ਪੂਜਾ ਸ਼ਰਮਾ

ਭਾਰਤੀ ਗ੍ਰੰਥਾਂ ਵਿੱਚ ਧਰਤੀ ਨੂੰ ਮਾਂ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ। ਸੌਰ ਮੰਡਲ ਦੇ 8 ਗ੍ਰਹਿਆਂ ਵਿੱਚੋਂ ਸਿਰਫ ਧਰਤੀ ਹੀ ਹੈ ਜਿੱਥੇ ਜੀਵਨ ਹੈ। ਅਤੇ ਇਹ ਧਰਤੀ ਬਿਨਾਂ ਕੋਈ ਭੇਦ-ਭਾਵ ਕੀਤੇ ਸਭ ਮਨੁੱਖ ਅਤੇ ਪਸ਼ੂ ਪੰਛੀਆਂ ਦਾ ਪਾਲਣ-ਪੋਸ਼ਣ ਸਦੀਆਂ ਤੋਂ ਕਰਦੀ ਆਈ ਹੈ। ਇਸ ਧਰਤੀ ਉੱਤੇ ਜੰਗਲ਼, ਨਦੀ, ਝਰਨਾ, ਪਹਾੜ, ਸਮੁੰਦਰ, ਕਈ ਤਰ੍ਹਾਂ ਦੇ ਪਸ਼ੂ, ਪੰਛੀ ਮਨੁੱਖ ਅਤੇ ਹੋਰ ਪ੍ਰਜਾਤੀਆਂ ਨਿਵਾਸ ਕਰਦੀਆਂ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਮਨੁੱਖ ਨੇ ਲਾਲਚ ਅਤੇ ਭੌਤਿਕ ਵਿਕਾਸ ਦੀ ਦੌੜ ਵਿੱਚ ਧਰਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਜਿਸ ਦਾ ਨਤੀਜਾ ਅਸੀਂ ਕਦੇ ਸਮੁੰਦਰੀ ਤੂਫ਼ਾਨ, ਚੱਕਰਵਾਤ, ਸੋਕਾ, ਜੰਗਲਾਂ ਵਿੱਚ ਅੱਗ ਅਤੇ ਮਨੁੱਖੀ ਬਿਮਾਰੀਆਂ ਦੇ ਰੂਪ ਵਿੱਚ ਦੇਖ ਰਹੇ ਹਾਂ।

ਪਿਛਲੇ ਸਾਲ ਪੂਰੇ ਸੰਸਾਰ ਨੂੰ 409 ਬਾਰ ਕੁਦਰਤੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਵਿੱਚ ਇਦਈ ਚੱਕਰਵਾਤ ਨੇ ਲੱਖਾਂ ਮਨੁੱਖਾਂ ਨੂੰ ਆਪਣਾ ਸ਼ਿਕਾਰ ਬਣਾਇਆ। ਭਾਰਤ ਵਿਚ ਆਂਧਰਾ ਪ੍ਰਦੇਸ਼, ਉੜੀਸਾ ਅਤੇ ਬੰਗਲਾਦੇਸ਼ ਵਿੱਚ ਫ਼ਾਨੀ ਨਾਂ ਦੇ ਚੱਕਰਵਾਤ ਦਾ ਕਹਿਰ ਦੇਖਣ ਨੂੰ ਮਿਲਿਆ। ਵਿਕਸਿਤ ਜਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਤਕਰਾ ਕੀਤੇ ਬਿਨਾਂ ਧਰਤੀ ਨੇ ਆਪਣਾ ਵਿਕਰਾਲ ਰੂਪ ਹਰ ਥਾਂ ਤੇ ਦਿਖਾਇਆ। ਸੰਨ 1851 ਤੋਂ ਬਾਅਦ 2019 ਧਰਤੀ ਅਤੇ ਸਮੁੰਦਰ ਲਈ ਸਭ ਤੋਂ ਵੱਧ ਗਰਮ ਸਾਲ ਰਿਹਾ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਸ ਸਾਲ ਹੀਟ ਵੇਵਜ਼ (Heat Waves) ਨੇ ਡੇਢ ਲੱਖ ਲੋਕਾਂ ਦੀ ਜਾਨ ਲਈ। ਇਸ ਸਾਲ ਧਰਤੀ ਦੇ ਤਾਪਮਾਨ ਵਿਚ 0.95 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲਿਆ।
ਇਸ ਸਾਲ ਜਨਵਰੀ 2020 ਵਿੱਚ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਜੰਗਲਾਂ ਨੂੰ ਅੱਗ ਲੱਗੀ ਜਿਸ ਨੇ 34 ਮਨੁੱਖਾਂ ਦੀ ਜਾਨ ਲੈ ਲਈ। 18.6 ਮਿਲੀਅਨ ਹੈਕਟੇਅਰ ਜੰਗਲ ਜਲ ਕੇ ਤਬਾਹ ਹੋ ਗਏ। ਪਿਛਲੇ ਸਾਲ ਬ੍ਰਾਜ਼ੀਲ ਦੇ ਅਮੇਜਨ ਜੰਗਲ ਵਿੱਚ 74155 ਵਾਰ ਅੱਗ ਲੱਗੀ। ਕੋਰੋਨਾ ਵਾਇਰਸ ਦੇ ਰੂਪ ਵਿੱਚ ਧਰਤੀ ਦਾ ਕਹਿਰ ਹੁਣ ਵੈਸ਼੍ਵਿਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਸੰਸਾਰ ਭਰ ਦੇ ਇੱਕ ਲੱਖ ਸੱਠ ਹਜ਼ਾਰ ਲੋਕ ਮਰ ਚੁੱਕੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਜੀਵਨ ਲਈ ਸੰਘਰਸ਼ ਕਰ ਰਹੇ ਹਨ।
ਇਹ ਸਭ ਕੁਦਰਤੀ ਆਫ਼ਤਾਂ ਦਾ ਕਾਰਨ ਮਨੁੱਖ ਖੁਦ ਹੈ। ਉਦਯੋਗਿਕ ਕ੍ਰਾਂਤੀ ਦੇ ਜਨਮ ਤੋਂ ਬਾਅਦ ਮਸ਼ੀਨਾਂ ਕਾਰਖਾਨਿਆਂ ਦੁਆਰਾ ਵਸਤਾਂ ਦਾ ਉਤਪਾਦਨ ਹੋਣ ਲੱਗ ਪਿਆ। ਮਨੁੱਖ ਜੰਗਲਾਂ ਦੀ ਕਟਾਈ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਲੱਗਿਆ ਹੋਇਆ ਹੈ। ਜਿਸ ਦਾ ਪ੍ਰਭਾਵ ਇਹ ਹੋ ਰਿਹਾ ਹੈ ਕਿ ਜਲਵਾਯੁ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ। ਕਾਰਬਨ ਡਾਈਆਕਸਾਈਡ, ਮੀਥੇਨ ਆਦਿ ਗੈਸਾਂ ਕਾਰਨ ਵਾਯੂ ਮੰਡਲ ਪ੍ਰਦੂਸ਼ਿਤ ਹੋ ਰਿਹਾ ਹੈ। ਹਿਮਨਦ ਲਗਾਤਾਰ ਘਟਦੇ ਜਾ ਰਹੇ ਹਨ। ਆਰਕਟਿਕ ਦੀ ਸਮੁੰਦਰੀ ਬਰਫ਼ ਪਤਲੀ ਹੁੰਦੀ ਜਾ ਰਹੀ ਹੈ। ਸਮੁੰਦਰੀ ਜਲ ਪੱਧਰ ਵਿਚ ਵਾਧਾ ਹੋ ਰਿਹਾ ਹੈ। ਸੰਸਾਰ ਵਿੱਚ ਜੈਵਿਕ ਭਿੰਨਤਾ ਵਿਚ ਕਮੀ ਦੇਖੀ ਜਾ ਰਹੀ ਹੈ। ਕੀਟਨਾਸ਼ਕ ਦਵਾਈਆਂ ਦੇ ਵਾਧੂ ਛਿੜਕਾਅ ਕਾਰਨ ਫਸਲਾਂ ਦਾ ਉਤਪਾਦਨ ਘਟਦਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਖਤਰਨਾਕ ਮਨੁੱਖੀ ਸਿਹਤ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਵਿਸ਼ਵ ਭਰ ਵਿਚ ਮਲੇਰੀਆ, ਡੇਂਗੂ, ਦਿਮਾਗੀ ਬੁਖਾਰ ਆਦਿ ਬੀਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ।
ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ 1970 ਵਿੱਚ ਅਮਰੀਕੀ ਸੀਨੇਟਰ ਗੇਲਾਰਡ ਨੈਲਸਨ ਨੇ ਪਹਿਲੀ ਵਾਰ ਧਰਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਸੰਨ 1969 ਨੂੰ ਕੈਲੀਫੋਰਨੀਆ ਵਿਖੇ ਸਾਂਤਾ ਬਾਰਬਰਾ ਵਿਚ ਤੇਲ ਦੇ ਰਿਸਣ ਨਾਲ ਬਹੁਤ ਬਰਬਾਦੀ ਹੋਈ ਸੀ। ਉਸ ਵੇਲੇ 22 ਜਨਵਰੀ ਨੂੰ ਸਮੁੰਦਰ ਵਿੱਚ ਤਿੰਨ ਮਿਲੀਅਨ ਗੈਲਨ ਤੇਲ ਦਾ ਰਿਸਾਵ ਹੋਇਆ ਜਿਸ ਨਾਲ 10 ਹਜ਼ਾਰ ਸਮੁੰਦਰੀ ਪੰਛੀ, ਡਾਲਫ਼ਿਨ, ਸੀਲ ਆਦਿ ਮਾਰੇ ਗਏ। ਇਸ ਤੋਂ ਬਾਅਦ ਨੈਲਸਨ ਦੇ ਸੁਨੇਹੇ ਤੇ 22 ਅਪਰੈਲ 1970 ਨੂੰ ਕਰੀਬ 2 ਕਰੋੜ ਅਮਰੀਕੀ ਲੋਕਾਂ ਨੇ ਧਰਤੀ ਦਿਵਸ ਦੇ ਆਯੋਜਨ ਵਿੱਚ ਹਿੱਸਾ ਲਿਆ। ਉਹਨਾਂ ਨੇ ਰੈਲੀਆਂ ਕੱਢੀਆਂ, ਵਿਰੋਧ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਬਾਰੇ ਜਾਗਰੂਕ ਕੀਤਾ।
ਧਰਤੀ ਦਿਵਸ ਤੋਂ ਬਾਅਦ ਅਮਰੀਕਾ ਵਿਚ ਕਈ ਵਾਤਾਵਰਨ ਨਾਲ ਸਬੰਧਤ ਕਨੂੰਨ ਬਣੇ ਜਿਵੇਂ ਸਾਫ਼ ਹਵਾ, ਸਾਫ ਪਾਣੀ ਅਤੇ ਸੰਕਟ ਦਾ ਸਾਹਮਣਾ ਕਰਦੀਆਂ ਪ੍ਰਜਾਤੀਆਂ ਸਬੰਧੀ ਐਕਟ ਸ਼ਾਮਲ ਹਨ। ਬਹੁਤ ਸਾਰੇ ਦੇਸ਼ਾਂ ਨੇ ਵੀ ਇਸ ਤਰਾਂ ਦੇ ਕਾਨੂੰਨ ਅਪਨਾ ਲਏ। 2016 ਨੂੰ ਸੰਘੀ ਰਾਸ਼ਟਰਾਂ ਨੇ ਧਰਤੀ ਦਿਵਸ ਨੂੰ ਪੈਰਿਸ ਜਲਵਾਯੂ ਸਮਝੌਤੇ ਤੇ ਦਸਤਖ਼ਤ ਕੀਤੇ। ਇਸ ਸਭ ਦੇ ਬਾਵਜੂਦ ਵੀ ਅਸੀਂ ਵੈਸ਼ਵਿਕ ਵਾਤਾਵਰਨ ਸਬੰਧੀ ਚੁਣੌਤੀਆਂ ਜਿਵੇਂ ਕਿ ਜੈਵ ਭਿੰਨਤਾ ਦੀ ਕਮੀ, ਵਾਤਾਵਰਨ ਤਬਦੀਲੀ,ਪਲਾਸਟਿਕ ਪ੍ਰਦੂਸ਼ਣ ਆਦਿ ਦਾ ਸਾਹਮਣਾ ਕਰ ਰਹੇ ਹਾਂ
ਉਸ ਦਿਨ ਤੋਂ ਬਾਅਦ ਹਰ ਸਾਲ ਪੂਰੇ ਸੰਸਾਰ ਵਿੱਚ ਧਰਤੀ ਦੇ ਵਾਤਾਵਰਣ ਦੇ ਬਾਰੇ ਜਾਗਰੂਕ ਅਤੇ ਪ੍ਰੇਰਤ ਕਰਨ ਲਈ ਧਰਤੀ ਦਿਵਸ ਮਨਾਇਆ ਜਾਂਦਾ ਹੈ ਇਸ ਦਿਵਸ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ। ਕਿਉਂਕਿ ਜੇ ਧਰਤੀ ਤੇ ਆਫਤਾਂ ਇਸੇ ਤਰ੍ਹਾਂ ਆਉਂਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੋਂ ਜੀਵ ਜੰਤੂ ਅਤੇ ਬਨਸਪਤੀ ਦਾ ਖਾਤਮਾ ਹੋ ਜਾਵੇਗਾ। ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ। ਧਰਤੀ ਉੱਤੇ ਜੀਵਨ ਦਾ ਅਸਤਿਤਵ ਹੀ ਖਤਮ ਹੋ ਜਾਵੇਗਾ।
ਇਸ ਸਾਲ 2020 ਨੂੰ ਅਸੀਂ 50ਵਾਂ ਧਰਤੀ ਦਿਵਸ ਮਨਾਉਣ ਜਾ ਰਹੇ ਹਾਂ। ਉਹ ਵੀ ਉਸ ਸਮੇਂ ਜਦੋਂ ਮਾਨਵਤਾ ਜੀਵਨ ਲਈ ਸੰਘਰਸ਼ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਕੋਵਿਡ-19 ਨਾਂ ਦੀ ਆਪਦਾ ਨੂੰ ਦੇਖਦੇ ਹੋਏ ਇਸ ਦਿਨ ਨੂੰ ਡਿਜੀਟਲ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਾਲ ਦਾ ਥੀਮ ‘ਜਲਵਾਯੂ ਪਰਿਵਰਤਨ’ ਹੈ। ਸਮਾਂ ਆ ਗਿਆ ਹੈ ਹੁਣ ਅਸੀਂ ਆਪਣੇ ਤਰੀਕਿਆਂ ਨੂੰ ਬਦਲੀਏ। ਸਾਨੂੰ ਇਹ ਸਿੱਖਣਾ ਪਵੇਗਾ ਕਿ ਜੈਵਿਕ ਭਿੰਨਤਾ ਦੀ ਕਮੀ ਮਨੁੱਖੀ ਜੀਵਨ ਲਈ ਘਾਤਕ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣੇ ਚਾਹੀਦੇ ਹਨ। ਜੰਗਲਾਂ ਦੀ ਕਟਾਈ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਵਾਹਨਾਂ ਦਾ ਘੱਟ ਤੋਂ ਘੱਟ ਪ੍ਰਯੋਗ ਕਰਨਾ ਚਾਹੀਦਾ ਹੈ। ਜਿਥੋਂ ਤੱਕ ਸੰਭਵ ਹੋਵੇ ਤਾਂ ਸਥਾਨਕ ਖੇਤਰ ਵਿੱਚ ਪੈਦਲ ਜਾਂ ਸਾਈਕਲ ਤੇ ਜਾਣਾ ਚਾਹੀਦਾ ਹੈ।
ਸੀ ਐੱਫ ਐਲ ਬਲਬ ਦੀ ਵਰਤੋਂ ਕੀਤੀ ਜਾਣੀ ਬਣਦੀ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਭਵਿੱਖ ਵਿੱਚ ਸਾਰੇ ਸੰਸਾਰ ਨੂੰ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਧਰਤੀ ਹੇਠਲੇ ਪਾਣੀ ਦੇ ਭੰਡਾਰ ਹੁਣ ਤੱਕ ਉਪਯੋਗ ਕਰ ਚੁੱਕੇ ਹਾਂ। ਪਲਾਸਟਿਕ ਦੀ ਥਾਂ ਤੇ ਕੱਪੜੇ ਦੇ ਥੈਲੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਬਿਜਲੀ ਨੂੰ ਬੇਲੋੜਾ ਖਰਚ ਨਾ ਕੀਤਾ ਜਾਵੇ। ਜਿੱਥੋਂ ਤੱਕ ਹੋ ਸਕੇ ਕੰਡੀਸ਼ਨਰ ਦੀ ਵਰਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਆਪਣੇ ਇਲਾਕੇ ਵਿੱਚ ਬਣੀਆਂ ਵਸਤਾਂ ਦਾ ਇਸਤੇਮਾਲ ਵੱਧ ਤੋਂ ਵੱਧ ਹੋਵੇ [ ਕੂੜਾ ਕਰਕਟ ਦਾ ਉਪਯੋਗ ਖਾਦ ਦੇ ਰੂਪ ਵਿੱਚ ਕੀਤਾ ਜਾਵੇ।
ਆਉ ਅਸੀ ਸਾਰੇ ਮਿਲ ਜੁਲ ਕੇ ਧਰਤੀ ਦੀ ਰੱਖਿਆ ਵਿੱਚ ਆਪਣਾ ਯੋਗਦਾਨ ਪਾਈਏ। ਧਰਤੀ ਦਿਵਸ ਸਾਲ ਦੇ ਇੱਕ ਦਿਨ ਹੀ ਨਹੀਂ ਬਲਕਿ ਹਰ ਰੋਜ਼ ਮਨਾਈਏ। ਸਾਡਾ ਅਸਤਿਤਵ ਧਰਤੀ ਦੀ ਖ਼ੁਸ਼ਹਾਲੀ ਅਤੇ ਸੁਹੱਪਣ ਨਾਲ ਜੁੜਿਆ ਹੋਇਆ ਹੈ। ਆਓ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਧਰਤੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰੀਏ। ਜਲਵਾਯੂ ਪਰਿਵਰਤਨ ਪੂਰੀ ਮਾਨਵਤਾ ਅਤੇ ਸਾਡੇ ਵਾਤਾਵਰਣ ਲਈ ਸਭ ਤੋਂ ਵੱਡਾ ਮਸਲਾ ਹੈ। ਜਿੰਨੀ ਦੇਰ ਤੱਕ ਅਸੀਂ ਜਲਵਾਯੂ ਦੀ ਤਬਦੀਲੀ ਨੂੰ ਰੋਕਣ ਵਾਲੇ ਤਰੀਕੇ ਨਹੀਂ ਅਪਣਾਉਂਦੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖਤਰੇ ਵਿੱਚ ਰਹਿਣਗੀਆਂ। ਇਸ ਲਈ ਪੂਰੇ ਸੰਸਾਰ ਦੇ ਵਿਚ ਹਰ ਮਨੁੱਖ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਜਲਵਾਯੂ ਪਰਿਵਰਤਨ ਨੂੰ ਰੋਕਣ ਦੇ ਲਈ ਜ਼ਰੂਰੀ ਕਦਮ ਚੁੱਕਣ ਵਿੱਚ ਆਪਣਾ ਯੋਗਦਾਨ ਦੇਣ। ਸਾਡੇ ਛੋਟੇ ਯੋਗਦਾਨ ਵੀ ਇਕ ਵੱਡਾ ਬਦਲਾਅ ਲਿਆ ਸਕਦੇ ਹਨ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਰਬਨ ਰਹਿਤ ਵਾਤਾਵਰਨ ਮੁਹਈਆ ਕਰਵਾ ਸਕਾਂਗੇ।
ਪੂਜਾ ਸ਼ਰਮਾ
ਲੈਕਚਰਾਰ ਅੰਗਰੇਜ਼ੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ
ਮੋਬਾਈਲ ਨੰਬਰ 9914459033