14.1 C
United Kingdom
Sunday, April 20, 2025

More

    ਬਠਿੰਡਾ ਹਲਕਾ: ‘ਗਿੱਲ’ ਦੇ ਪੈਰ ਲੱਗਣ ਦੇ ਫਿਕਰਾਂ ’ਚ ਡੁੱਬੇ ‘ਆਪ’ ਲੀਡਰ

    ਬਠਿੰਡਾ (ਅਸ਼ੋਕ ਵਰਮਾ) ਕੀ ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਦੇ ਸਿਆਸੀ ਕੱਦ ਦੇਖਦਿਆਂ ਆਮ ਆਦਮੀ ਪਾਰਟੀ ਦੇ  ਆਗੂਆਂ  ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੂੰ ਹਰਾਉਣ ਲਈ ਵਿਉਂਤਬੰਦੀ ਦੀ ਥਾਂ ਗਿੱਲ ਦੇ ਪੈਰ ਲੱਗਣ ਦਾ ਫਿਕਰ ਜਿਆਦਾ ਸਤਾ ਰਿਹਾ ਹੈ। ਸ਼ਹਿਰੀ ਹਲਕੇ ’ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਿਆਸੀ  ਸਰਗਰਮੀਆਂ ਨੂੰ ਦੇਖਦਿਆਂ ਬਠਿੰਡਾ ਹਲਕੇ ’ਚ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਹੋਈ ਹੈ।  ਸ਼ਹਿਰੀ ਹਲਕੇ ਦੀ ਰਾਜਨੀਤੀ ਨਾਲ ਜੁੜੇ ਅਹਿਮ ਸੂਤਰਾਂ ਦੀ ਮੰਨੀਏ ਤਾਂ ਜਗਰੂਪ ਗਿੱਲ ਦਾ ਸਿਆਸੀ ਰਾਹ ਡੱਕਣ ਲਈ ਆਪਣੇ ਅਤੇ ਬਿਗਾਨੇ ਸਾਰੇ ਹੀ ਘਿਓ ਖਿਚੜੀ ਹਨ। ਇਸ ਵਰਤਾਰੇ ਦਾ ਸਿੱਧਾ ਨੁਕਸਾਨ ‘ਆਮ ਆਦਮੀ ਪਾਰਟੀ’ ਨੂੰ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ ਫਿਰ ਵੀ ਪਾਰਟੀ ਲੀਡਰ ਇਸ ‘ਟੰਗ ਖਿਚਾਈ ਪ੍ਰੋਗਰਾਮ’ ਨੂੰ ਜਾਰੀ ਰੱਖ ਰਹੇ ਹਨ ਜਿਸ ਨੂੰ ਲੈਕੇ ਸਿਆਸੀ ਹਲਕਿਆਂ ’ਚ ਚੁੰਝ ਚਰਚਾ ਛਿੜੀ ਹੋਈ ਹੈ। ਗੌਰਤਲਬ ਹੈ ਕਿ ਇਨ੍ਹੀਂ ਦਿਨੀਂ  ਆਮ ਆਦਮੀ ਪਾਰਟੀ ਸ਼ਹਿਰੀ ਦੇ ਵੱਡੀ ਗਿਣਤੀ ਲੀਡਰਾਂ ਨੇ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਰਗਰਮੀਆਂ ਵਿੱਢੀਆਂ ਹੋਈਆਂ ਹਨ।  ਜਿੰਨ੍ਹਾਂ ਵਿੱਚੋਂ ਸੂਤਰ ਦੱਸਦੇ ਹਨ ਕਿ ਇੰਨ੍ਹਾਂ ਚੋ ਗਿੱਲ ਦੀ ਮੁਖਾਲਫਤ ਕਰਨ ਵਾਲਾ ਉਹ ਨੇਤਾ ਵੀ ਸ਼ਾਮਲ ਹੈ ਜਿਸ ਦੀ ਮਾਲਵੇ ਦੇ ਇੱਕ  ਵਜ਼ੀਰ ਨਾਲ ਕਾਫੀ ਨੇੜਤਾ ਹੈ। ਇਸੇ ਹੀ ਆਗੂ ਨੇ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਵੀ ਅੰਦਰੋ ਅੰਦਰੀ ਤਾਰਾਂ ਜੋੜੀਆਂ ਦੱਸੀਆਂ ਜਾ ਰਹੀਆਂ ਹਨ।  ਸੂਤਰਾਂ ਮੁਤਾਬਕ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ  ਮੋਹਰੀਆਂ ’ਚ ਸ਼ੁਮਾਰ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਆਗੂ ਤਾਂ ਇਸ ਸਬੰਧ ’ਚ ਦਿੱਲੀ ਵੀ ਜਾ ਆਇਆ ਹੈ। ਪਤਾ ਲੱਗਿਆ ਹੈ ਕਿ ਇਸ ਲੀਡਰ ਨੇ ਕੌਮੀ ਲੀਡਰਸ਼ਿਪ ਨੂੰ ਪੁਰਾਣੇ ਵਲੰਟੀਅਰਾਂ ਨੂੰ ਉਮੀਦਵਾਰ ਬਨਾਉਣ ਦੀ ਵਕਾਲਤ ਵੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਕੇਂਦਰੀ ਕੋਰ ਕਮੇਟੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਮੁਕਾਬਲੇ ਲਈ ਜਿੱਤ ਸਕਣ ਦੀ ਸਮਰੱਥਾ ਵਾਲੇ ਉਮੀਦਵਾਰ ਦਾ ਮਾਪਦੰਡ ਤੈਅ ਕੀਤਾ ਹੈ। ਸ਼ਹਿਰੀ ਹਲਕੇ ਨਾਲ ਸਬੰਧਤ ਇੱਕ ਆਪ ਆਗੂ ਨੇ ਮੰਨਿਆ ਕਿ ਜਗਰੂਪ ਗਿੱਲ ਪਾਰਟੀ ਮਾਪਦੰਡਾਂ ਤੇ ਖਰਾ ਉੱਤਰਦੇ ਹਨ । ਉਨ੍ਹਾਂ ਆਖਿਆ ਕਿ ਸ੍ਰੀ ਗਿੱਲ ਆਪਣੇ ਵਿਰੋਧੀਆਂ ਨੂੰ ਜਬਰਦਸਤ ਚੁਣੌਤੀ ਦੇ ਸਕਦੇ ਹਨ ਜਿਸ ਦੀ ਐਤਕੀ ਸਭ ਤੋਂ ਵੱਡੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਸੀਨੀਆਰਤਾ ਅਤੇ ਸਿਆਸੀ ਕੱਦ ਨੂੰ ਨਜ਼ਰਅੰਦਾਜ ਕਰਦਿਆਂ ਜਿਸ ਤਰਾਂ ਮੇਅਰ ਦੀ ਚੋਣ ਵੇਲੇ ਗਿੱਲ ਨੂੰ ਅੱਖੋਂ ਪਰੋਖੇ ਕੀਤਾ ਹੈ ਉਸ ਨਾਲ ਸ਼ਹਿਰ ਵਾਸੀਆਂ ’ਚ ਉਨ੍ਹਾਂ ਪ੍ਰਤੀ ਹਮਦਰਦੀ ਪਾਈ ਜਾ ਰਹੀ ਹੈ ਜੋ ਆਮ ਆਦਮੀ ਪਾਰਟੀ ਲਈ ਸੰਜੀਵਨੀ ਸਾਬਤ ਹੋ ਸਕਦੀ ਹੈ।

    ਗਿੱਲ ਦੀ ਚੁੱਪ ਨੂੰ ਮਾਪਣ ਲੱਗੇ ਲੀਡਰ
    ਆਮ ਤੌਰ ਤੇ ਦੇਖਣ ਆਉਂਦਾ ਹੈ ਕਿ ਜਦੋਂ ਵੀ ਕੋਈ ਆਗੂ ਆਪਣੀ ਪਾਰਟੀ ਛੱਡਕੇ ਕਿਸੇ ਦੂਸਰੀ ਸਿਆਸੀ ਧਿਰ ’ਚ ਸ਼ਾਮਲ ਹੁੰਦਾ ਹੈ ਤਾਂ ਇੱਕ ਨਵਾਂ ਰੰਗ ਅਤੇ ਢੋਲ ਢਮੱਕਾ ਦੇਖਣ ਨੂੰ ਮਿਲਦਾ ਹੈ ਪਰ ਜਗਰੂਪ ਗਿੱਲ ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ ਹੈ। ਪ੍ਰਸਥਿਤੀਆਂ ਮੁਤਾਬਕ  ਹੰਢੇ ਹੋਏ ਸਿਆਸਤਦਾਨਾਂ ਵਾਂਗ ਗਿੱਲ ਨੇ ਚੁੱਪ ਵੱਟ ਲਈ ਹੈ ਜਿਸ ਨੇ ਸਿਆਸੀ ਨੇਤਾਵਾਂ ਨੂੰ ਬੇਚੈਨ ਕੀਤਾ ਹੋਇਆ ਹੈ। ਸੂਤਰਾਂ ਦੀ ਸੱਚ ਜਾਣੀਏ ਤਾਂ ਸੱਤਾਧਾਰੀ ਕਾਂਗਰਸ ਇਸ ਚੁੱਪੀ ਦਾ ਭੇਦ ਜਾਨਣ ’ਚ ਮੋਹਰੀ  ਹੈ ਜਿਸ ਲਈ ਉੱਪਰੋਂ ਆਏ ਇਸ਼ਾਰੇ ਤਹਿਤ ਖੁਫੀਆ ਵਿਭਾਗ ਦੇ ਸੂਹੀਏ ਵੀ ਗਿੱਲ ਦੀ ਪੈੜ ਨੱਪਣ ’ਚ ਜੁਟੇ ਹੋਏ ਹਨ । ਦੱਸਣਯੋਗ ਹੈ ਕਿ ਇਸ ਚੁੱਪ ਨੂੰ ਤੁਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਨਾਲ ਵੀ ਜੋੜਕੇ ਦੇਖਿਆ ਜਾ ਰਿਹਾ ਹੈ ਜਿਸ ਦੇ ਟੁੱਟਣ ਪਿੱਛੋਂ ਹੀ ਸਿਆਸੀ ਅਸਮਾਨ ਸਾਫ ਹੋਣ ਦੀ ਉਮੀਦ ਹੈ।

    ਸਾਲ 2017 ’ਚ ਆਪ ਦੀ ਕਾਰਗੁਜ਼ਾਰੀ
    ਬਠਿੰਡਾ ਸ਼ਹਿਰੀ ਹਲਕੇ ’ਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਦੀਪਕ ਬਾਂਸਲ ਨੂੰ  ਆਪਣਾ ਉਮੀਦਵਾਰ ਬਣਾਇਆ ਸੀ ਜੋਕਿ ਦੂਸਰੇ ਸਥਾਨ ਤੇ ਰਹੇ ਸਨ ਪਰ ਟੱਕਰ ਜਬਰਦਸਤ ਦਿੱਤੀ ਸੀ। ਇੰਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਤੀਸਰੇ ਸਥਾਨ ਤੇ ਚਲਾ ਗਿਆ ਸੀ। ਖੁਦ ਪਾਰਟੀ ਆਗੂ ਮੰਨਦੇ ਹਨ ਕਿ ਪਿਛਲੀ ਵਾਰ ਦੀ ਤਰਾਂ ਇਸ ਵਾਰ ਆਪ ਦੇ ਹੱਕ ’ਚ ਕੋਈ ਲਹਿਰ ਨਹੀਂ ਹੈ। ਅਜਿਹੇ ਹਾਲਾਤਾਂ ਦਰਮਿਆਨ ਪਾਰਟੀ ਨੂੰ ਬਠਿੰਡਾ ’ਚ ਸਾਰੇ ਹੀ ਲੀਡਰਾਂ ਨਾਲ ਕਾਂਟੇ ਦੀ ਟੱਕਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਲਈ ਮਜਬੂਤ ਉਮੀਦਵਾਰ ਦੀ ਲੋੜ ਹੈ ਉਹ ਕੋਈ ਵੀ ਹੋ ਸਕਦਾ ਹੈ।

    ਇਹ ਤੱਥ ਬੇਬੁਨਿਆਦ:ਸ਼ਹਿਰੀ ਪ੍ਰਧਾਨ
    ਆਮ ਆਦਮੀ ਪਾਰਟੀ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਅਤੇ ਬੁਲਾਰੇ ਨੀਲ ਗਰਗ ਬਠਿੰਡਾ ਦਾ ਕਹਿਣਾ ਸੀ ਕਿ ਇਨ੍ਹਾਂ ਤੱਥਾਂ ’ਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪਾਰਟੀ ਨੇ ਟਿਕਟ ਦੇਣੀ ਹੋਈ ਉਦੋਂ ਸਰਵੇਖਣ ਕਰਵਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਸ੍ਰੀ ਗਿੱਲ ਪਾਰਟੀ ਦੀ ਬਿਜਲੀ ਗਰੰਟੀ ਸਬੰਧੀ ਮੁਹਿੰਮ ’ਚ ਪਹਿਲੇ ਨੰਬਰ ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਗਿੱਲ ਪਾਰਟੀ ਦੇ ਸਤਿਕਾਰਤ ਲੀਡਰ ਹਨ ਜਿੰਨ੍ਹਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!