
ਕਾਲਾ ਸਿੰਘ ਸੈਣੀ
ਅਜੌਕੇ ਸਮੇਂ ’ਚ ਬਜ਼ਾਰਾਂ ਅੰਦਰ ਭਾਂਤ-ਭਾਂਤ ਦੀਆਂ ਰੰਗ ਬਿਰੰਗੀਆਂ ਆਈਸ ਕਰੀਮਾਂ ਅਤੇ ਕੁਲਫ਼ੀਆਂ ਖਾਣ ਨੂੰ ਮਿਲ ਰਹੀਆਂ ਹਨ। ਪਿਸਤਾ, ਬਾਦਾਮ, ਕਾਜੂ, ਦਾਖਾ ਆਦਿ ਡਰਾਈ ਫਰੂਟਾਂ ਵਾਲੀਆਂ ਇਨ੍ਹਾਂ ਆਈਸ ਕਰੀਮਾਂ ਅਤੇ ਕੁਲਫ਼ੀਆਂ ਦਾ ਵੱਖੋਂ-ਵੱਖਰਾਂ ਸੁਆਦ ਸਾਡੇ ਮਨਾਂ ਅੰਦਰ ਕੁਝ ਸਮੇਂ ਤੱਕ ਹੀ ਸੀਮਿਤ ਰਹਿੰਦਾ ਹੈ। ਇਨ੍ਹਾਂ ਬਰਾਂਡਡ ਆਈਸ ਕਰੀਮਾਂ ਤੋਂ ਹੱਟ ਕੇ ਜਦੋਂ ‘ਪ੍ਰੀਤਮ ਦੀ ਮਲਾਈ’ ਦੀ ਗੱਲ ਚੱਲਦੀ ਹੈ ਤਾਂ ਪੁਰਾਣੇ ਸ਼ਹਿਰ ਖਰੜ ਦੀਆਂ ਗਲੀਆਂ ਅਤੇ ਬਾਜ਼ਾਰ ਅੰਦਰ ਵਸਦੇ ਪੁਰਾਣੇ ਸ਼ਹਿਰ ਦੇ ਲੋਕਾਂ ਦੇ ਮਨਾਂ ਅੰਦਰ ‘ਮਲਾਈ ਰਬੜੀ’ ਦਾ ਸੁਆਦ ਅੱਜ ਵੀ ਤਾਜਾ ਹੈ। ਖਰੜ ਦੇ ਨਜ਼ਦਿਕੀ ਪਿੰਡ ਭਾਗੂ ਮਾਜਰਾ ਕਾਲਜ ਵਾਲਾ ਦੇ ਵਸਨੀਕ ਸਵ.ਪ੍ਰੀਤਮ ਸਿੰਘ ਸੁਭਾਅ ਪੱਖੋਂ ਉਹ ਪ੍ਰਮਾਤਮਾਂ ਦੇ ਘਰੋਂ ਹੀ ਸਾਧਗੀ ਅਤੇ ਸਬਰ ਸੰਤੋਖ ਵਾਲੇ ਰੰਗ ’ਚ ਭਿੱਜਿਆਂ ਹੋਇਆ ਸੀ। ਮਾਵੇ ਰੰਗੀ ਪੱਗ,ਗਲ ’ਚ ਪਾਇਆ ਪਰਨਾ,ਕੁੜਤੇ ਨਾਲ ਕੱਛਾ ਪਾ ਕੇ ਰੱਖਦੇ ਪ੍ਰੀਤਮ ਨੇ ਮੋਢੇ ਤੇ ‘ਮਲਾਈ ਰਬੜੀ’ ਵਾਲੀ ਹਰੇ ਰੰਗ ਦੀ ਲੱਕੜ ਦੀ ਪੇਟੀ ਰੱਖ ਸ਼ਹਿਰ ਖਰੜ ਦੀਆਂ ਗਲੀਆਂ, ਬਾਜ਼ਾਰਾਂ ’ਚ 48-50 ਸਾਲ ਗੁਜਾਰੇ ਸਨ। ਪਿੱਤਲ ਦੀ ਟੱਲੀ ਦੀ ਆਵਾਜ਼ ਸੁਣ ਉਸ ਦੀ ‘ਮਲਾਈ ਰਬੜੀ’ ਖਾਣ ਦੇ ਸ਼ੌਕੀਂਨ ਉਸ ਦੇ ਮੁਹਰੇ ਹੋ-ਹੋ ਖੜਦੇ ਤਾਂ ਪ੍ਰੀਤਮ ਲੱਕੜ ਦੀ ਪੇਟੀ ਨੂੰ ਮੋਢੇ ਤੋਂ ਉਤਾਰ ਕੱਪੜੇ ਵਿਚ ਲਪੇਟੀ ਮਲਾਈ ਰਬੜੀ ਨੂੰ ਚਾਕੂ ਨਾਲ ਕੱਟਕੇ ਪਿੱਤਲ ਦੀ ਤੱਕੜੀ,ਵੱਟੇ ਨਾਲ ਤੋਲ ਕੇ ‘ਬਰੋਟੇ ਦੇ ਪੱਤੇ’ ’ਤੇ ਰੱਖਕੇ ਦਿੰਦਾ ਸੀ। ਉਸ ਦੀ ‘ਮਲਾਈ ਰਬੜੀ’ ਨੂੰ ਖਾਣ ਤੋਂ ਬਾਅਦ ਬੱਚੇ, ਬੁੱਢੇ ਅਤੇ ਜਵਾਨ ਉਸ ਤੋਂ ਰੂੰਗਾਂ ਮੰਗਦੇ ਤਾਂ ਪ੍ਰੀਤਮ ਹੱਸਕੇ ਪੂੱਠੇ ਹੱਥ ’ਤੇ ਬਰਫ਼ ਦਾ ਰੂੰਗਾਂ ਰੱਖ ਦਿੰਦਾ ’ਤੇ ਟੱਲੀ ਦੀ ਟਣਕਾਰ ਨਾਲ ਆਪਣੀ ਮਿੱਠੀ ’ਤੇ ਧੀਮੀ ਜਿਹੀ ਆਵਾਜ਼ ਰਾਹੀ ਮਲਾਈ.. ਮਲਾਈ ਦਾ ਹੋਕਾ ਦਿੰਦਾ ਹੋਇਆ ਅੱਗੇ ਵਧ ਜਾਂਦਾ। ਆਪਣੀ ‘ਮਲਾਈ ਰਬੜੀ’ ਨਾਲ ਲੋਕਾਂ ਨੂੰ ਦੀਵਾਨੇ ਬਣਾਕੇ ਰੱਖਣ ਵਾਲੇ ਪ੍ਰੀਤਮ ਆਪਣੀ ਜ਼ਿੰਦਗੀ ਦਾ ਇਹ ਸਫ਼ਰ ਆਪਣੇ ਪਿੰਡ ਤੋਂ ਸ਼ਹਿਰ ਤੱਕ ਪੈਦਲ ਤਹਿ ਕਰਦਾ ਸੀ। ਇਹ ਉਨ੍ਹਾਂ ਦਿਨਾਂ ਦੀਆਂ ਗੱਲਾਂ ਨੇ ਜਦੋਂ ਆਵਾਜਾਈ ਦੇ ਸਾਧਨ ਘੱਟ ਹੀ ਹੁੰਦੇ ਸੀ। ਜ਼ਿੰਦਗੀ ਦੀਆਂ 80 ਕੁ ਬਹਾਰਾਂ ਨੂੰ ਹੰਢਾ ਕੇ ਅਲਵਿਦਾ ਆਖ ਗਿਆ ਸਵ.ਪ੍ਰੀਤਮ ਸਿੰਘ ਦੇ ਸ਼ਹਿਰ ਖਰੜ ਵਿੱਚਲੇ ਗੁੜੇ ਪਿਆਰ ਨੂੰ ਦੇਖਦੇ ਹੋਏ ਉਹੀ ਪ੍ਰੀਤਮ ਦੀ ਪਿੱਤਲ ਵਾਲੀ ਟੱਲੀ, ਉਹੀ ਤੱਕੜੀ, ਵੱਟੇ ਅਤੇ ‘ਬਰੋਟੇ ਦੇ ਪੱਤਿਆਂ ’ਤੇ ਰੱਖਕੇ ‘ਮਲਾਈ ਰਬੜੀ’ ਨੂੰ ਵੇਚਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੋਇਆ ਸਤਪਾਲ ਸਿੰਘ ਆਪਣੇ ਨਾਨੇ ਪ੍ਰੀਤਮ ਦੇ ਪਿਆਰ ਨੂੰ ਸਾਂਭੀ ਬੈਠਾ ਲੋਕਾਂ ਦੇ ਸੀਨੇ ਠਾਰ ਰਿਹਾ ਹੈ। ਖਰੜ ਵਾਸੀਆਂ ਦੇ ਮਨਾਂ ਅੰਦਰ ਵਸਦੇ ਪ੍ਰੀਤਮ ਦੇ ਪਿਆਰ ਅਤੇ ਉਸ ਦੀ ‘ਮਲਾਈ ਰਬੜੀ’ ਦਾ ਸੁਆਦ ਅੱਜ ਵੀ ਮਨਾਂ ਅੰਦਰ ਏਨਾ ਵਸੀਆਂ ਹੋਇਆ ਹੈ ਕਿ ਭੁਲਾਇਆ ਨਹੀਂ ਭੁੱਲਦਾ.. ..।
