ਸਾਉਣ ਮਹੀਨਾ ਬੱਦਲ ਆ ਗਏ ਚੜ੍ਹਕੇ ਵੇ ਮਾਹੀਆ।
ਤੇਰੀ ਯਾਦ ਹੱਡਾਂ ਵਿੱਚ ਪਾਰੇ ਵਾਂਗੂੰ ਰੜਕੇ ਵੇ ਮਾਹੀਆ।
ਕਿਣਮਿਣ ਕਿਣਮਿਣ ਕਣੀਆਂ ਦੇ ਵਿੱਚ ਪੈਂਦੀ ਭੂਰ ਜਦੋਂ,
ਜੇ ਸੋਹਣਾ ਘਰ ਆ ਜਾਏ ਆਸੀਂ ਪੈ ਜਾਏ ਬੂਰ ਤਦੋਂ,
ਘਟਾਂ ਕਾਲੀਆਂ ਛਾਈਆਂ ਬੱਦਲ ਗੜ੍ਹਕੇ ਵੇ ਮਾਹੀਆ
ਤੇਰੀ ਯਾਦ…….
ਮੈਂ ਸੋਚਿਆ ਕਿਤੇ ਚੰਨ ਚਕੋਰ ਨੂੰ ਮਨੋ ਵਿਸਾਰ ਗਿਆ,
ਪਰ ਖ਼ਤ ਸੱਜਣਾਂ ਦਾ ਆਇਆ ਤਪਦੇ ਸੀਨੇ ਠਾਰ ਗਿਆ,
ਸਬਰ ਨਾ ਆਇਆ ਪੰਜ ਸੱਤ ਵਾਰੀ ਪੜ੍ਹਕੇ ਵੇ ਮਾਹੀਆ
ਤੇਰੀ……….
ਚੁੰਮ ਚੁੰਮ ਹਿੱਕ ਨਾਲ ਲਾਵਾਂ ਦਿੱਤੀ ਪਿਆਰ ਨਿਸ਼ਾਨੀ ਨੂੰ,
ਔਸੀਆਂ ਪਾ-ਪਾ ਰੋਜ਼ ਉਡੀਕਾਂ ਦਿਲ ਦੇ ਜਾਨੀ ਨੂੰ,
ਕਾਗ ਉਡਾਵਾਂ ਸੋਨੇ ਦੀ ਚੁੰਝ ਮੜ੍ਹਕੇ ਵੇ ਮਾਹੀਆ
ਤੇਰੀ ਯਾਦ……
ਇੱਕ ਇੱਕ ਕਰਕੇ ਲੰਘੀ ਜਾਂਦੇ ਦਿਨ ਤਿਉਹਾਰ ਚੰਨਾ,
ਸੁੰਨਾ ਸੁੰਨਾ ਜਾਪੇ ਸੱਜਣਾ ਬਿਨ ਸੰਸਾਰ ਚੰਨਾ,
ਕਰਦੀ ਰੋਜ਼ ਉਡੀਕਾਂ ਬੂਹੇ ਖੜ੍ਹਕੇ ਵੇ ਮਾਹੀਆ
ਤੇਰੀ ਯਾਦ……..
ਤੱਤੀ ਵਾਅ ਨਾ ਲੱਗੇ ਸੋਹਣੇ ਕੰਤ ਸਿਪਾਹੀ ਨੂੰ,
ਸਰਹੱਦਾਂ ਦੇ ਰਾਖੇ ਤੇ ਮੇਰੇ ਦਿਲ ਦੇ ਮਾਹੀ ਨੂੰ,
ਕਰਾਂ ਦੁਆਵਾਂ ਉੱਠ ਪਹਿਰ ਦੇ ਤੜਕੇ ਵੇ ਮਾਹੀਆ
ਤੇਰੀ ਯਾਦ……….
ਰੁੜ੍ਹ ਗਿਆ ਹੁਸਨ ਕੁਆਰਾ ਅੜੀਏ ਕਾਹਤੋਂ ਹਾਰ ਗਈ,
ਘਰ ਆਈ ਕੱਲੵ ਨੂੰਹ ਲੰਬੜਾਂ ਦੀ ਬੋਲੀ ਮਾਰ ਗਈ,
ਕੀ ਦੱਸਾਂ ਜਿੰਦ ਕੋਲੇ ਹੋ ਗਈ ਸੜਕੇ ਵੇ ਮਾਹੀਆ
ਤੇਰੀ ਯਾਦ………
ਨੀ ਅੜੀਓ ਮੇਰਾ ਮਾਹੀ ਵੱਸਦੈ ਵਿੱਚ ਪਰਦੇਸਾਂ ਦੇ,
ਰੁੜ੍ਹ ਚੱਲੇ ਅਰਮਾਨ ਨੈਣਾਂ ਚੋਂ ਅੱਲ੍ਹੜ ਵਰੇਸਾਂ ਦੇ,
ਲੁਕ ਲੁਕ ਰੋਵਾਂ ਜੱਗ ਤੋਂ ਅੰਦਰ ਵੜਕੇ ਵੇ ਮਾਹੀਆ
ਤੇਰੀ ਯਾਦ…………
ਜਦ ਕੋਈ ਅੱਲ੍ਹੜ ਕਣੀਆਂ ਦੇ ਵਿੱਚ ਛੱਤਰੀ ਤਣਦੀ ਐ
ਮੈਂ ਜਾਂ ਮੇਰਾ ਰੱਬ ਜਾਣੇ ਜੋ ਦਿਲ ‘ਤੇ ਬਣਦੀ ਐ,
ਕਿਹੜਾ ਸੁਣਦੈ ਦੁੱਖ ਤੱਤੜੀ ਦੇ ਖੜੵਕੇ ਵੇ ਮਾਹੀਆ
ਤੇਰੀ ਯਾਦ……….
ਹਿਜ਼ਰਾਂ ਦੇ ਦੁੱਖ ਭੈੜੇ ਛੁੱਟ ਗਿਆ ਤੀਰ ਕਮਾਨੋਂ ਜੇ,
ਫਿਰ ਆਵੀਂ ਨਾ ਕਰ ਗਈ “ਪੱਪੂ” ਕੂਚ ਜਹਾਨੋਂ ਜੇ,
ਜਿੰਦ ਖਾਂਦੀ ਡਿੱਕ ਡੋਲ਼ੇ ਤੋਰਨ ਫੜਕੇ ਵੇ ਮਾਹੀਆ
ਤੇਰੀ ਯਾਦ…………..
ਪਰਮਜੀਤ “ਪੱਪੂ” ਕੋਟਦੁੱਨਾਂ
ਮੋਬਾ:- 9417242430
ਧਨੌਲਾ (ਬਰਨਾਲਾ )