ਸ਼੍ਰੋਮਣੀ ਕਮੇਟੀ ਵੱਲੋਂ ਇਕ ਕਰੋੜ ਦੀ ਰਾਸ਼ੀ ਦਾ ਚੈੱਕ ਭੇਟ
ਬਲਬੀਰ ਸਿੰਘ ਬੱਬੀ
ਬੀਤੇ ਦਿਨੀਂ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਓਲੰਪਿਕ ਖੇਡਾਂ ਸਮਾਪਤ ਹੋ ਕੇ ਹਟੀਆਂ ਹਨ ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਤੇ ਵੱਡੇ ਵੱਡੇ ਮਾਣ ਸਨਮਾਨ ਜਿਤੇ। ਸਾਡੇ ਦੇਸ਼ ਭਾਰਤ ਤੋਂ ਵੀ ਅਨੇਕਾਂ ਖਿਡਾਰੀਆਂ ਨੇ ਅਨੇਕਾਂ ਖੇਡਾਂ ਵਿੱਚ ਭਾਗ ਲਿਆ ਤੇ ਦੇਸ਼ ਦੇ ਹਿੱਸੇ ਕੁਝ ਮੈਡਲ ਵੀ ਆਏ। ਇਨ੍ਹਾਂ ਵਿੱਚੋਂ ਹੀ ਭਾਰਤ ਦੀ ਲੜਕਿਆਂ ਦੀ ਹਾਕੀ ਦੀ ਟੀਮ ਨੇ ਚੰਗੇ ਜੌਹਰ ਦਿਖਾਏ। ਚਾਰ ਦਹਾਕੇ ਬਾਅਦ ਹਾਕੀ ਦੀ ਟੀਮ ਨੇ ਮੈਡਲ ਪ੍ਰਾਪਤ ਕੀਤਾ। ਹਾਕੀ ਟੀਮ ਦੀ ਵਧੀਆ ਖੇਡ ਕਾਰਗੁਜ਼ਾਰੀ ਨੂੰ ਦੇਖਦਿਆਂ ਕਈ ਥਾਵਾਂ ਉੱਤੇ ਹਾਕੀ ਦੀ ਟੀਮ ਦੇ ਮੈਂਬਰਾਂ ਦਾ ਜ਼ੋਰਦਾਰ ਸਵਾਗਤ ਤੇ ਸਨਮਾਨ ਕੀਤਾ ਜਾਂਦਾ ਹੈ। ਬੀਤੇ ਕੱਲ੍ਹ ਭਾਰਤੀ ਹਾਕੀ ਟੀਮ ਦੇ ਸਮੁੱਚੇ ਮੈਂਬਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਗਏ। ਰਸਤੇ ਵਿੱਚ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਢੋਲ ਢਮੱਕਿਆਂ ਦੇ ਨਾਲ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਦਰਬਾਰ ਸਾਹਿਬ ਵਿੱਚ ਪੁੱਜਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ ਸਾਰੇ ਖਿਡਾਰੀਆਂ ਨੂੰ ਸਨਮਾਨ ਸਿਰੋਪੇ ਤੇ ਦਰਬਾਰ ਸਾਹਿਬ ਦਾ ਮਾਡਲ ਭੇਟ ਕੀਤਾ ਗਿਆ ।ਇਸ ਮੌਕੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਕਹੇ ਅਨੁਸਾਰ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਸਮੁੱਚੀ ਟੀਮ ਨੂੰ ਦਿੱਤਾ ਗਿਆ। ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਸਾਰੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।