ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਐਂਬੂਲੈਂਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਸੰਕਟ ਦੇ ਚਲਦਿਆਂ ਜਿਆਦਾਤਰ ਮਰੀਜਾਂ ਨੂੰ ਐਂਬੂਲੈਂਸ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸੰਕਟ ਦੇ ਕਾਰਨ ਗਲਾਸਗੋ ਦੇ ਇੱਕ 65 ਸਾਲਾਂ ਬਜੁਰਗ ਨੇ ਘਰ ਵਿੱਚ 40 ਘੰਟਿਆਂ ਤੱਕ ਐਂਬੂਲੈਂਸ ਦੇ ਆਉਣ ਦੀ ਉਡੀਕ ਕੀਤੀ, ਜਿਸਦੇ ਸਿੱਟੇ ਵਜੋਂ ਉਸਦੀ ਮੌਤ ਹੋ ਗਈ। ਗੇਰਾਰਡ ਬ੍ਰਾਨ ਨਾਮ ਦਾ ਇਹ ਵਿਅਕਤੀ 6 ਸਤੰਬਰ ਨੂੰ ਗਲਾਸਗੋ ਵਿੱਚ ਆਪਣੇ ਘਰ ਡਿੱਗ ਪਿਆ, ਪਰ ਐਂਬੂਲੈਂਸ ਸੇਵਾ 8 ਸਤੰਬਰ ਬੁੱਧਵਾਰ ਨੂੰ ਉਸ ਸਮੇਂ ਤੱਕ ਪਹੁੰਚੀ ਜਦੋਂ ਉਸਦੀ ਮੌਤ ਹੋ ਗਈ ਸੀ। ਇਹ ਬਜੁਰਗ ਕੈਂਸਰ ਤੋਂ ਠੀਕ ਹੋਇਆ ਸੀ ਤੇ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ। ਇਹ ਸਾਬਕਾ ਇੰਜੀਨੀਅਰ ਡੰਬਰੇਕ ਦੇ ਆਪਣੇ ਘਰ ਵਿੱਚ ਡਿੱਗ ਗਿਆ ਸੀ ਅਤੇ ਦਰਵਾਜ਼ਾ ਖੋਲ੍ਹਣ ਲਈ ਅਸਮਰੱਥ ਸੀ। ਇਸ ਦੌਰਾਨ ਉਸਨੂੰ ਆਕਸੀਜਨ ਦੇ ਇਲਾਜ ਦੀ ਜ਼ਰੂਰਤ ਸੀ। ਇੱਕ ਵਿਅਕਤੀ ਨੇ ਉਸਨੂੰ ਬੁਰੀ ਹਾਲਤ ‘ਚ ਦੇਖ ਐਂਬੂਲੈਂਸ ਲਈ ਕਾਲ ਕੀਤੀ, ਪਰ ਬਜੁਰਗ ਨੂੰ 40 ਘੰਟਿਆਂ ਤੱਕ ਐਂਬੂਲੈਂਸ ਸੇਵਾ ਪ੍ਰਾਪਤ ਨਹੀਂ ਹੋਈ। ਸਿਹਤ ਮਾਹਿਰਾਂ ਅਨੁਸਾਰ ਜੇ ਐਂਬੂਲੈਂਸ ਸਮੇਂ ਸਿਰ ਪਹੁੰਚ ਕਰਦੀ ਤਾਂ ਬਜੁਰਗ ਦੀ ਜਾਨ ਬਚ ਸਕਦੀ ਸੀ। ਸਕਾਟਿਸ਼ ਫੈਟਲਿਟੀਜ਼ ਇਨਵੈਸਟੀਗੇਸ਼ਨ ਯੂਨਿਟ ਦੇ ਨਿਰਦੇਸ਼ਾਂ ਅਧੀਨ ਮੌਤ ਦੀ ਜਾਂਚ ਜਾਰੀ ਹੈ ਅਤੇ ਕਿਸੇ ਵੀ ਮਹੱਤਵਪੂਰਨ ਘਟਨਾਕ੍ਰਮ ਦੇ ਸੰਬੰਧ ਵਿੱਚ ਪਰਿਵਾਰ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ। ਇਸ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਮਾਫੀ ਮੰਗਦਿਆਂ ਦੁੱਖ ਪ੍ਰਗਟ ਕੀਤਾ ਹੈ।
