ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਵਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ, ਐਂਬੂਲੈਂਸ ਸੇਵਾ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਸੰਕਟ ਦੇ ਚਲਦਿਆਂ ਮਰੀਜ਼ਾਂ ਨੂੰ ਘੰਟਿਆਂ ਬੱਧੀ ਐਂਬੂਲੈਂਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਲਈ ਸਕਾਟਲੈਂਡ ਸਰਕਾਰ ਵੱਲੋਂ ਐਂਬੂਲੈਂਸ ਸੇਵਾ ਦੀ ਸਹਾਇਤਾ ਵਾਸਤੇ ਡਿਫੈਂਸ ਵਿਭਾਗ ਨੂੰ ਫੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ। ਰੱਖਿਆ ਮੰਤਰਾਲੇ (ਐਮ ਓ ਡੀ) ਨੇ ਪੁਸ਼ਟੀ ਕੀਤੀ ਹੈ ਕਿ ਐਂਬੂਲੈਂਸ ਸੇਵਾ ਵਿੱਚ ਸੰਕਟ ਨਾਲ ਨਜਿੱਠਣ ਲਈ ਸਕਾਟਿਸ਼ ਸਰਕਾਰ ਨੇ ਅਧਿਕਾਰਤ ਤੌਰ ‘ਤੇ ਫੌਜ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ, ਜੋ ਕਿ ਮਿਲਟਰੀ ਏਡ ਟੂ ਸਿਵਲੀਅਨ ਅਥਾਰਟੀ ਪ੍ਰਕਿਰਿਆ ਦੇ ਅਧੀਨ ਪ੍ਰਾਪਤ ਹੋਈ ਹੈ। ਐਮ ਓ ਡੀ ਦੁਆਰਾ ਇਸ ਬੇਨਤੀ ਲਈ ਸਿਵਲ ਅਥਾਰਟੀਆਂ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਅਤੇ ਮਿਲਟਰੀ ਦੀ ਤਾਇਨਾਤੀ ਕਰਨ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਕਿਹਾ ਹੈ ਕਿ ਸਕਾਟਿਸ਼ ਸਰਕਾਰ ਐਂਬੂਲੈਂਸ ਸੇਵਾ ਲਈ ਫੌਜ ਤਾਇਨਾਤ ਕਰਨ ਲਈ ਗੱਲਬਾਤ ਕਰ ਰਹੀ ਹੈ। ਸਟਰਜਨ ਅਨੁਸਾਰ ਮਰੀਜ਼ਾਂ ਲਈ ਐਂਬੂਲੈਂਸ ਦੇ ਇੰਤਜ਼ਾਰ ਦਾ ਸਮਾਂ ਸਵੀਕਾਰਯੋਗ ਨਹੀਂ ਹੈ। ਸਟਰਜਨ ਨੇ ਉਨ੍ਹਾਂ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ, ਜਿਨ੍ਹਾਂ ਨੇ ਐਂਬੂਲੈਂਸਾਂ ਦੀ ਲੰਮੀ ਉਡੀਕ ਕੀਤੀ। ਜਿਨ੍ਹਾਂ ਵਿੱਚ 65 ਸਾਲਾ ਗੇਰਾਰਡ ਬ੍ਰਾਨ, ਗਲਾਸਗੋ ਵੀ ਸ਼ਾਮਲ ਹੈ, ਜਿਸਦੀ ਇਲਾਜ ਲਈ 40 ਘੰਟਿਆਂ ਤੱਕ ਐਂਬੂਲੈਂਸ ਦੀ ਉਡੀਕ ਕਰਦਿਆਂ ਮੌਤ ਹੋ ਗਈ ਸੀ।
