6.9 C
United Kingdom
Sunday, April 20, 2025

More

    ਮਨੁੱਖੀ ਨੌਕਰੀਆਂ ਦਾ ਭਵਿੱਖੀ ਬਦਲ ‘ਰੋਬੋਟਸ’ : ਕੋਵਿਡ-19 ਦੇ ਚੱਲਦਿਆਂ

    ਹਰਜੀਤ ਲਸਾੜਾ, ਬ੍ਰਿਸਬੇਨ

    ਕਰੋਨਾ ਮਹਾਮਾਰੀ(ਕੋਵਿਡ-19) ਦੇ ਚੱਲਦਿਆਂ ਅਤੇ ਮਨੁੱਖ ਦੀਆਂ ਰੌਸ਼ਨ ਭਵਿੱਖੀ ਲੋੜਾਂ ਬਾਬਤ ਅਗਰ ਇਹ ਮੰਨ ਲਿਆ ਜਾਵੇ ਕਿ ਆਉਣ ਵਾਲਾ ਦੌਰ ਰੋਬੋਟਿਕਸ/ਡਰੋਨ ਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਗੌਰਤਲਬ ਹੈ ਕਿ ਰੋਬੋਟ ਦੀ ਵਰਤੋਂ ਅੱਜ ਲਗਪਗ ਹਰ ਖੇਤਰ ਵਿੱਚ ਧੜੱਲੇ ਨਾਲ਼ ਹੋਣ ਲੱਗ ਪਈ ਹੈ।
    ਕੀ ਹੈ ਰੋਬੋਟਿਕਸ?
    ਰੋਬੋਟਿਕਸ ਇੰਜਨੀਅਰਿੰਗ ਦੀ ਇੱਕ ਨਵੀਂ ਸ਼ਾਖ਼ਾ ਹੈ, ਜਿਸਨੂੰ ਮਕੈਨੀਕਲ, ਇਲੈੱਕਟ੍ਰੌਨਿਕ ਤੇ ਕੰਪਿਊਟਰ ਇੰਜਨੀਅਰਿੰਗ ਦਾ ਮਲਗੋਬਾ ਕਹਿ ਸਕਦੇ ਹਾਂ। ਰੋਬੋਟਿਕਸ ਇੰਜਨੀਅਰਿੰਗ ਦੀ ਪੜਾਈ ਦੌਰਾਨ ਰੋਬੋਟ ਦੇ ਵਿਕਾਸ, ਡਿਜ਼ਾਈਨਿੰਗ, ਆਪਰੇਸ਼ਨ ਅਤੇ ਸੰਬੰਧਿਤ ਉਪਕਰਨਾਂ ਬਾਰੇ ਵਿਸਥਾਰ ‘ਚ ਜਾਣਕਾਰੀ ਹੁੰਦੀ ਹੈ। ਰੋਬੋਟਿਕਸ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਰੋਬੋਟ-ਮੋਸ਼ਨ ਪਲਾਨਿੰਗ, ਕਾਂਪੂਟੇਸ਼ਨਲ ਜੁਮੈਟਰੀ, ਕੰਪਿਊਟਰ ਇੰਟੀਗ੍ਰੇਟਿਡ ਮੈਨੂਫੈਕਚਰਿੰਗ, ਡਿਜੀਟਲ ਇਲੈਕਟ੍ਰੌਨਿਕਸ ਐਂਡ ਮਾਈਕ੍ਰੋਪ੍ਰੋਸੈਸਰ, ਰੋਬੋਟ ਮੈਨੀਪੁਲੇਟਰ ਆਦਿ ਮਹੱਤਵਪੂਰਨ ਵਿਸ਼ੇ ਸ਼ਾਿਮਲ ਹੁੰਦੇ ਹਨ। ਇਸਤੋਂ ਇਲਾਵਾ ਰੋਬੋਟ ਦੀ ਵਰਤੋਂ ਮੈਨੂਫੈਕਚਰਿੰਗ ਦੇ ਨਾਲ ਨਾਲ ਨਿਊਕਲੀਅਰ ਸਾਇੰਸ, ਬਾਇਓ ਮੈਡੀਕਲ, ਕਾਰ ਅਸੈਂਬਲਿੰਗ, ਦਿਲ ਦੀ ਸਰਜਰੀ, ਲੈਂਡਮਾਈਨਜ਼, ਸਮੁੰਦਰੀ ਖੋਜਾਂ ਆਦਿ ਖੇਤਰਾਂ ’ਚ ਵੀ ਬਖੂਬੀ ਹੋ ਰਹੀ ਹੈ। ਫਲਸਰੂਪ, 2017 ਤੋਂ ਹੁਣ ਤਕ ਸਰਵਿਸ ਰੋਬੋਟਾਂ ਦੀ ਵਿਕਰੀ ਵਿੱਚ 12 ਫ਼ੀਸਦੀ ਵਾਧ ਦਰਜ ਹੋਇਆ ਹੈ। ਜਿਸਦੇ ਚੱਲਦਿਆਂ ਭਵਿੱਖ ‘ਚ ਵੱਖ-ਵੱਖ ਦੇਸ਼ਾਂ ‘ਚ ਉਤਪਾਦਕਤਾ ਵਧਾਉਣ ਲਈ ਹੋਰ ਵੀ ਰੋਬੋਟਾਂ ਦੀ ਜ਼ਰੂਰਤ ਪਵੇਗੀ।
    ਪਰ ਕੋਵਿਡ-19 ਕਾਰਨ ਦੁਨੀਆ ਪੂਰੀ ਤਰ੍ਹਾਂ ਘਰਾਂ ‘ਚ ਲਾਕਡਾਊਨ ਕਾਰਨ ਜਕੜੀ ਜਾ ਪਈ ਹੈ। ਇਸ ਮਨੁੱਖੀ ਤ੍ਰਾਸਦੀ ਵਿੱਚ ਦੁਨੀਆ ਇੱਕ ਅਜਿਹੀ ਸ਼ੈਅ ਨੂੰ ਭੁੱਲ ਰਹੀ ਹੈ। ਉਹ ਹੈ ਕਰੋਨਾਵਾਇਰਸ ਦੇ ਦੌਰ ਵਿੱਚ ‘ਰੋਬੋਟਸ’ ਦੀ ਵਧ ਰਹੀ ਵਰਤੋਂ।
    ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੋਬੋਟ ਕਈ ਨੌਕਰੀਆਂ ਵਿੱਚ ਮਨੁੱਖ ਦੀ ਥਾਂ ਮੱਲ ਰਿਹਾ ਹੈ ਅਤੇ ਕਰੋਨਾਵਾਇਰਸ ਮਹਾਮਾਰੀ ਨੇ ਇਸ ਪ੍ਰਕਿਰਿਆ ਨੂੰ ਹੋਰ ਵੇਗ ਦਿੱਤਾ ਹੈ। ਮਨੁੱਖਤਾ ਲਈ ਇਸ ਵਰਤਾਰੇ ਦੇ ਨਤੀਜੇ ਚੰਗੇ ਜਾਂ ਮਾੜੇ ਹੋਣਗੇ, ਮਨੁੱਖ ਲਈ ਹੁਣ ਤੋਂ ਹੀ ਗੰਭੀਰਤਾ ਨਾਲ਼ ਵਿਚਾਰਨ ਦਾ ਵਿਸ਼ਾ ਹੈ।
    ਭਵਿੱਖਵਾਦੀ ਖੋਜੀ ਮਾਰਟਿਨ ਫੌਰਡ ਦਾ ਕਹਿਣਾ ਹੈ, “ਕੋਵਿਡ-19 ਨੇ ਹੁਣ ਵਿਸ਼ਵ ਬਾਜ਼ਾਰ ਦੀਆਂ ਸਮੀਕਰਨਾਂ ਨੂੰ ਤਬਦੀਲ ਕਰਕੇ ਖਰੀਦਦਾਰਾਂ ਦੀ ਪ੍ਰਾਥਮਿਕਤਾ ਨੂੰ ਬਦਲ ਦਿੱਤਾ ਹੈ ਅਤੇ ਇਸ ਨਾਲ਼ ਸਵੈ-ਚਾਲਿਤ ਯੰਤਰਾਂ ਲਈ ਮੰਡੀ ਗਰਮ ਹੋ ਗਈ ਹੈ।” ਇਸ ਲਈ ਆਉਣ ਵਾਲੇ ਦਹਾਕਿਆਂ ਵਿੱਚ ਰੋਬੋਟ ਨੂੰ ਵਿਸ਼ਵ ਅਰਥਚਾਰੇ ਵਿੱਚ ਏਕੀਕ੍ਰਿਤ ਕਰਨ ਦੇ ਤਰੀਕਿਆਂ ਨੂੰ ਯਕੀਨਨ ਬਲ ਮਿਲਣ ਵਾਲ਼ਾ ਹੈ। ਮਸਲਨ, ਛੋਟੀਆਂ ਅਤੇ ਵੱਡੀਆਂ ਕੰਪਨੀਆਂ ਵੱਲੋਂ ਸੋਸ਼ਲ ਡਿਸਟੈਂਸਿੰਗ ਅਧੀਨ ਕੰਮ ’ਤੇ ਮਨੁੱਖੀ ਸਟਾਫ ਨੂੰ ਘਟਾਉਣ ਲਈ ਰੋਬੋਟ ਦੀ ਵਰਤੋਂ ਨੇ ਜੋਰ ਫੜ ਲਿਆ ਹੈ। ਰੋਬੋਟ ਦੀ ਵਰਤੋਂ ਉਨ੍ਹਾਂ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਲਈ ਦਫ਼ਤਰ ਜਾਣਾ ਜ਼ਰੂਰੀ ਹੁੰਦਾ ਹੈ। ਇੱਥੋਂ ਹੀ ਇਹਨਾਂ ਮਸ਼ੀਨਾਂ (ਰੋਬੋਟਸ) ਵੱਲੋਂ ਵੱਡੇ ਪੱਧਰ ‘ਤੇ ਮਨੁੱਖੀ ਨੌਕਰੀਆਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਵੇਗਾ। ਜਿਸਦਾ ਬਿਗਲ ਇਸ ਕਰੋਨਾ ਮਹਾਮਾਰੀ ਦੇ ਦੌਰਾਨ ‘ਚ ਬਕਾਇਦਾ ਵੱਜ ਚੁੱਕਾ ਹੈ। ਵਿਸ਼ਵ ਸਿਹਤ ਮਾਹਿਰਾਂ ਦੀ ਤਾਕੀਦ ਹੈ ਕਿ ਘੱਟੋ-ਘੱਟ 2021 ਤੱਕ ਦਫ਼ਤਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਕੁਝ ਉਪਾਅ ਵਰਤਣ ਦੀ ਲੋੜ ਹੈ। ਜਿਸਦੇ ਫਲਸਰੂਪ ਰੋਬੋਟ ਦੀ ਮੰਗ ਵਧੇਗੀ।
    ਰੋਬੋਟ ਤਕਨਾਲੋਜੀ ਨੇ ਸਿੱਖਿਆ ਅਤੇ ਸੁਰੱਖਿਆ ਸੈਕਟਰਾਂ ਤੋਂ ਇਲਾਵਾ ਉਦਯੋਗਾਂ ਵਿੱਚ ਵੀ ਘੁਸਪੈਠ ਕਰ ਲਈ ਹੈ। ਅਮਰੀਕਾ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ‘ਵਾਲਮਾਰਟ’ ਫ਼ਰਸ਼ ਸਾਫ਼ ਕਰਨ ਲਈ ਰੋਬੋਟ ਦੀ ਵਰਤੋਂ ਕਰ ਰਹੀ ਹੈ। ਦੱਖਣੀ ਕੋਰੀਆ ਵਿੱਚ ਤਾਪਮਾਨ ਮਾਪਣ ਅਤੇ ਸੈਨੇਟਾਈਜ਼ਰ ਵੰਡਣ ਲਈ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ, ਆਈਆਈਟੀਜ਼, ਗਲਾਸ, ਰਿਲਾਇੰਸ, ਭਾਬਾ ਅਟੌਮਿਕ ਰਿਸਰਚ ਸੈਂਟਰ, ਸਟੀਲ ਇੰਡਸਟਰੀ ਆਦਿ ਵਿੱਚ ਵੀ ਰੋਬੋਟ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਮੈਡੀਕਲ ਖੇਤਰ ਵਿੱਚ ਐੱਚਸੀਜੀ ਬੈਂਗਲੌਰ, ਅਪੋਲੋ ਅਤੇ ਚੇਨੱਈ ਵਿੱਚ ਵੀ ਕੈਂਸਰ ਦੇ ਇਲਾਜ ਬਾਬਤ ਰੋਬੋਟ ਦੀ ਵਰਤੋਂ ਵਧ ਰਹੀ ਹੈ।
    ਅਲਟਰਾਵਾਇਲੇਟ ਰੌਸ਼ਨੀ ਵਾਲੇ ਰੋਬੋਟ ਬਣਾਉਣ ਵਾਲੀ ਡੈਨਮਾਰਕ ਦੀ ਯੂਵੀਡੀ ਨੇ ਚੀਨ ਅਤੇ ਯੂਰਪ ਵਿੱਚ ਆਪਣੀਆਂ ਸੈਂਕੜੇ ਮਸ਼ੀਨਾਂ ਵੇਚੀਆਂ ਹਨ। ਸਫ਼ਾਈ ਲਈ ਰੋਬੋਟ ਜੋ ਕੰਪਨੀਆਂ ਸੈਨੇਟਾਈਜ਼ਰ ਬਣਾਉਂਦੀਆਂ ਹਨ ਉਨ੍ਹਾਂ ਵਿੱਚ ਰੋਬਟ ਦੀ ਮੰਗ ਵਿੱਚ ਵਾਧਾ ਹੋਇਆ ਹੈ। ਕਰੋਨਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸਮੁੱਚੀ ਦੁਨੀਆ ‘ਚ ਵੱਡੇ-ਛੋਟੇ ਸ਼ਹਿਰਾਂ ਵਿੱਚ ਦੁਕਾਨਾਂ ਅਤੇ ਰੈਸਟੋਰੈਂਟ ਹੋਮ ਡਲਿਵਰੀ ਲਈ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਪਹਿਲਾਂ ਨਾਲੋਂ ਵਧੇਰੇ ਹੋ ਗਈ ਹੈ। ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਜਿਵੇਂ-ਜਿਵੇਂ ਦੇਸ਼ਾਂ ਵਿੱਚ ਲੌਕਡਾਊਨ ਖ਼ਤਮ ਹੋਵੇਗਾ ਅਤੇ ਕਾਰੋਬਾਰ ਖੁੱਲ੍ਹਣਗੇ ਉਵੇਂ ਜਿਵੇਂ ਅਸੀਂ ਰੋਬੋਟਸ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੇਖਾਂਗੇ। ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਸਕੂਲ ਜਾਂ ਦਫ਼ਤਰ ਰੋਬੋਟ ਹੀ ਸਾਫ਼ ਕਰਦੇ ਨਜ਼ਰ ਆਉਣਗੇ।

    ਦਿ ਕਸਟਮਰ ਆਫ ਫਿਊਚਰ ਦੇ ਲੇਖਕ ਬਲੈਕ ਮੌਰਗਨ ਦਾ ਕਹਿਣਾ ਹੈ, “ਗਾਹਕ ਹੁਣ ਆਪਣੀ ਸੁਰੱਖਿਆ ਦਾ ਧਿਆਨ ਰੱਖ ਰਹੇ ਹਨ। ਉਹ ਕੰਮ ਕਰਨ ਵਾਲਿਆਂ ਦੀ ਸਿਹਤ ਬਾਰੇ ਵੀ ਸੋਚ ਰਹੇ ਹਨ ਅਤੇ ਸਵੈਚਾਲਿਤ(ਆਟੋਮੇਸ਼ਨ) ਇਨ੍ਹਾਂ ਸਾਰਿਆਂ ਦੀ ਸਿਹਤ ਦਾ ਖ਼ਿਆਲ ਰੱਖਦਾ ਹੈ। ਤੁਸੀਂ ਦੇਖਣਾ ਗਾਹਕ ਅਜਿਹੀਆਂ ਕੰਪਨੀਆਂ ਦੀ ਸ਼ਲਾਘਾ ਵੀ ਕਰਨਗੇ।” ਪਰ ਨਾਲ ਹੀ ਮੌਰਗਨ ਮੁਤਾਬਕ ਇੱਥੇ ਕੁਝ ਸੀਮਾਵਾਂ ਵੀ ਹਨ। ਉਹਨਾਂ ਮੁਤਾਬਕ ਰਿਟੇਲ ਖੇਤਰ ਵਿੱਚ ਸਵੈਚਾਲਿਤ ਭਾਵੇਂ ਮਨੁੱਖ ਦੀ ਥਾਂ ਲੈ ਲਵੇ ਫਿਰ ਵੀ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਵਿੱਚ ਰੋਬੋਟ ਸ਼ਾਇਦ ਉਨਾਂ ਸਫ਼ਲ ਨਾ ਹੋ ਸਕੇ। ਖਾਸ ਕਰਕੇ ਅਜਿਹੀਆਂ ਥਾਵਾਂ ਜਿੱਥੇ ਟੁੱਟ-ਭੱਜ ਦਾ ਖ਼ਤਰਾ ਜ਼ਿਅਦਾ ਬਣਿਆ ਰਹਿੰਦਾ ਹੈ ਅਤੇ ਅਜਿਹੇ ਸਥਾਨ ਜਿੱਥੇ ਗਾਹਕ ਮਨੁੱਖੀ ਭਰੋਸੇ ‘ਤੇ ਹੀ ਤਵੱਕੋ ਕਰਦੇ ਹੋਣ। ਪਰ ਨਾਲ ਹੀ ਖਾਣੇ ਸਬੰਧੀ ਕਾਰੋਬਾਰ ਜਿੱਥੇ ਸਿਹਤ ਸੰਬੰਧੀ ਚਿੰਤਾਵਾਂ ਕਾਰਨ ਰੋਬੋਟ ਦੀ ਵਰਤੋਂ ਵਧਣ ਦੀ ਸੰਭਾਵਨਾ ਹੈ। ਮੈਕਡੌਨਲਡ ਵਰਗੀਆਂ ਕੁਝ ਕੰਪਨੀਆਂ ਨੇ ਖਾਣਾ ਬਣਾਉਣ ਅਤੇ ਪਰੋਸਣ ਲਈ ਰੋਬੋਟ ਦੀ ਟੈਸਟਿੰਗ ਲੈਣੀ ਸ਼ੁਰੂ ਵੀ ਕਰ ਦਿੱਤੀ ਹੈ। ਐਮਾਜ਼ੋਨ ਅਤੇ ਵਾਲਮਾਰਟ ਵਿਲੋਂ ਚਲਾਏ ਜਾਂਦੇ ਗੁਦਾਮਾਂ(ਵੇਰਹਾਊਸਾਂ) ਵਿੱਚ ਪਹਿਲਾਂ ਤੋਂ ਹੀ ਰੋਬੋਟ ਵਰਤੇ ਜਾ ਰਹੇ ਹਨ।
    ਹੁਣ ਕੋਵਿਡ-19 ਮਹਾਂਮਾਰੀ ਦੇ ਵਿਸ਼ਵ ਵਿਆਪੀ ਫੈਲਾਉ ਕਰਕੇ ਵੱਡੀਆਂ ਕੰਪਨੀਆਂ ਸ਼ਿਪਿੰਗ ਅਤੇ ਪੈਕੇਜਿੰਗ ਲਈ ਵੀ ਰੋਬੋਟਸ ਦੀ ਵਰਤੋਂ ਬਾਰੇ ਸੋਚ ਰਹੀਆਂ ਹਨ। ਇਸ ਨਾਲ ਇਨ੍ਹਾਂ ਕੰਪਨੀਆਂ ਦੇ ਮੁਲਾਜ਼ਮਾਂ ਦੀ ਇਹ ਸ਼ਿਕਾਇਤ ਵੀ ਦੂਰ ਹੋ ਜਾਵੇਗੀ ਕਿ ਉਨ੍ਹਾਂ ਤੋਂ ਕੰਮ ਵਾਲੀ ਥਾਂ ‘ਤੇ ਸੋਸ਼ਲ ਡਿਸਟੈਂਸਿੰਗ ਬਰਕਾਰ ਨਹੀਂ ਰੱਖ ਪਾਉਂਦੇ। ਮਾਰਟਿਨ ਫੌਰਡ ਮੁਤਾਬਕ ਕੋਵਿਡ-19 ਦੌਰਾਨ ਜਿਨ੍ਹਾਂ ਥਾਂਵਾਂ ’ਤੇ ਰੋਬੋਟ ਸਫ਼ਲ ਹੋ ਜਾਣਗੇ ਸ਼ਾਇਦ ਉਨ੍ਹਾਂ ਥਾਵਾਂ ’ਤੇ ਮਨੁੱਖਾਂ ਨੂੰ ਮੁੜ ਕੰਮ ਲਈ ਜਗ੍ਹਾ ਨਾ ਮਿਲ ਸਕੇ। ਉਨ੍ਹਾਂ ਮੁਤਾਬਕ, “ਲੋਕ ਉਨ੍ਹਾਂ ਥਾਵਾਂ ’ਤੇ ਜਾਣਾ ਜ਼ਿਆਦਾ ਪਸੰਦ ਕਰਨਗੇ ਜਿੱਥੇ ਮਸ਼ੀਨਾਂ ਕੰਮ ਕਰਦੀਆਂ ਹੋਣਗੀਆਂ ਅਤੇ ਕਾਮੇ ਘੱਟ ਹੋਣਗੇ ਅਤੇ ਗਾਹਕ ਮਨੋਵਿਗਿਆਨਕ ਤੌਰ ‘ਤੇ ਆਪਣੀ ਸਿਹਤ ਬਾਬਤ ਘਟ ਖ਼ਤਰਾ ਮਹਿਸੂਸ ਕਰਨਗੇ।”
    ਵੈਸ਼ਵਿਕ ਸਲਾਹਕਾਰ ਮੈਕਿੰਜ਼ੀ ਨੇ ਸਾਲ 2017 ਦੀ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਹੈ ਕਿ ਅਮਰੀਕਾ ਵਿੱਚ 2030 ਤੱਕ ਰੋਬੋਟ ਤੇ ਸਵੈਚਾਲਿਤ ਮਸ਼ੀਨਾਂ ਦੁਆਰਾ ਇੱਕ ਤਿਹਾਈ ਮਜ਼ਦੂਰਾਂ ਦੀ ਜਗ੍ਹਾ ਲੈ ਲਈ ਜਾਵੇਗੀ। ਅਕਸਰ ਮਹਾਮਾਰੀਆਂ ਮਨੁੱਖਾਂ ਦੇ ਸੁਭਾਅ ਅਤੇ ਰਵਾਇਤੀ ਸੀਮਾਵਾਂ ਬਦਲ ਸਕਦੀਆਂ ਹਨ। ਹੁਣ ਇਹ ਮਨੁੱਖ ਨੇ ਦੇਖਣਾ ਤੇ ਸੋਚਣਾ ਹੈ ਕਿ ਮਨੁੱਖ ਇਸ ਬਦਲੀ ਹੋਈ ਦੁਨੀਆ ਨਾਲ ਕਿਵੇਂ ਤਾਲ-ਮੇਲ ਬਿਠਾਉਂਦਾ ਹੈ। ਯਕੀਨਨ ਜ਼ਿਅਦਾ ਵਸੋਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਮ ਇਸ ਸੰਭਾਵੀ ਬਦਲਾਅ ਤੋਂ ਭੈਭੀਤ ਹੋ ਸਕਦੀ ਹੈ। ਪਰ ਵਿਕਸਿਤ ਅਤੇ ਘੱਟ ਵਸੋਂ ਵਾਲੇ ਦੇਸ਼ ਇਸ ਬਦਲਾਅ ਦੀ ਰੰਗਤ ‘ਚ ਛੇਤੀ ਰੰਗੇ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!