ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿੱਚ ਦੁਰਲੱਭ ਕਿਤਾਬਾਂ, ਹੱਥ -ਲਿਖਤਾਂ, ਨਕਸ਼ੇ ਅਤੇ ਫੋਟੋਆਂ ਦੀ ਵਿਕਰੀ ਦੇ ਹਿੱਸੇ ਵਜੋਂ ਮਸ਼ੀਨੀ ਤੌਰ ‘ਤੇ ਛਾਪੀ ਗਈ 15ਵੀਂ ਸਦੀ ਦੀ ਇੱਕ ਕਿਤਾਬ ਨੂੰ ਨੀਲਾਮੀ ਵਿੱਚ ਵੇਚਿਆ ਜਾ ਰਿਹਾ ਹੈ। ਇਹ ਕਿਤਾਬ ਜੋ ਕਿ 1493 ਵਿੱਚ ਤਿਆਰ ਕੀਤੇ ਗਏ ਨੂਰੇਮਬਰਗ ਕ੍ਰਾਨੀਕਲ (ਈਸਾਈ ਇਤਿਹਾਸ ਜੀ ਉਤਪਤੀ ਤੋਂ ਲੈ ਕੇ 1500 ਦੇ ਦਹਾਕੇ ਤੱਕ ਦੀ ਜਾਣਕਾਰੀ) ਦੀ ਕਾਪੀ ਹੈ ਅਤੇ ਇਸਦੀ 30,000 ਪੌਂਡ ਤੋਂ ਲੈ ਕੇ 40,000 ਪੌਂਡ ਤੱਕ ਵਿਕਣ ਦੀ ਉਮੀਦ ਹੈ। ਡਾਕਟਰ ਹਾਰਟਮੈਨ ਸ਼ੇਡੇਲ ਦੁਆਰਾ ਲਾਤੀਨੀ ਭਾਸ਼ਾ ਵਿੱਚ ਲਿਖੀ ਇਸ ਕਿਤਾਬ ਦਾ ਬਾਅਦ ਵਿੱਚ ਜਰਮਨ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ। ਇਹ ਕਿਤਾਬ 22 ਸਤੰਬਰ ਦਿਨ ਬੁੱਧਵਾਰ ਨੂੰ ਦੁਰਲੱਭ ਕਿਤਾਬਾਂ, ਹੱਥ -ਲਿਖਤਾਂ, ਨਕਸ਼ਿਆਂ ਅਤੇ ਫੋਟੋਆਂ ਦੀ ਵਿਕਰੀ ਦੇ ਹਿੱਸੇ ਵਜੋਂ ਨੀਲਾਮ ਕੀਤੀ ਜਾ ਰਹੀ ਹੈ। ਜੋਹਾਨਸ ਗੁਟੇਨਬਰਗ ਦੁਆਰਾ 1440 ਦੇ ਦਹਾਕੇ ਵਿੱਚ ਕੱਢੀ ਗਈ ਮਸ਼ੀਨੀ ਛਪਾਈ ਪ੍ਰੈਸ ਦੀ ਕਾਢ ਨੇ ਛਪਾਈ ਨੂੰ ਹਰੇਕ ਪੰਨੇ ਦੇ ਲਈ ਵਿਅਕਤੀਗਤ ਤੌਰ ‘ਤੇ ਉੱਕਰੀ ਹੋਈ ਲੱਕੜ ਦੇ ਛਪਾਈ ਬਲਾਕਾਂ ਦੀ ਵਰਤੋਂ ਕਰਨ ਦੀ ਬਜਾਏ ਜਾਂ ਹੱਥ ਨਾਲ ਲਿਖਣ ਦੀ ਬਜਾਏ ਬਹੁਤ ਤੇਜ਼ ਅਤੇ ਸਸਤਾ ਬਣਾ ਦਿੱਤਾ ਸੀ। ਉਸ ਸਮੇਂ ਦੋ ਵਪਾਰੀਆਂ, ਸੇਬਾਲਡ ਸ਼੍ਰੇਅਰ ਅਤੇ ਸੇਬੇਸਟਿਅਨ ਕਾਮਰਮੇਸਟਰ ਦੁਆਰਾ ਫੰਡ ਕੀਤੀ ਗਈ ਨੂਰੇਮਬਰਗ ਕ੍ਰਾਨੀਕਲ ਕਿਤਾਬ, ਯੂਰਪੀਅਨ ਪ੍ਰਿੰਟਿੰਗ ਪ੍ਰੈਸ ਤੋਂ ਛਪਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਸੀ। 22 ਸਤੰਬਰ ਨੂੰ ਲਿਓਨ ਅਤੇ ਟਰਨਬੁੱਲ ਦੁਆਰਾ ਚਲਾਈ ਜਾ ਰਹੀ ਇਹ ਨੀਲਾਮੀ ਲਾਈਵ ਆਨਲਾਈਨ ਸ਼ਾਮਲ ਹੋਣ ਲਈ ਵੀ ਉਪਲੱਬਧ ਹੋਵੇਗੀ।
