਾ ਹੁੰਦੇ ਹਨ।ਬੱਚਿਆ ਦੁਆਰਾ ਸਰੀਰਿਕ ਕਸਰਤ ਨਾਲ ਮਾਸਪੇਸ਼ੀ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਨਾੜੀ ਤੰਤੂ ਪ੍ਰਣਾਲੀ, ਅਸਥੀ ਪ੍ਰਣਾਲੀ ਅਤੇ ਸਾਹ ਕਿਰਿਆ ਪ੍ਰਣਾਲੀ ਆਦਿ ਮਜਬੂਤ ਹੁੰਦੀਆ ਹਨ।ਮਾਸਪੇਸ਼ੀ ਪ੍ਰਣਾਲੀ ਦੇ ਮਜਬੂਤ ਹੋਣ ਨਾਲ ਬੱਚੇ ਸੰਦਰ ਅਤੇ ਗਠੀਲੇ ਬਣਦੇ ਹਨ, ਲਹੂ ਗੇੜ ਪ੍ਰਣਾਲੀ ਦੇ ਤੰਦਰੁਸਤ ਹੋਣ ਨਾਲ ਦਿੱਲ ਦੀਆ ਬਿਮਾਰੀਆਂ ਨਹੀਂ ਲੱਗਦੀਆ।ਨਾੜੀ ਤੰਤੂ ਪ੍ਰਣਾਲੀ ਦੇ ਤੰਦਰੁਸਤ ਬਨਣ ਨਾਲ ਯਾਦ ਸ਼ਕਤੀ ਤੇਜ ਹੁੰਦੀ ਹੈ।ਅਸਥੀ ਪ੍ਰਣਾਲੀ ਦੇ ਮਜਬੂਤ ਹੋਣ ਨਾਲ ਅਸੀਂ ਅਣਗਿਣਤ ਕਾਰਜ ਕਰਦੇ ਹਾਂ,ਜੋ ਸਾਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦੇ ਹਨ ਅਤੇ ਸਾਹ ਕਿਰਿਆ ਪ੍ਰਣਾਲੀ ਦੇ ਤੰਦਰੁਸਤ ਹੋਣ ਨਾਲ ਅਸੀਂ ਲਗਾਤਾਰ ਕਈ ਕਈ ਘੰਟੇ ਥੱਕੇ ਬਗੈਰ ਕੰਮ ਕਰ ਸਕਦੇ ਹਨ।ਸਕੂਲਾਂ ਅੰਦਰ ਅੱਧੀ ਛੁੱਟੀ ਰੱਖਣ ਦਾ ਵੀ ਇਹੋ ਕਾਰਨ ਹੈ ਕਿ ਪੜ ਪੜ ਕੇ ਥੱਕ ਜਾਣ ਤੋਂ ਬਾਦ ਬੱਚੇ ਖੇਡਣ ਅਤੇ ਸਰੀਰਿਕ ਕਿਰਿਆਵਾ ਕਰਨ,ਜਿਸ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਹਲਕਾ ਮਹਿਸੂਸ ਕਰਨ ਅਤੇ ਸਰੀਰਿਕ ਕਸਰਤਾਂ ਕਰਕੇ ਦੁਬਾਰਾ ਅਨਰਜੀ ਲੈ ਕੇ ਦੁਬਾਰਾ ਪੜਨ ਲਈ ਤਿਆਰ ਹੋ ਜਾਂਦੇ ਹਨ।ਜਦੋਂ ਬੱਚੇ ਸਕੂਲਾਂ ਅੰਦਰ ਰਹਿਕੇ ਖੇਡ ਕਰਿਆਵਾਂ ਕਰਦੇ ਹਨ ਉਹਨਾਂ ਅੰਦਰ ਆਪਣੇ ਆਪ ਨੂੰ ਸਰੀਰਿਕ ਤੌਰ ਤੇ ਸੁੰਦਰ ਬਨਾਉਣ ਦੀ ਲਾਲਸਾ ਉਤਪੰਨ ਹੁੰਦੀ ਹੈ ਜਿਸ ਨਾਲ ਹੋਰ ਵੱਧ ਤੋਂ ਵੱਧ ਕਸਰਤਾਂ ਕਰਨ ਦੇ ਆਦੀ ਬਣਦੇ ਹਨ।ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਖੇਡਾਂ ਖੇਡਣ ਨਾਲ ਖਿਡਾਰੀਆਂ ਅੰਦਰ ਜਹਿਰੀਲੇ ਪਦਾਰਥ ਬਾਹਰ ਨਿਕਲਦੇ ਰਹਿੰਦੇ ਹਨ,ਜਿਸ ਕਰਕੇ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ।ਇਸ ਦੇ ਨਾਲ ਹੀ ਖਿਡਾਰੀਆਂ ਅੰਦਰ ਸੰਤੁਲਿਤ ਭੋਜਨ ਖਾਣ ਦੀ ਆਦਤ ਬਣ ਜਾਂਦੀ ਹੈ,ਜਿਸ ਨਾਲ ਵੀ ਉਹ ਤੰਦਰੁਸਤ ਰਹਿੰਦੇ ਹਨ।ਸੰਸਾਰ ਦੀਆਂ ਖੇਡ ਗਰਾਊਂਡਾਂ ਅੰਦਰ ਬਾਈ ਵੱਧ ਖੇਡਾਂ ਖੇਡੀਆਂ ਜਾਂਦੀਆਂ ਹਨ,ਜਿਹਨਾਂ ਦਾ ਸਿੱਧੇ ਤੌਰ ਤੇ ਸੰਬੰਧ ਸਿਹਤ ਤੇ ਸਰੀਰਿਕ ਸਿੱਖਿਆਂ ਨਾਲ ਹੀ ਹੈ।ਸਰੀਰਿਕ ਸਿੱਖਿਆ ਦੇ ਅਧਿਆਪਕ ਖਿਡਾਰੀ ਵਿਦਿਆਰਥੀਆਂ ਨੂੰ ਅੱਤ ਦੀ ਸਰਦੀ ਅਤੇ ਅੱਤ ਦੀ ਗਰਮੀ ਵਿੱਚ ਵੀ ਗਰਾਊਡਾਂ ਅੰਦਰ ਅਭਿਆਸ ਕਰਵਾਉਦੇ ਹਨ।ਜਿਸ ਨਾਲ ਸਮਾਜ ਨੂੰ ਜਿੱਥੇ ਵਧੀਆ ਖਿਡਾਰੀ ਮਿਲਦੇ ਹਨ,ਉੱਥੇ ਹੀ ਤੰਦਰੁਸਤ ਨਾਗਰਿਕ ਵੀ ਮਿਲਦੇ ਹਨ।ਅਕਸਰ ਦੇਖਿਆਂ ਜਾਂਦਾ ਹੈ ਕਿ ਜਦੋਂ ਕੋਈ ਵਿਆਕਤੀ ਬਿਮਾਰ ਹੋ ਜਾਂਦਾ ਹੈ ਤਾਂ ਡਾਕਟਰ ਉਹਨਾਂ ਨੂੰ ਵੀ ਹਲਕੇ ਕਸਰਤ ਅਭਿਆਸ ਜਾਂ ਯੋਗਾ ਕਰਨ ਦੀ ਸਲਾਹ ਦਿੰਦੇ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਸਕੂਲਾਂ ਅੰਦਰ ਸਿਹਤ ਅਤੇ ਸਰੀਰਿਕ ਸਿੱਖਿਆ ਵਿਸ਼ੇ ਨੂੰ ਇਸ ਪ੍ਰਕਾਰ ਲਾਗੂ ਕਰਨ ਜਿਸ ਨਾਲ ਹਰੇਕ ਵਿਦਿਆਰਥੀ ਇਸ ਵਿਸ਼ੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਹੋਵੇ ਜਾਂ ਹੋਰ ਕੋਈ ਵੀ ਦੇਸ਼ ਜਿਸ ਨੇ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕੀਤੇ ਹੋਣ ਉਸ ਦੀ ਸ਼ੁਰੂਆਤ ਸਕੂਲ ਦੇ ਸਿਹਤ ਅਤੇ ਸਰੀਰਿਕ ਸਿੱਖਿਆ ਵਿਸ਼ੇ ਤੋਂ ਹੀ ਹੋਈ ਹੁੰਦੀ ਹੈ।ਦੁਨਿਆਂ ਦੀ ਬਹੁਤ ਸਾਰੀਆਂ ਲੜਾਈਆਂ ਸਰੀਰਿਕ ਬੱਲ ਨਾਲ ਹੀ ਜਿੱਤੀਆ ਗਈਆਂ ਸਨ ਅਤੇ ਅੱਜ ਸੰਸਾਰ ਅੰਦਰ ਜੋ ਕੋਰੋਨਾ ਵਾਇਰਸ ਫੈਲਿਆ ਹੋਈਆ ਹੈ ਇਸ ਜੰਗ ਨੂੰ ਵੀ ਉਹ ਹੀ ਜਿੱਤਣਗੇ ਜੋ ਸਰੀਰਿਕ ਤੌਰ ਤੇ ਸਿਹਤਮੰਦ ਹਨ।ਅੱਜ ਵੱਖ ਵੱਖ ਦੇਸ਼ਾ ਨੇ ਭਾਰਤ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦਾ ਜੋ ਕਾਰਨ ਮੰਨਿਆ ਹੈ ਉਹ ਹੈ ਸਰੀਰਿਕ ਤੰਦਰੁਸਤੀ।ਇਸ ਲਈ ਇਹ ਗੱਲ ਜਰੂਰ ਸਮਝ ਲੈਣੀ ਚਾਹੀਦੀ ਹੈ ਕਿ ਇਹ ਉਹ ਹੀ ਵਿਸ਼ਾ ਹੈ ਜਿਸ ਨੇ ਭਾਰਤੀਆਂ ਨੂੰ ਤੰਦਰੁਸਤ ਰਹਿਣ ਦਾ ਬੱਲ ਦੱਸਿਆ ਅਤੇ ਤੰਦਰੁਸਤ ਰੱਖਿਆ,ਉਹ ਹੈ ਸਿਹਤ ਅਤੇ ਸਰੀਰਿਕ ਸਿੱਖਿਆ।
    ਸੁਖਜੀਵਨ ਸਿੰਘ ਸਫਰੀ
    ਸਿਹਤ ਅਤੇ ਸਰੀਰਿਕ ਸਿੱਖਿਆ ਅਧਿਆਪਕ
    ਸਰਕਾਰੀ ਸੀਨੀਅਰ ਸਕੈਡਰੀ ਸਕੂਲ ਸਫਦਰਪੁਰ
    ਦਸੂਹਾ ਹੁਸ਼ਿਆਰਪੁਰ ੯੮੧੫੪੪੦੪੫੩

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!