
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਅਗਸਤ, 2022: ਅੱਜ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਗ਼ਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਖੀਮਪੁਰ ਖੀਰੀ ਵਿਖੇ 18 ਤੋਂ 20 ਅਗਸਤ ਤੱਕ ਲਗਾਏ ਜਾ ਰਹੇ ਤਿੰਨ ਰੋਜ਼ਾ ਧਰਨੇ ਵਿੱਚ ਸ਼ਾਮਲ ਹੋਣ ਸਬੰਧੀ ਡਿਊਟੀਆਂ ਲਾਈਆਂ ਗਈਆਂ ਅਤੇ ਜ਼ਿਲੇ ਚ ਪਸ਼ੂਆਂ ਅੰਦਰ ਲੰਪੀ ਸਕਿਨ ਬਿਮਾਰੀ ਵਧਣ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਮੰਗ ਕੀਤੀ ਕਿ ਪਸ਼ੂਆਂ ਵਿੱਚ ਫੈਲ ਰਹੀ ਇਸ ਬਿਮਾਰੀ ਨੂੰ ਰੋਕਣ ਲਈ ਫੌਰੀ ਗੰਭੀਰ ਕਦਮ ਚੁੱਕੇ ਜਾਣ, ਖਾਲੀ ਪਈਆਂ ਵੈਟਰਨਰੀ ਡਾਕਟਰਾਂ ਅਤੇ ਸਟਾਫ਼ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਫੀਲਡ ਸਟਾਫ ਵਿੱਚ ਵਾਧਾ ਕੀਤਾ ਜਾਵੇ ਅਤੇ ਮਰ ਚੁੱਕੇ ਪਸ਼ੂਆਂ ਲਈ ਕਿਸਾਨਾਂ ਨੂੰ ਇੱਕ ਲੱਖ ਰੁਪਿਆ ਪ੍ਰਤੀ ਪਸ਼ੂ ਮੁਆਵਜ਼ਾ ਦੇਣ ਅਤੇ ਮਰੇ ਪਸ਼ੂਆਂ ਨੂੰ ਦੱਬਣ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ।
ਇਸ ਸੰਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਮੋਦੀ ਸਰਕਾਰ ਨੇ ਕਿਸਾਨਾਂ ਦੇ ਕਰੜੇ ਸੰਘਰਸ਼ ਤੋਂ ਬਾਅਦ ਵਾਪਸ ਲੈ ਲਿਆ ਸੀ ਅਤੇ ਨਾਲ ਹੀ ਵਾਅਦਾ ਕੀਤਾ ਸੀ ਕਿ ਸੰਘਰਸ਼ ਦੌਰਾਨ ਕਿਸਾਨਾਂ ਤੇ ਪਾਏ ਸਾਰੇ ਮੁਕੱਦਮੇ ਰੱਦ ਕੀਤੇ ਜਾਣਗੇ, ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ਐੱਮਐੱਸਪੀ ਸਬੰਧੀ ਕਾਨੂੰਨ ਬਣਾਉਣ ਲਈ ਕਿਸਾਨ ਆਗੂਆਂ ਨੂੰ ਸਾਮਲ ਕਰਕੇ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਲਖੀਮਪੁਰ ਖੀਰੀ ਵਿਖੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉਪਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਲੜਕੇ ਵੱਲੋਂ ਗੱਡੀ ਚੜ੍ਹਾ ਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਸ਼ਹੀਦ ਕਰਨ ਦੇ ਮਾਮਲੇ ਤੇ ਵੀ ਇਨਸਾਫ ਦੇਣ ਦੀ ਗੱਲ ਕੀਤੀ ਗਈ ਸੀ ਪਰ ਅੱਠ ਮਹੀਨੇ ਬੀਤਣ ਦੇ ਬਾਵਜੂਦ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਤੇ ਲਖੀਮਪੁਰ ਖੀਰੀ ਮਾਮਲੇ ਵਿੱਚ ਗਵਾਹਾਂ ਤੇ ਵੀ ਭਾਜਪਾ ਦੇ ਗੁੰਡਿਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਗਿਆ ਹੈ। ਜਿਸ ਦਾ ਸਾਰੇ ਦੇਸ਼ ਦੇ ਕਿਸਾਨਾਂ ਵਿਚ ਭਾਰੀ ਰੋਸ ਹੈ ਜਿਸ ਤਹਿਤ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਜ਼ੀਆਬਾਦ ਵਿਖੇ ਮੀਟਿੰਗ ਕਰ ਕੇ ਮੋਰਚ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਸ਼੍ਰੀ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਕੇਂਦਰ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਸ਼ਹੀਦ ਕਿਸਾਨਾਂ ਦਾ ਇਨਸਾਫ ਲੈਣ ਲਈ ਇਹ ਮੋਰਚਾ ਲਖੀਮਪੁਰ ਖੀਰੀ ਦੀ ਧਰਤੀ ਤੇ ਤਿੰਨ ਦਿਨ ਚੱਲੇਗਾ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਯੁਕਤ ਮੋਰਚੇ ਮੋਰਚੇ ਵੱਲੋਂ ਅਗਲਾ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਉਸ ਵਿਚ ਕਿਰਤੀ ਕਿਸਾਨ ਯੂਨੀਅਨ ਵਧ ਚਡ਼੍ਹ ਕੇ ਸ਼ਮੂਲੀਅਤ ਕਰੇਗੀ। ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਮੋਰਚੇ ਵਿਚ ਸ਼ਾਮਲ ਹੋਣ ਲਈ 17 ਅਗਸਤ ਨੂੰ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਵੱਡਾ ਜਥਾ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਜਥੇ ਵਿੱਚ ਸ਼ਾਮਲ ਕਿਸਾਨਾਂ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਡਿਊਟੀਆਂ ਲਗਾਈਆਂ ਗਈਆਂ।
ਇਸ ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉੱਭਾਵਾਲ, ਵਿੱਤ ਸਕੱਤਰ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਆਗੂ ਮੱਘਰ ਸਿੰਘ ਹਾਜ਼ਰ ਸਨ।