ਸਾਊਥਾਲ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਔਰਤਾਂ ਦਾ ਜੀਵਨ ਵਿਦੇਸ਼ਾਂ ਦੀ ਧਰਤੀ ‘ਤੇ ਬੇਹੱਦ ਰੁਝੇਵਿਆਂ ਭਰਿਆ ਹੈ। ਕੰਮ ਦੀ ਭੱਜਦੌੜ ਤੋਂ ਬਾਅਦ ਘਰ ਵਿੱਚ ਰੋਟੀ ਟੁੱਕ ਦਾ ਆਹਰ ਹਰ ਪੰਜਾਬਣ ਦੇ ਜੀਵਨ ਵਿੱਚ ਜ਼ਿੰਮੇਵਾਰੀ ਦੇ ਤੌਰ ‘ਤੇ ਸਿਰ ਖੜ੍ਹਾ ਰਹਿੰਦਾ ਹੈ। ਵੋਇਸ ਆਫ ਵੂਮੈਨ ਅਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਲਾਈਆਂ ਜਾਂਦੀਆਂ ਤੀਆਂ ਦਾ ਮੁੱਖ ਮਕਸਦ ਹੀ ਇਹ ਹੈ ਕਿ ਤਣਾਅਪੂਰਨ ਜ਼ਿੰਦਗੀ ‘ਚੋਂ ਬਾਹਰ ਨਿੱਕਲ ਕੇ ਔਰਤਾਂ ਨੂੰ ਹਾਸੇ ਠੱਠੇ, ਨੱਚਣ ਟੱਪਣ ਦਾ ਮੌਕਾ ਮੁਹੱਈਆ ਕਰਵਾਇਆ ਜਾ ਸਕੇ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਵੋਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਸੀ ਗਿੱਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਉਦੋਂ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਸੈਂਕੜਿਆਂ ਦੀ ਤਾਦਾਦ ਵਿੱਚ ਭੈਣਾਂ ਇਸ ਤੀਆਂ ਦੇ ਮੇਲੇ ਵਿੱਚ ਹਰ ਐਤਵਾਰ ਨੂੰ ਉਤਸ਼ਾਹਪੂਰਵਕ ਹਾਜ਼ਰੀ ਭਰਨ ਆਉਂਦੀਆਂ ਹਨ। ਮੇਲੇ ਦੌਰਾਨ ਮੇਲਣਾਂ ਨੇ ਬੋਲੀਆਂ ਪਾ ਕੇ ਤਾੜੀਆਂ ਦੇ ਖੜਕਾਟ ਨਾਲ ਸਾਊਥਾਲ ਦੀਆਂ ਫਿਜ਼ਾਵਾਂ ਵਿੱਚ ਕਲਾਮਈ ਰੰਗ ਘੋਲ਼ੀ ਰੱਖਿਆ। ਇਸ ਸਮੇਂ ਪ੍ਰਬੰਧਕ ਟੀਮ ਦੀ ਤਰਫੋਂ ਸ੍ਰੀਮਤੀ ਅਵਤਾਰ ਕੌਰ ਚਾਨਾ, ਸੰਤੋਸ਼ ਸੁਰ, ਬਲਵੀਰ ਕੌਰ ਸੰਧੂ, ਸਤਵਿੰਦਰ ਕੌਰ ਮਾਨ, ਸੰਤੋਸ਼ ਸ਼ਿਨ, ਸੁਰਿੰਦਰ ਕੌਰ ਤੂਰ ਕੈਂਥ, ਨਰਿੰਦਰ ਕੌਰ ਖੋਸਾ, ਲੇਖਇੰਦਰ ਕੌਰ ਸਰਾਂ ਆਦਿ ਦੀ ਮਿਹਨਤ ਮੂੰਹੋਂ ਬੋਲ ਰਹੀ ਸੀ। ਬਹੁਤ ਹੀ ਜ਼ਾਬਤੇ ‘ਚ ਹੋ ਰਹੇ ਤੀਆਂ ਦੇ ਮੇਲੇ ਦੌਰਾਨ ਇਸ ਐਤਵਾਰ ਵੀ ਹਾਜ਼ਰ ਔਰਤਾਂ ਨੇ ਖੂਬ ਆਨੰਦ ਮਾਣਿਆ।













