‘ਵਿਰਾਸਤ’ ਐਪ ਰਚੇਤਾ ਗਗਨਦੀਪ ਕੌਰ ਸਰਾਂ ਦਾ ਵਿਸ਼ੇਸ਼ ਸਨਮਾਨ
(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, BPPC ਆਸਟ੍ਰੇਲੀਆ)

ਇੱਥੇ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਵਿਦੇਸ਼ੀ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਸਥਾਨਕ ਕਲਾਕਾਰਾਂ ਵੱਲੋਂ ਨਸ਼ਿਆਂ ਬਾਬਤ ਬਣਾਈ ਪੰਜਾਬੀ ਫ਼ਿਲਮ ‘ਐਡਿਕਸ਼ਨ’ ਦੀ ਸਕ੍ਰੀਨਿੰਗ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਸੰਸਥਾ ਵੱਲੋਂ ਸਮਾਰੋਹ ਦੌਰਾਨ ਪੰਜਾਬੀ ਵਿਰਾਸਤ ਐਪ ਦੀ ਰਚੇਤਾ ਗਗਨਦੀਪ ਕੌਰ ਸਰਾਂ ਦਾ ਪਰਿਵਾਰ ਸਮੇਤ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਸੰਸਥਾ ਵੱਲੋਂ ਆਯੋਜਿਤ ਇਸ ਮਹੀਨੇਵਾਰ ਕਵੀ ਦਰਬਾਰ ਵਿੱਚ ਸ਼ਹਿਰ ਦੇ ਸਾਹਿਤਕ ਪ੍ਰੇਮੀਆਂ ਅਤੇ ਸਮੂਹ ਕਵੀ/ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਨਾਲ ਰਗ ਬੰਨ੍ਹਿਆ। ਹਰਮਨਦੀਪ ਗਿੱਲ ਵੱਲੋਂ ਡਾ. ਜਗਤਾਰ ਦੀ ਨਜ਼ਮ ‘ਹਰ ਮੋੜ ‘ਤੇ ਸਲੀਬਾਂ’ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋਂ ਪੰਜਾਬ ਦੇ ਮੌਜੂਦਾ ਹਾਲਤਾਂ ਬਾਬਤ ਕਵਿਤਾ ਰਾਹੀਂ ਉਸਾਰੂ ਸੰਦੇਸ਼ ਦਿੰਦਿਆਂ ਕਿਹਾ ਕਿ ਹਾਕਮ ਸਰਕਾਰਾਂ ਨੂੰ ਹੈਂਕੜ ਵਿਸਾਰ ਲੋਕਾਈ ਦੀ ਭਲਾਈ ਤੇ ਬਹਾਲੀ ਲਈ ਕੰਮ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਪਰਮਿੰਦਰ, ਦੇਵ ਸਿੱਧੂ ਆਦਿ ਵੱਲੋਂ ਕਾਵਿਤਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਚੁੱਕੀ। ਵਿਰਾਸਤ ਐਪ ਤੋਂ ਗਗਨਦੀਪ ਕੌਰ ਸਰਾਂ ਨੇ ਆਪਣੀ ਸੰਖੇਪ ਤਕਰੀਰ ‘ਚ ਇਸ ਪੰਜਾਬੀ ਆਡੀਓ ਪੁਸਤਕ ਮੋਬਾਇਲ ਐਪਲੀਕੇਸ਼ ਨੂੰ ਬਨਾਉਣ ਦੇ ਮਕਸਦ ਬਾਬਤ ਬੋਲਦਿਆਂ ਕਿਹਾ ਕਿ ਇਸ ਐਪ ਰਾਹੀਂ ਅਸੀਂ ਕਿਤਾਬਾਂ ਨੂੰ ਆਵਾਜ਼ ਦੇ ਮਾਧਿਅਮ ਰਾਹੀਂ ਸੁਣ ਸਕਦੇ ਹਾਂ। ਐਪ ਵਿੱਚ ਕੁੱਝ ਪੰਜਾਬੀ ਕਿਤਾਬਾਂ ਮੁਫ਼ਤ ਮੁਹੱਈਆ ਕੀਤੀਆਂ ਗਈਆਂ ਹਨ ਅਤੇ ਬਾਕੀ ਮੈਂਬਰਸ਼ਿਪ ਰਾਹੀਂ ਬਹੁਤ ਘੱਟ ਕੀਮਤ ‘ਤੇ ਸੁਣ ਸਕਦੇ ਹਾਂ। ਫ਼ਿਲਮ ਨਿਰਮਾਤਾ ਅਤੇ ਅਦਾਕਾਰ ਗੁਰਮੁੱਖ ਭੰਦੋਹਲ ਵੱਲੋਂ ਨਿਰਮਿਤ ਨਸ਼ਿਆਂ ਬਾਬਤ ਪੰਜਾਬੀ ਫ਼ਿਲਮ “ਐਡਿਕਸ਼ਨ” ਇਸ ਸਮਾਰੋਹ ਦਾ ਮੁੱਖ ਆਕਰਸ਼ਨ ਰਹੀ ਅਤੇ ਸਮੂਹ ਹਾਜ਼ਰੀਨ ਵੱਲੋਂ ਬਹੁਤ ਸਲਾਹਿਆ ਗਿਆ। ਫ਼ਿਲਮ ਬਾਬਤ ਬੋਲਦਿਆਂ ਉਹਨਾਂ ਕਿਹਾ ਕਿ, “ਜਦੋਂ ਨਸ਼ਾ ਲਹੂ ਦੇ ਰਾਹ ਇਨਸਾਨੀ ਸੋਚ ਵਿੱਚ ਧਸ ਜਾਂਦਾ ਹੈ ਤਾਂ ਸਮਾਜਿਕ ਕਰਦਾਂ ਕੀਮਤਾਂ ਦਾ ਘਾਣ ਅਤੇ ਪਰਿਵਾਰਕ ਤਬਾਹੀ ਬਣਦਾ ਹੈ।” ਰਸ਼ਪਾਲ ਹੇਅਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਅਦਾਕਾਰੀ ਨੂੰ ਬਚਾ ਕੇ ਰੱਖਣਾ ਇੱਕ ਵੱਡਾ ਜੋਖ਼ਮ ਵਾਲਾ ਕੰਮ ਹੈ ਅਤੇ ਇੱਥੇ ਨਸ਼ਿਆਂ ‘ਚ ਗਰਕ ਰਹੇ ਪਾੜ੍ਹੇ ਗੰਭੀਰ ਤ੍ਰਾਸਦੀ ਹੈ। ਹਰਮਨਦੀਪ ਗਿੱਲ ਨੇ ਕਿਹਾ ਇਹ ਫ਼ਿਲਮ ਸਾਨੂੰ ਅਜਿਹੇ ਸੰਜੀਦਾ ਵਿਸ਼ਿਆਂ ਉੱਪਰ ਵੱਡੀ ਪੱਧਰ ਉੱਤੇ ਸੰਵਾਦ ਰਚਾਉਣ ਦਾ ਸੁਨੇਹਾ ਦਿੰਦੀ ਐ ਤੇ ਸਾਡੇ ਪੰਜਾਬ ਨਾਲ ਸਬੰਧਤ ਹੋਣ ਕਰਕੇ ਸਾਡੇ ਚੋਂ ਹਰ ਤੀਜੇ ਇਨਸਾਨ ਨੇ ਇਸ ਦੁਖਾਂਤ ਨੂੰ ਹੱਡੀਂ ਹੰਢਾਇਆ ਵੀ ਹੋ ਸਕਦਾ ਹੈ। ਪ੍ਰੈੱਸ ਕਲੱਬ ਪ੍ਰਧਾਨ ਦਲਜੀਤ ਸਿੰਘ ਨੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸਾਡੇ ਭਾਈਚਾਰੇ ਨੂੰ ਅਦਾਕਾਰੀ ਰਾਹੀਂ ਉਸਾਰੂ ਸੁਨੇਹਾ ਦਿੱਤਾ ਹੈ ਅਤੇ ਪੰਜਾਬੀ ਥੀਏਟਰ ਨੂੰ ਆਸਟਰੇਲੀਆ ਵਿੱਚ ਮਾਨਣ ਦਾ ਮੌਕਾ ਦਿੱਤਾ ਹੈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੰਸਥਾਵਾਂ ਤੋਂ ਰਣਜੀਤ ਸਿੰਘ, ਬਲਰਾਜ ਸਿੰਘ (ਮਾਝਾ ਯੂਥ ਕਲੱਬ), ਮਨ ਖਹਿਰਾ, ਨਵਦੀਪ ਸਿੰਘ ਸਿੱਧੂ ਗਰੀਨ ਪਾਰਟੀ ਆਗੂ, ਗੁਰਪ੍ਰੀਤ ਸਿੰਘ, ਲਵੀ ਖੱਤਰੀ, ਮਹਿੰਦਰਪਾਲ ਸਿੰਘ ਕਾਹਲੋਂ , ਸੁਰਿੰਦਰ ਸਿੰਘ ਖੁਰਦ, ਹਰਪ੍ਰੀਤ ਸਿੰਘ ਕੋਹਲੀ ਅਤੇ ਰੇਡੀਓ ਫੋਰ ਈਬੀ ਦੇ ਪੰਜਾਬੀ ਗਰੁੱਪ ਦੇ ਕਨਵੀਨਰ ਹਰਜੀਤ ਲਸਾੜਾ ਆਦਿ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਚਨਬੱਧਤਾ ਦੁਹਰਾਈ। ਮੰਚ ਸੰਚਾਲਨ ਪਰਮਿੰਦਰ ਸਿੰਘ (ਹਰਮਨ) ਵੱਲੋਂ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਪੱਧਰ ਉੱਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਗਈ।
