ਬਹੁਤ ਸਾਰੇ ਇਨਸਾਨਾਂ ਦੀ ਜ਼ਿੰਦਗੀ ਬੜੀ ਖੂਬਸੂਰਤ ਲਗਦੀ ਹੁੰਦੀ ਆ, ਪਰ ਉਸ ਦੇ ਪਿਛੇ ਉਸ ਦਾ ਸੰਘਰਸ਼ ਅਤੇ ਮਿਹਨਤ ਦਿਖਾਈਂ ਨਹੀ ਦਿੰਦੀ। ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਆ। ਅੱਜ ਮੈਂ ਅਜਿਹੀ ਹੋਣਹਾਰ ਲੜਕੀ ਦੀ ਗੱਲ ਕਰਨ ਜਾ ਰਿਹਾ ਹਾ ਜਿਨਾਂ ਨੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਮੁਕਾਮ ਹਾਸਲ ਕੀਤਾ ਏ, ਜਿਸ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਅਤੇ ਲਗਨ ਦੀ ਜ਼ਰੂਰਤ ਪੈਂਦੀ ਹੈ, ਉਸ ਗਾਇਕਾ ਅਤੇ ਅਦਾਕਾਰਾ ਦਾ ਨਾਮ ਏ ਹਰਮੀਤ ਜੱਸੀ, ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਦੀ ਜ਼ਿੰਦਗੀ ਦਾ ਸਫ਼ਰ ਨੰਗੇ ਪੈਰੀਂ ਕੰਡਿਆਂ ਤੇ ਤੁਰਨ ਦੇ ਬਰਾਬਰ ਆ, ਜਿਨਾਂ ਨੇ ਪੂਰੀ ਜ਼ਿੰਦਗੀ ਸੈਂਕੜੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਮੁਕਾਮ ਹਾਸਲ ਕਰ ਲਿਆ, ਜਿਸ ਦਾ ਸੁਪਨਾ ਲੰਮੇ ਸਮੇਂ ਤੋਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਸੀ । ਅੱਜ ਹਰਮੀਤ ਜੱਸੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹੈ। ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਅੱਜ ਕੱਲ ਇੰਗਲੈਂਡ ਵਿੱਚ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਥ ਹਨ।
ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਦਾ ਜਨਮ ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਵਿਖੇ ਪਿਤਾ ਸਵ: ਹਰਦੇਵ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ, ਮੁੱਢਲੀ ਸਿੱਖਿਆ ਤੋਂ ਬਾਅਦ ਆਰਟ ਐਂਡ ਕਰਾਫਟ ਦਾ ਡਿਪਲੋਮਾ ਮਲੋਟ ਤੋਂ ਕੀਤਾ, ਪਰ ਬਚਪਨ ਤੋਂ ਅਦਾਕਾਰੀ ਦਾ ਸ਼ੌਕ ਜਵਾਨ ਹੋ ਰਿਹਾਂ ਸੀ, ਕਿਉਂਕਿ ਹਰਮੀਤ ਜੱਸੀ ਦਾ ਭਰਾ ਤਰਸੇਮ ਸਿੰਘ ਬਹੁਤ ਵਧੀਆ ਥੀਏਟਰ ਦਾ ਕਲਾਕਾਰ ਸੀ, ਪੂਰੇ ਇਲਾਕੇ ਵਿੱਚ ਉਹਨਾ ਦੀ ਵੱਖਰੀ ਪਹਿਚਾਣ ਸੀ, ਇਸ ਕਰਕੇ ਹਰਮੀਤ ਜੱਸੀ ਨੇ ਆਪਣੀ ਅਦਾਕਾਰੀ ਥੀਏਟਰ ਤੋਂ ਸ਼ੁਰੂ ਕਰਕੇ ਅੱਜ ਪਾਲੀਵੁੱਡ, ਹਾਲੀਵੁੱਡ ਤੱਕ ਆਪਣੀਂ ਅਦਾਕਾਰੀ ਦਾ ਸਫ਼ਰ ਤੈਅ ਕਰ ਲ਼ਿਆ ਹੈ, ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਉਦੋਂ ਹੋਇਆਂ ਜਦੋਂ ਉੱਗਲ ਫੜ ਕੇ ਅਦਾਕਾਰੀ ਦੇ ਖੇਤਰ ਵਿੱਚ ਲਿਆਉਣ ਵਾਲਾ ਵੱਡਾ ਭਰਾ ਤਰਸੇਮ ਸਿੰਘ ਇੱਕ ਰੋਡ ਐਕਸੀਡੈਂਟ ਵਿਚ ਸਦਾ ਲਈ ਵਿਛੜ ਗਿਆ, ਉਸ ਤੋਂ ਬਾਅਦ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਇੱਕ ਵਾਰ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਭੂਚਾਲ ਆ ਗਿਆ, ਪਰ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਜਿਥੇ ਆਪਣੀ ਕਲਾ ਨੂੰ ਲੰਮੇ ਕਦਮਾਂ ਨਾਲ ਅੱਗੇ ਤੋਰਿਆ ਉਥੇ ਆਪਣੇ ਪੂਰੇ ਪਰਿਵਾਰ ਨੂੰ ਸੰਭਾਲਿਆ, ਆਪਣੀ ਬਿਮਾਰ ਮਾਤਾ ਦਾ ਇਲਾਜ਼ ਚੰਗੇ ਡਾਕਟਰਾ ਤੋਂ ਕਰਵਾ ਕੇ, ਮਾਂ ਦੀ ਮਮਤਾ ਦੀ ਛਾਂ ਥੱਲੇ ਕਲਾਂ ਦੇ ਖੇਤਰ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ।
ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਅਨੇਕਾਂ ਪਰਿਵਾਰਕ, ਸਮਾਜਿਕ, ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ, ਬੰਬੀਹਾ ਬੋਲੇ, ਪੰਜਾਬ, ਨਸ਼ੇੜੀ, ਭੇਤ ਦਿਲ ਦੇ, ਮਾਂ ਕੀਹਦੇ ਹਿੱਸੇ, ਕਮੀਨੇ ਬੰਦੇ, ਬੰਬੀਹਾ ਇੱਕ ਦਰਦ ਕਹਾਣੀ, ਕਰਜ਼ਾ ਮਾਵਾਂ ਦਾ, ਵਰਗੇ ਸੈਂਕੜੇ ਗੀਤਾਂ ਨੂੰ ਪੰਜਾਬੀਆਂ ਨੇ ਪ੍ਰਵਾਨ ਕੀਤੇ, ਆਪਣੇ ਗੀਤਾਂ ਰਾਹੀਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕੋਸ਼ਿਸ਼ ਕੀਤੀ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ, ਬੰਬੀਹਾ ਬੋਲੇ ਗੀਤ ਤੇ ਰਾਤੋ ਰਾਤ ਲੱਖਾ ਲੋਕਾ ਨੇ ਆਪਣੇ ਕਮੈਟ, ਲਾਇਕ, ਸ਼ੇਅਰ ਰਾਹੀ ਸਾਥ ਦਿੱਤਾ ਅਤੇ ਪੂਰੀ ਦੁਨੀਆ ਵਿੱਚ ਵਿੱਚ ਗਾਇਕਾ ਹਰਮੀਤ ਜੱਸੀ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਬਣ ਗਈ।
ਗਾਇਕਾਂ ਅਤੇ ਅਦਾਕਾਰਾ ਹਰਮੀਤ ਜੱਸੀ ਨੇ ਹੁਣ ਤੱਕ 400 ਤੋਂ ਵੱਧ ਪੰਜਾਬੀ ਟੈਲੀਫਿਲਮਾ , ਫੀਚਰ ਫਿਲਮਾਂ ਅਤੇ ਟੀ ਵੀ ਸੀਰੀਅਲਾਂ ਵਿਚ ਕੰਮ ਕਰਕੇ ਇੱਕ ਸਫਲ ਅਦਾਕਾਰਾਂ ਵਜੋਂ ਭੂਮਿਕਾ ਨਿਭਾਈ। ਬਹੁਤ ਸਾਰੀਆਂ ਪੰਜਾਬੀ ਫੀਚਰ ਫਿਲਮਾਂ ਵਿਚੋਂ ਕੁਝ ਰਿਲੀਜ਼ ਹੋ ਚੁੱਕੀਆਂ ਹਨ ਕੁਝ ਆਉਂਣ ਵਾਲੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਰਾਜ ਬਰਾੜ ਦੀ ਫਿਲਮ ” ਆਮ ਆਦਮੀ” ਸੁਖਵਿੰਦਰ ਸੁੱਖੀ ਦੀ ਫਿਲਮ “ਪੀ ਬੀ0 931”, ਦਿਲਾਵਰ ਸਿੱਧੂ ਦੀ ਫਿਲਮ “ਹੈਲੋ ਘੰਟੀ ਪਿਆਰ ਦੀ”, ਇਸ ਤੋਂ ਇਲਾਵਾ ਪੀ ਟੀ ਸੀ ਦੇ ਖੂਬਸੂਰਤ ਪ੍ਰਾਜੈਕਟ ਰੱਜੋ, ਮੂਲਮੰਤਰ, ਜਿੰਦਰਾ, ਸੋਂਹ ਮਿਟੀ ਦੀ, ਗੁਰਚੇਤ ਚਿੱਤਰਕਾਰ ਦੀ ਫ਼ਿਲਮ ਭੂਆ ਅਤੇ ਅੜਬ ਪ੍ਰਹੁਣਾ, ਹੁਣ ਇੰਗਲੈਂਡ ਦੇ ਵਿੱਚ ਮਿੰਟੂ ਜੱਟ ਦੀ ਫਿਲਮ ਭਾਨੇ ਦੀ ਯੂ ਕੇ ਫੇਰੀ ਦੀ ਸ਼ੂਟਿੰਗ ਚੱਲ ਰਹੀ ਹੈ, ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਇੱਕ ਮਹੀਨੇ ਤੋਂ ਇੰਗਲੈਂਡ ਸ਼ੂਟ ਤੇ ਗਏ ਹੋਏ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਯਾਦਗਾਰੀ ਰੋਲ ਅਦਾ ਕੀਤੇ, ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸ਼ੋਅਜ਼ ਰਾਹੀਂ ਆਪਣੀ ਗਾਇਕੀ ਦੇ ਜੌਹਰ ਦਿਖਾਏ ਜਿਨਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ, ਪੰਜਾਬ ਦਾ ਕੋਈ ਅਜਿਹਾ ਮੇਲਾ ਨਹੀ ਹੋਣਾ ਜਿਥੇ ਗਾਇਕਾ ਹਰਮੀਤ ਜੱਸੀ ਨੇ ਆਪਣੀ ਹਾਜ਼ਰੀ ਨਾ ਲਗਾਈ ਹੋਵੇ।
ਕੰਡਿਆਂ ਦੀ ਸੇਜ ਵਰਗੀ ਜ਼ਿੰਦਗੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਫੁੱਲਾਂ ਦੀ ਸੇਜ ਬਣਾਉਣਾ ਕੋਈ ਸੌਖਾ ਨਹੀ ਹੁੰਦਾ ਪਰ ਇਸ ਮੁਸ਼ਕਲ ਕੰਮ ਨੂੰ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਨੇ ਸੱਚ ਕਰ ਦਿਖਾਇਆ ਹੈ, ਇੱਕ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਈ, ਜ਼ਿੰਦਗੀ ਦੇ ਹਰ ਮੋੜ ਤੇ ਮਸੀਬਤਾਂ ਦਾ ਸਾਹਮਣਾ ਕੀਤਾਂ, ਜਵਾਨ ਭਰਾ ਦੀ ਮੌਤ, ਪਿਤਾ ਜੀ ਦੀ ਮੌਤ, ਮਾਂ ਦਾ ਬਿਮਾਰ ਹੋਣਾ, ਹਰ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਲੰਮੇ ਕਦਮਾਂ ਨਾਲ ਅੱਗੇ ਵੱਧਦੀ ਗਈ, ਅੱਜ ਪੂਰੇ ਪੰਜਾਬੀਆਂ ਨੂੰ ਮਾਣ ਹੈ ਇਸ ਪੰਜਾਬ ਦੀ ਧੀ ਉਤੇ, ਜਿਥੇ ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਬਣ ਕੇ ਸੱਚੇ ਦਿਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਥੇ ਆਪਣੇ ਗੀਤਾਂ ਰਾਹੀਂ ਸਮਾਜ ਦੀ ਹਰ ਬੁਰਾਈ ਤੇ ਕਰਾਰੀ ਚੋਟ ਕੀਤੀ। ਹਮੇਸ਼ਾਂ ਉਹਨਾ ਲੋਕਾਂ ਦਾ ਧੰਨਵਾਦ ਕਰਦੀ ਹੈ ਜਿਨਾਂ ਨੇ ਉਹਨਾ ਦਾ ਰੱਜ ਕੇ ਸਾਥ ਦਿੱਤਾ ਜਿਨਾਂ ਵਿਚੋਂ ਪ੍ਰਮੁੱਖ ਹਨ ਪੱਤਰਕਾਰ ਕੁਲਵੰਤ ਛਾਜਲੀ, ਪੱਤਰਕਾਰ ਨਿੰਦਰ ਕੋਟਲੀ, ਪੱਤਰਕਾਰ ਕਰਮ ਸੰਧੂ, ਗਾਇਕ ਅਤੇ ਸੰਗੀਤਕਾਰ ਡੀ ਗਿੱਲ, ਗੀਤਾਂ ਵਿੱਚ ਉਹਨਾ ਦਾ ਸਾਥ ਨਿਭਾਉਣ ਵਾਲੀ ਗਾਇਕਾ ਨੂਰ ਦੀਪ ਨੂਰ,
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ,

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)