ਬਰਮਿੰਘਮ (ਬਲਵਿੰਦਰ ਸਿੰਘ ਚਾਹਲ)
ਕੋਰੋਨਾ ਵਾਇਰਸ ਦੇ ਲਗਾਤਾਰ ਫੈਲਣ ਕਾਰਨ ਕੀਤੀ ਗਈ ਤਾਲਾਬੰਦੀ ਨੂੰ ਲੈ ਕੇ ਅੱਜ ਦੁਨੀਆ ਭਰ ਦੇ ਲੋਕ ਬੜੀ ਕਠਿਨ ਸਥਿਤੀ ਵਿੱਚੋਂ ਲੰਘ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਖਾਣ ਪੀਣ ਦੀ ਕਿੱਲਤ ਆ ਰਹੀ ਹੈ। ਵਿਦੇਸ਼ਾਂ ਵਿੱਚ ਵਿਦਿਆਰਥੀ ਤੇ ਬਜੁæਰਗ ਇਸ ਸਮੇਂ ਕਾਫੀ ਨਾਜ਼ੁਕ ਦੌਰ ਵਿੱਚੋਂ ਗੁਜਰ ਰਹੇ ਹਨ। ਇਸਦੇ ਇਲਾਵਾ ਜਿਹਨਾਂ ਲੋਕਾਂ ਕੋਲ ਵਿਦੇਸ਼ਾਂ ਵਿੱਚ ਪੂਰੇ ਪੇਪਰ ਨਹੀਂ ਹਨ ਉਹ ਵੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਝੱਲਣ ਲਈ ਮਜਬੂਰ ਹਨ। ਪਰ ਇਸ ਮੁਸ਼ਕਿਲ ਦੌਰ ਵਿੱਚ ਬਹੁਤ ਸਾਰੇ ਗੁਰਦਵਾਰਾ ਸਾਹਿਬ, ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸੰਗਠਨਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ ਅਤੇ ਲਗਾਤਾਰ ਕਰਦੇ ਆ ਰਹੇ ਹਨ। ਇੰਗਲੈਂਡ ਦੇ ਸ਼ਹਿਰ ਬਰਮਿੰਗਮ ਵਿਖੇ ਗੁਰਦਵਾਰਾ ਏਡ ਸੰਸਥਾ ਅਤੇ ਬ੍ਰਿਟਿਸ਼ ਪੰਜਾਬੀ ਟੀਵੀ ਵੱਲੋਂ ਮਿਲ ਕੇ ਲੋੜਵੰਦ ਲੋਕਾਂ ਲਈ ਖਾਣਾ ਪਹੁੰਚਾਇਆ ਜਾ ਰਿਹਾ ਹੈ। ਗੁਰਦਵਾਰਾ ਏਡ ਦੇ ਨਾਲ ਨਾਲ ਇੱਥੋਂ ਦੇ ਵਪਾਰਕ ਲੋਕ ਵੀ ਆਪਣਾ ਯੋਗਦਾਨ ਪਾ ਰਹੇ ਹਨ। ਬਲਜਿੰਦਰ ਸਿੰਘ ਵੱਲੋਂ ਦੱਸੇ ਅਨੁਸਾਰ ਹੁਣ ਤੱਕ 1178 ਘਰਾਂ ਵਿੱਚ ਖਾਣ ਪੀਣ ਦਾ ਪਹੁੰਚਾਇਆ ਜਾ ਚੁੱਕਾ ਹੈ। ਇਸ ਵਿੱਚ ਉਹਨਾਂ ਦੇ ਨਾਲ ਜਗਜੀਤ ਸਿੰਘ, ਜੱਸ ਸਿੱਧੂ ਅਤੇ ਸੁਖਬੀਰ ਸਿੰਘ ਵੱਲੋਂ ਸੇਵਾ ਕੀਤੀ ਜਾ ਰਹੀ ਹੈ।