ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਕੇਸਾਂ ‘ਚ ਲਗਾਤਾਰ ਵਾਧਾ ਹੋਣ ਕਾਰਨ, ਹਸਪਤਾਲਾਂ ਵਿੱਚ ਵੀ ਕੋਰੋਨਾ ਮਰੀਜਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਦਰਜ਼ ਹੋ ਰਹੀ ਹੈ। ਕੋਵਿਡ ਮੌਤਾਂ ਅਤੇ ਹਸਪਤਾਲ ਵਿੱਚ ਦਾਖਲ ਹੋਣਾ ਯੂਕੇ ਦੇ ਸਿਹਤ ਬੋਰਡਾਂ ਦਰਮਿਆਨ ਮਾਰਚ ਮਹੀਨੇ ਦੇ ਪੱਧਰ ‘ ਤੇ ਵਾਪਸ ਆ ਰਿਹਾ ਹੈ ਅਤੇ ਫਿਲਹਾਲ ਇਸ ਗਿਣਤੀ ਦੇ ਹੇਠਾਂ ਆਉਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਵਿਡ -19 ਨਾਲ ਪੀੜਤ ਲੋਕਾਂ ਦੀ ਹਸਪਤਾਲ ਵਿੱਚ ਗਿਣਤੀ ਲਗਾਤਾਰ ਗਿਆਰ੍ਹਵੇਂ ਦਿਨ 8,000 ਤੋਂ ਉੱਪਰ ਰਹੀ ਹੈ। ਜਿਸ ਤਹਿਤ ਸ਼ਨੀਵਾਰ ਨੂੰ 8068 ਕੋਰੋਨਾ ਮਰੀਜ਼ ਹਸਪਤਾਲਾਂ ਵਿੱਚ ਦਾਖਲ ਸਨ। ਅੰਕੜਿਆਂ ਦੇ ਅਨੁਸਾਰ 31 ਅਗਸਤ ਤੋਂ ਵੈਂਟੀਲੇਟਰਾਂ ‘ਤੇ ਮਰੀਜ਼ਾਂ ਦੀ ਗਿਣਤੀ 1,000 ਤੋਂ ਉੱਪਰ ਹੀ ਰਹੀ ਹੈ। ਇਸਦੇ ਇਲਾਵਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਕੋਵਿਡ -19 ਨਾਲ ਤਕਰੀਬਨ 159,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸ਼ਨੀਵਾਰ ਨੂੰ ਹੋਰ ਨਵੇਂਂ 30,144 ਕੋਰੋਨਾ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਸਿਹਤ ਮਾਹਿਰ ਵਾਇਰਸ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਲਈ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ।
