ਸਰਕਾਰੀ ਬਾਬੂਆਂ ਦੀਆਂ ਮਨਮਾਨੀਆਂ ਨੇ ਤੋੜਿਆ ਜਨਤਾ ਦੇ ਸਬਰ ਦਾ ਬੰਨ
ਹੜਤਾਲਾਂ ਦੇ ਚਲਦਿਆਂ ਦਫਤਰੀ ਨਿਜ਼ਾਮ ਦਾ ਬਦਲਵਾਂ ਹੱਲ ਕੀਤਾ ਜਾਵੇ-ਹਾਜੀ ਸਲਾਮਦੀਨ

ਮਲੇਰਕੋਟਲਾ (ਅਬੂ ਅਨਸ) ਸਰਕਾਰੀ ਦਫਤਰਾਂ ‘ਚ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਜਿਸ ਕਾਰਣ ਸਰਕਾਰੀ ਬਾਬੂਆਂ ਦੀਆਂ ਮਨਮਾਨੀਆਂ ਨੇ ਜਨਤਾ ਦੇ ਸਬਰ ਦਾ ਬੰਨ ਤੋੜ ਦਿੱਤਾ ਹੈ । ਹਸਪਤਾਲ ਜਾਓ ਪਰਚੀ ਕਟਵਾਉਣ ਲਈ ਲੰਬੀਆਂ ਕਤਾਰਾਂ, ਨਗਰ ਕੌਂਸਲ, ਤਹਿਸੀਲ ਦਫਤਰ, ਪਟਵਾਰਖਾਨੇ ਤੋਂ ਆਪਣੇ ਕੰਮ ਕਰਵਾਉਣ ਲਈ ਲੋਕਾਂ ਨੂੰ ਅਨੇਕਾਂ ਚੱਕਰ ਲਗਾਉਣੇ ਪੈਂਦੇ ਹਨ । ਹਸਪਤਾਲ ‘ਚ ਡਾਕਟਰ, ਤਹਿਸੀਲ ‘ਚ ਪਟਵਾਰੀ ਅਤੇ ਦਫਤਰੀ ਅਮਲਾ ਹੜਤਾਲ ‘ਤੇ ਬੈਠਾ ਹੈ ਜਿਸ ਨਾਲ ਆਮ ਲੋਕਾਂ ਦੇ ਦਫਤਰੀ ਕੰਮ ਰੁਕੇ ਪਏ ਹਨ । ਪਰੰਤੂ ਇਹ ਸਭ ਸਰਕਾਰ ਦੀ ਜ਼ਿੰਮੇਦਾਰੀ ਹੈ ਕਿ ਕਿਵੇਂ ਸਿਸਟਮ ਠੀਕ ਢੰਗ ਨਾਲ ਚਲਾਉਣਾ ਹੈ । ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਬਾਕਾਇਦਾ ਹੁਕਮ ਵੀ ਜਾਰੀ ਕੀਤੇ ਸਨ ਕਿ ਜੇਕਰ ਪਟਵਾਰੀ ਹੜਤਾਲ ਤੇ ਹਨ ਤਾਂ ਕੋਈ ਸਰਕਾਰੀ ਮੁਲਾਜ਼ਮ ਬੱਚਿਆਂ ਦੇ ਦਸਤਾਵੇਜ਼ ਤਸਦੀਕ ਕਰ ਸਕਦਾ ਹੈ ਪਰੰਤੂ ਬੱਚੇ ਦਫਤਰ-ਦਫਤਰ ਭਟਕਦੇ ਫਿਰ ਰਹੇ ਹਨ ਕੋਈ ਉਨਾਂ ਦੀ ਸੁਣਵਾਈ ਨਹੀਂ ਹੋ ਰਹੀ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬੱਚਿਆਂ ਦੇ ਦਸਤਾਵੇਜ਼ ਤਿਆਰ ਕਰਵਾਉਣ ਲਈ ਹਫਤਿਆਂ ਤੋਂ ਖੱਜਲ-ਖੁਆਰ ਹੋ ਰਹੇ ਹਾਜੀ ਸਲਾਮਦੀਨ ਹੈਦਰਾਬਾਦੀ ਚਿਕਨ ਪੁਆਂਇੰਟ ਅਤੇ ਸ਼ਮਸ਼ਾਦ ਅਲੀ ਬੰਬੇ ਪੰਜਾਬੀ ਜੁੱਤੀ ਸਟੋਰ ਦੇ ਮਾਲਕ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ ਮੁਲਾਕਾਤ ਦੌਰਾਨ ਕੀਤਾ । ਉਨਾਂ ਕਿਹਾ ਕਿ ਮਲੇਰਕੋਟਲਾ ਦੇ ਲਗਭਗ ਸਾਰੇ ਦਫਤਰਾਂ ਦਾ ਨਿਜ਼ਾਮ ਉਲਧ-ਮੁੱਲਧ ਹੋ ਚੁੱਕਾ ਹੈ, ਕਿਸੇ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਉਨਾਂ ਦੱਸਿਆ ਕਿ ਅਸੀਂ ਅਤੇ ਸਾਡੇ ਜਿਹੇ ਸੈਂਕੜੇ ਪੀੜਿਤ ਪੰਜਾਬ ਪੁਲਿਸ ਦੀ ਭਰਤੀ ਸਮੇਤ ਵੱਖ-ਵੱਖ ਨੌਕਰੀਆਂ ਲਈ ਬੱਚਿਆਂ ਦੇ ਜਾਤੀ ਅਤੇ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਫਾਰਮ ਭਰਕੇ ਕਈ-ਕਈ ਹਫਤਿਆਂ ਤੋਂ ਕੰਮ ਛੱਡੀ ਫਿਰ ਰਹੇ ਹਨ । ਪਟਵਾਰੀ ਦੀ ਰਿਪੋਟਰ ਕਰਵਾਉਣੀ ਹੈ ਤਾਂ ਪਟਵਾਰੀ ਹੜਤਾਲ ਤੇ ਹਨ ਅਤੇ ਹੋਰ ਕੋਈ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ, ਸੇਵਾ ਕੇਂਦਰ ਜਾਓ ਤਾਂ ਲੰਬੀਆਂ ਕਤਾਰਾਂ ਹਨ, ਜਰੂਰਤਮੰਦ ਲੋਕ ਸਵੇਰ ਤੋਂ ਹੀ ਟੋਕਨ ਲੈਣ ਲਈ ਆਪਣੇ ਕੰਮਕਾਜ ਛੱਡ ਸੇਵਾ ਕੇਂਦਰਾਂ ਦਾ ਰੁੱਖ ਕਰ ਲੈਂਦੇ ਹਨ ਜੋ ਸਰਕਾਰ ਨੇ 5 ਤੋਂ ਘਟਾ ਕੇ ਸਿਰਫ 2 ਕਰ ਦਿਤੇ ਹਨ । ਪ੍ਰੈਸ ਦੇ ਮਾਧਿਅਮ ਰਾਹੀਂ ਉਨ੍ਹਾਂ ਸਥਾਨਕ ਵਿਧਾਇਕਾ ਅਤੇ ਸਿਵਲ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਦਫਤਰਾਂ ਦੇ ਇਸ ਬਿਗੜੇ ਨਿਜ਼ਾਮ ਨੂੰ ਠੀਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ ਅਤੇ ਜਦੋਂ ਤੱਕ ਹੜਤਾਲਾਂ ਚਲ ਰਹੀਆਂ ਹਨ ਇਸ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਬੱਚੇ ਅਤੇ ਮਾਪਿਆਂ ਦੇ ਖੁੱਜ਼ਲ-ਖੁਆਰੀ ਨਾ ਹੋਵੇ ।