ਰੂਰਲ ਐਨ ਜੀ ਓ ਮੋਗਾ ਦਾ ਨੌਜਵਾਨਾਂ ਦੀ ਕਿੱਤਾਮੁਖੀ ਸਿਖਲਾਈ ਵਿੱਚ ਵੱਡਾ ਯੋਗਦਾਨ – ਗਿੱਲ, ਲੂੰਬਾ
ਮੋਗਾ (ਪੰਜ ਦਰਿਆ ਬਿਊਰੋ) ਮੋਗਾ ਜਿਲ੍ਹੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜਿਲ੍ਹਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਚੌਂਕ ਸ਼ੇਖਾਂ ਮੋਗਾ ਵਿਖੇ ਚਲਾਏ ਗਏ ਛੇ ਮਹੀਨੇ ਦੇ ਬੇਸਿਕ ਕੰਪਿਊਟਰ ਸਿਖਲਾਈ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਅੱਜ ਸੰਸਥਾ ਦੇ ਮੁੱਖ ਦਫਤਰ ਵਿਖੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਹੋਏ ਇੱਕ ਸਾਦਾ ਸਮਾਗਮ ਨੂੰ ਸੰਬੋਧਨ ਕਰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਰੂਰਲ ਐੱਨ ਜੀ ਓ ਮੋਗਾ ਸਾਲ 2010 ਤੋਂ ਨੌਜਵਾਨ ਲੜਕੇ ਲੜਕੀਆਂ ਨੂੰ ਸਿਲਾਈ ਕਢਾਈ, ਪਾਰਲਰ, ਕੰਪਿਊਟਰ ਅਤੇ ਕੁਕਿੰਗ ਆਦਿ ਵਿਸ਼ਿਆਂ ਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਨਾਉਣ ਲਈ ਛੋਟੀ ਅਵਧੀ ਦੇ ਕੋਰਸ ਕਰਵਾ ਰਹੀ ਹੈ ਤੇ ਹੁਣ ਤੱਕ ਹਜਾਰਾਂ ਸਿਖਿਆਰਥੀ ਕਿੱਤਾਮੁਖੀ ਸਿਖਲਾਈ ਲੈ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁੱਝ ਨੇ ਆਪਣੇ ਪੱਧਰ ਤੇ ਅਤੇ ਕੁੱਝ ਨੇ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜ਼ਗਾਰ ਸਥਾਪਿਤ ਕਰ ਚੁੱਕੇ ਹਨ ਜਦਕਿ ਕੁੱਝ ਸਿਖਿਆਰਥੀਆਂ ਨੇ ਆਪਣੀ ਇਸ ਯੋਗਤਾ ਦੇ ਆਧਾਰ ਤੇ ਵਿਦੇਸ਼ਾਂ ਵਿੱਚ ਵੀ ਆਪਣੇ ਰੁਜ਼ਗਾਰ ਚਲਾ ਰੱਖੇ ਹਨ। ਉਹਨਾਂ ਦੱਸਿਆ ਕਿ ਅਕਸਰ ਇਨ੍ਹਾਂ ਲੜਕੇ ਲੜਕੀਆਂ ਦੇ ਫੋਨ ਆਉਂਦੇ ਰਹਿੰਦੇ ਹਨ ਤਾਂ ਮਨ ਨੂੰ ਇਹ ਜਾਣ ਕੇ ਤਸੱਲੀ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਸਾਡੀ ਸੰਸਥਾ ਬਿਨਾਂ ਕਿਸੇ ਸਰਕਾਰੀ ਮੱਦਦ ਤੋਂ ਨੌਜਵਾਨਾਂ ਦੀ ਭਲਾਈ ਲਈ ਵਧੀਆ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਕੋਰਸ ਸਫਲਤਾਪੂਰਵਕ ਸੰਪੰਨ ਕਰਨ ਵਾਲੇ 21 ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹੱਥੀਂ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਬਲਾਕ ਬਾਘਾ ਪੁਰਾਣਾ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ, ਬਲਾਕ ਮੋਗਾ-1 ਦੇ ਪ੍ਰਧਾਨ ਜਸਵਿੰਦਰ ਸਿੰਘ ਹੇਰ, ਗੁਰਦਿੱਤ ਸਿੰਘ, ਕੰਪਿਊਟਰ ਟੀਚਰ ਸੁਖਦੀਪ ਕੌਰ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਝੰਡੇਆਣਾ ਸ਼ਰਕੀ, ਪਾਰਲਰ ਟੀਚਰ ਮੈਡਮ ਰੀਤੂ, ਇੰਗਲਿਸ਼ ਸਪੀਕਿੰਗ ਟੀਚਰ ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਲਾਭਪਾਤਰੀ ਸਿਖਿਆਰਥੀ ਹਾਜਰ ਸਨ।
