ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੁਆਰਾ ਜਾਰੀ ਕੀਤੀ ਗਈ ਲਾਲ ਸੂਚੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਸੁਰੱਖਿਆ ਦੇ ਮੱਦੇਨਜ਼ਰ ਅਲੱਗ ਟਰਮੀਨਲ ਖੋਲ੍ਹਿਆ ਗਿਆ ਹੈ। ਲਾਲ ਸੂਚੀ ਵਾਲੇ ਦੇਸ਼ਾਂ ਤੋਂ ਸਿੱਧੀ ਉਡਾਣ ‘ਤੇ ਪਹੁੰਚਣ ਵਾਲੇ ਯਾਤਰੀ ਹੁਣ ਟਰਮੀਨਲ ਤਿੰਨ ਦੇ ਜ਼ਰੀਏ ਦੇਸ਼ ਵਿੱਚ ਦਾਖਲ ਹੋਣਗੇ। ਹੀਥਰੋ ਏਅਰਪੋਰਟ ਵੱਲੋਂ ਇਹ ਕਦਮ ਲੋਕਾਂ ਦੀ ਰੱਖਿਆ ਕਰਨ ਅਤੇ ਵਾਇਰਸ ਦੇ ਨਵੇਂ ਰੂਪਾਂ ਦੇ ਜੋਖਮ ਨੂੰ ਘਟਾਉਣ ਲਈ ਪੁੱਟਿਆ ਗਿਆ ਹੈ। ਯੂਕੇ ਦੀ ਲਾਲ ਸੂਚੀ ਵਿੱਚ 43 ਦੇਸ਼ ਹਨ ਪਰ ਸਿੱਧੀਆਂ ਉਡਾਣਾਂ ਦੀ ਇਜ਼ਾਜ਼ਤ ਉਨ੍ਹਾਂ ਵਿੱਚੋਂ ਭਾਰਤ ਸਮੇਤ ਸਿਰਫ ਕੁੱਝ ਦੇਸ਼ਾਂ ਤੋਂ ਹੀ ਹੈ। ਇਸ ਵੇਲੇ ਸਿਰਫ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਜਾਂ ਬ੍ਰਿਟੇਨ ਦੇ ਵਸਨੀਕਾਂ ਨੂੰ ਹੀ ਸੂਚੀ ਵਿਚਲੇ ਦੇਸ਼ਾਂ ਤੋਂ ਯਾਤਰਾ ਕਰਨ ਦੀ ਆਗਿਆ ਹੈ, ਪਰ ਜਿਹੜੇ ਵੀ ਯਾਤਰੀ ਪਿਛਲੇ 10 ਦਿਨਾਂ ਵਿੱਚ ਲਾਲ ਸੂਚੀ ਵਾਲੇ ਦੇਸ਼ਾਂ ਵਿੱਚੋਂ ਆਏ ਹਨ ਅਤੇ ਭਾਵੇਂ ਉਹ ਸਿੱਧੀ ਉਡਾਣ ਲੈ ਕੇ ਆਏ ਹੋਣ ਜਾਂ ਕਿਸੇ ਹੋਰ ਦੇਸ਼ ਰਾਹੀਂ ਆਏ ਹੋਣ, ਉਨ੍ਹਾਂ ਨੂੰ ਆਉਣ ਤੋਂ ਬਾਅਦ 10 ਰਾਤਾਂ ਲਈ ਹੋਟਲ ਵਿੱਚ ਕੁਆਰੰਟੀਨ ਲਈ ਭੁਗਤਾਨ ਕਰਨਾ ਪਵੇਗਾ।ਮੌਜੂਦਾ ਲਾਲ ਸੂਚੀ ਪ੍ਰਣਾਲੀ ਵਿੱਚ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਜ਼ਮੀ ਨਕਾਰਾਤਮਕ ਕੋਵਿਡ ਟੈਸਟ, ਚਿਹਰੇ ਦੇ ਮਾਸਕ ਦੀ ਲਾਜ਼ਮੀ ਵਰਤੋਂ, ਸਮਾਜਕ ਦੂਰੀਆਂ, ਅਤੇ ਸਫਾਈ ਵਿਵਸਥਾਵਾਂ ਆਦਿ ਸ਼ਾਮਿਲ ਹਨ।