
ਬਠਿੰਡਾ (ਅਸ਼ੋਕ ਵਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ’ਚ ਮਹੌਲ ਗਮਗੀਨ ਬਣਿਆ ਹੋਇਆ ਹੈ।ਸ਼ਨੀਵਾਰ ਸ਼ਾਮ ਨੂੰ ਜਦੋਂ ਕੈਪਟਨ ਵੱਲੋਂ ਅਸਤੀਫਾ ਦੇਣ ਦੀ ਖਬਰ ਆਈ ਤਾਂ ਪਿੰਡ ਵਾਸੀ ਹੈਰਾਨ ਰਹਿ ਗਏ। ਇੱਕ ਦਿਨ ਪਹਿਲਾਂ ਤੱਕ ਕਿਸੇ ਨੇ ਸੋਚਿਆ ਨਹੀਂ ਸੀ ਕਿ ਸਾਲ 2017 ’ਚ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਨੇ ਪਲਕਾਂ ਤੇ ਬਿਠਾਇਆ ਸੀ ਉਸ ਨੂੰ ਇੰਜ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ । ਉਹ ਵੀ ਉਸ ਵਕਤ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਮਸਾਂ ਛੇ ਕੁ ਮਹੀਨਿਆਂ ਦਾ ਸਮਾਂ ਬਚਿਆ ਹੈ। ਮਹੱਤਵਪੂਰਨ ਤੱਥ ਹੈ ਕਿ ਆਪਣੀ ਸਾਲ 2002 ਵਾਲੀ ਪਾਰੀ ਦੀ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਮਹਿਰਾਜ਼ ’ਚ ਗੇੜੇ ਤਾਂ ਨਹੀਂ ਮਾਰੇ ਫਿਰ ਵੀ ਪਿੰਡ ਵਾਸੀਆਂ ਲਈ ਕੈਪਟਨ ਹਮੇਸ਼ਾ ਮਹਾਰਾਜਾ ਹੀ ਰਿਹਾ। ਪਿੰਡ ਵਾਸੀ ਮੰਨਦੇ ਹਨ ਕਿ ਕੈਪਟਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਹਿਲਾਂ ਵਾਲੀ ਪੁੱਛ ਪ੍ਰਤੀਤ ਨਹੀਂ ਰਹਿਣੀ।ਇਸ ਦੀ ਪੁਖਤਾ ਮਿਸਾਲ ਸਾਲ 2018 ਦੌਰਾਨ ਤਾਂ ਪਿੰਡ ਦੇ ਜਾਮ ਹੋਏ ਸੀਵਰੇਜ ਨੂੰ ਖੋਲ੍ਹਣ ਦੇ ਮਾਮਲੇ ’ਚ ਮਿਲਦੀ ਹੈ ਜਦੋਂ ਪਿੰਡ ਵਾਸੀ ਅਫਸਰਾਂ ਨੂੰ ਸਿੱਧੇ ਹੋ ਗਏ ਸਨ ਅਤੇ ਉਨ੍ਹਾਂ ਚੁੱਪ ਚਾਪ ਸੁਣ ਲਿਆ ਸੀ। ਅਮਰਿੰਦਰ ਦੀ ਪਿਛਲੀ ਪਾਰੀ ਦੌਰਾਨ ਮਹਿਰਾਜ ਦੇ ਵਿਕਾਸ ਲਈ 18 ਕਰੋੜ ਖ਼ਰਚੇ ਗਏ ਸਨ । ਪੂਰੇ ਪਿੰਡ ’ਚ ਸੀਵਰੇਜ ਪਾ ਦਿੱਤਾ ਅਤੇ ਕੰਕਰੀਟ ਦੀਆਂ ਗਲੀਆਂ ਬਣਾਈਆਂ ਸਨ। ਬੇਸ਼ੱਕ ਬਾਅਦ ’ਚ ਇਹੋ ਸੀਵੇਰਜ਼ ਪਿੰਡ ਵਾਸੀਆਂ ਲਈ ਨਾਸੂਰ ਵੀ ਬਣ ਗਿਆ ਸੀ। ਅਜਿਹੇ ਹਾਲਾਤਾਂ ਦੇ ਬਾਵਜੂਦ ਮਹਿਰਾਜ ਵਾਸੀਆਂ ਨੇ ਕੈਪਟਨ ਦਾ ਸਾਥ ਨਹੀਂ ਛੱਡਿਆ ਸੀ।ਦੱਸਣਯੋਗ ਹੈ ਕਿ ਬਾਹੀਏ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ਼ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਮਹਿਰਾਜ ਦੇ ਲੋਕ ਮਹਾਰਾਜੇ ਦੇ ਨਾਮ ‘ਤੇ ਕਾਂਗਰਸ ਨੂੰ ਵੋਟਾਂ ਪਾਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਿਧਾਨ ਸਭਾ ਲਈ ਚੋਣ ਮੁਹਿੰਮ ਦਾ ਅਗਾਜ਼15 ਜਨਵਰੀ 2017 ਨੂੰ ਪਿੰਡ ਮਹਿਰਾਜ ਤੋਂ ਮੱਥਾ ਟੇਕ ਕੇ ਕੀਤਾ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਦਿਆਂ ਹੀ ਮਹਿਰਾਜ ਦੇ ਕਾਂਗਰਸੀਆਂ ’ਚ ਜਾਨ ਪੈ ਗਈ ਸੀ ਜਿੰਨ੍ਹਾਂ ਨੂੰ ਅਕਾਲੀ ਦਲ ਦੇ ਰਾਜ ਭਾਗ ’ਚ ਪੁਲਿਸ ਕੇਸਾਂ ਦਾ ਸੰਤਾਪ ਹੰਢਾਉਣਾ ਪਿਆ ਸੀ। ਭਾਵੇਂ ਮਹਿਰਾਜ ਦੇ ਲੋਕ ਨਾਰਾਜ਼ ਹਨ ਕਿ ਕੈਪਟਨ ਨੇ ਮੁੱਖ ਮੰਤਰੀ ਬਣਨ ਮਗਰੋਂ ਪਿੰਡ ਦਾ ਗੇੜਾ ਨਹੀਂ ਮਾਰਿਆ ਸਿਰਫ ਕਰਜਾ ਮੁਆਫੀ ਸਮਾਗਮ ’ਚ ਸ਼ਾਮਲ ਹੋਣ ਲਈ ਆਏ ਸਨ ਫਿਰ ਵੀ ਉਨ੍ਹਾਂ ਕੈਪਟਨ ਨੂੰ ਲਾਹੁਣ ਦੇ ਢੰਗ ਤਰੀਕਆਂ ਦਾ ਬੁਰਾ ਮਨਾਇਆ ਹੈ। ਪੰਜਾਬ ਕਾਂਗਰਸ ਦੇ ਸਕੱਤਰ ਜਸਵੀਰ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਭਾਗ ਦੌਰਾਨ ਪਿੰਡ ਵਾਸੀਆਂ ਦੀ ਇੱਕ ਵੱਖਰੀ ਹੀ ਠੁੱਕ ਸੀ ਜੋ ਹੁਣ ਖਤਮ ਹੋ ਜਾਏਗੀ। ਉਨ੍ਹਾਂ ਆਖਿਆ ਕਿ ਪਿੰਡ ਦੇ ਵਿਕਾਸ ਪ੍ਰਜੈਕਟਾਂ ਨੂੰ ਲੈਕੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸਮੇਤ ਵੱਖ ਵੱਖ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਉਨ੍ਹਾਂ ਸਮੇਤ ਪਿੰਡ ਦੇ ਦੂਸਰੇ ਲੀਡਰਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਸੀ। ਉਨ੍ਹਾਂ ਆਖਿਆ ਕਿ ਪਿੰਡ ਵਾਸੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਇੰਨ੍ਹਾਂ ਵਿਕਾਸ ਪ੍ਰਜੈਕਟਾਂ ਦੇ ਨੇਪਰੇ ਚੜ੍ਹਨ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਆਖਿਆ ਕਿ ਬੇਸ਼ੱਕ ਅੰਦਰਲੀ ਗੱਲ ਨੂੰ ਤਾਂ ਕੋਈ ਨਹੀਂ ਜਾਣਦਾ ਪਰ ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਹੈ ਉਸ ਨਾਲ ਭਵਿੱਖ ’ਚ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ।
ਮਹਿਰਾਜ ਲਈ ਕੈਪਟਨ ਹਮੇਸ਼ਾ ਮਹਾਰਾਜਾ: ਪ੍ਰਧਾਨ
ਨਗਰ ਪੰਚਾਇਤ ਮਹਿਰਾਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਉਰਫ ਬੀਰਾ ਸਰਪੰਚ ਨੇ ਕਿਹਾ ਕਿ ਮਹਿਰਾਜ ਵਾਸੀਆਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਿਆਸੀ ਸਾਂਝ ਨਹੀਂ ਬਲਕਿ ਇੱਕ ਭਾਈਚਾਰਕ ਮੋਹ ਪਿਆਰ ਹੈ ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕੈਪਟਨ ਕਿਤੇ ਵੀ ਰਾਜਨੀਤੀ ਕਰਨ ਉਹ ਪਿੰਡ ਵਾਸੀਆਂ ਦੇ ਹਮੇਸ਼ਾ ਦਿਲਾਂ ਵਿੱਚ ਮਹਾਰਾਜ ਦੇ ਤੌਰ ਤੇ ਰਹਿਣਗੇ। ਉਨ੍ਹਾਂ ਆਖਿਆ ਕਿ ਕੈਪਟਨ ਦੇ ਰਾਜ ’ਚ ਪਿੰਡ ਵਾਸੀਆਂ ਨੂੰ ਅਧਿਕਾਰੀਆਂ ਅਤੇ ਹੋਰ ਹਲਕਿਆਂ ਵੱਲੋਂ ਪੂਰਾ ਮਾਣ ਤਾਣ ਦਿੱਤਾ ਜਾਂਦਾ ਸੀ ਜਿਸ ’ਚ ਹੁਣ ਕਟੌਤੀ ਹੋਣਾ ਨਿਰਸੰਦੇਹ ਹੈ। ਉਨ੍ਹਾਂ ਆਖਿਆ ਕਿ ਕੈਪਟਨ ਨੂੰ ਹਟਾਉਣ ਦਾ ਪਿੰਡ ਵਾਸੀਆਂ ਨੇ ਸਿਆਸੀ ਵੰਡੀਆਂ ਤੋਂ ਉੱਪਰ ਉੱਠ ਕੇ ਬੁਰਾ ਮਨਾਇਆ ਹੈ।
ਮਹਿਰਾਜ਼ ਦੇ ਰੰਗ ਫਿੱਕੇ ਪਏ:ਬਾਹੀਆ
ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਨੇ ਤਾਂ ਪਿੰਡ ਮਹਿਰਾਜ ਦੇ ਰੰਗ ਹੀ ਫਿੱਕੇ ਪਾ ਦਿੱਤੇ ਹਨ। ਉਨ੍ਹਾਂ ਆਖਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇਖਣ ਆਈ ਸੀ ਤਾਂ ਖੁਸ਼ੀ ‘ਚ ਖੀਵੇ ਹੋਏ ਪਿੰਡ ਵਾਸੀਆਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਇਆ ਅਤੇ ਲੱਡੂ ਵੀ ਵੰਡੇ ਪ੍ਰੰਤੂ ਹੁਣ ਤਾਂ ਚਾਰੇ ਪਾਸੇ ਚੁੱਪ ਦਾ ਪਸਾਰਾ ਹੈ। ਉਨ੍ਹਾਂ ਆਖਿਆ ਕਿ ਕੈਪਟਨ ਦੀ ਸੱਤਾ ਜਾਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਕੈਪਟਨ ਨਾਲ ਹਨ।
