ਡਾ. ਓਬਰਾਏ ਨੇ ਹਮੇਸ਼ਾਂ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤਾ ਵੱਡਾ ਸਹਿਯੋਗ : ਵਿਕਰਮਜੀਤ ਦੁੱਗਲ

ਅੰਮ੍ਰਿਤਸਰ,(ਰਾਜਿੰਦਰ ਰਿਖੀ)
ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਕਰਯੋਗ ਭੂਮਿਕਾ ਨਿਭਾ ਰਹੀ ਪੰਜਾਬ ਪੁਲਸ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਐੱਸ.ਐੱਸ.ਪੀ. ਅੰਮ੍ਰਿਤਸਰ (ਦਿਹਾਤੀ) ਨੂੰ 50 ਪੀ.ਪੀ.ਈ. ਕਿੱਟਾਂ ਅਤੇ 50 ਅੈੱਨ-95 ਮਾਸਕ ਦਿੱਤੇ ਗਏ।
ਇਸ ਦੌਰਾਨ ਗੱਲਬਾਤ ਕਰਦਿਆਂ ਐੱਸ.ਐੱਸ.ਪੀ.ਦਿਹਾਤੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਹਮੇਸ਼ਾ ਪੰਜਾਬ ਪੁਲਸ ਨੂੰ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਬਿਹਤਰੀ ਦੀ ਗੱਲ ਹੋਵੇ ਜਾਂ ਧੁੰਦ ਦੇ ਮੌਸਮ ‘ਚ ਵਾਹਨਾਂ ਉੱਪਰ ਰਿਫ਼ਲੈਕਟਰ ਲਾਉਣ ਦੀ ਲੋੜ ਡਾ.ਓਬਰਾਏ ਹਮੇਸ਼ਾਂ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਸਭ ਤੋਂ ਪਹਿਲਾਂ ਅਾਪ ਮੁਹਾਰੇ ਅੱਗੇ ਖੜ੍ਹੇ ਹੁੰਦੇ ਹਨ। ਉਨ੍ਹਾਂ ਇਸ ਬਿਪਤਾ ਭਰੀ ਘੜੀ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਪੀ.ਪੀ.ਈ. ਕਿੱਟਾਂ ਤੇ ਅੈੱਨ-95 ਮਾਸਕ ਦੇਣ ਤੇ ਡਾ.ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਏਸੇ ਦੌਰਾਨ ਗੱਲਬਾਤ ਕਰਦਿਅਾਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਖਜਾਨਚੀ ਨਵਜੀਤ ਸਿੰਘ ਘਈ,ਸੀਨੀਅਰ ਮੈਂਬਰ ਜਗਦੇਵ ਸਿੰਘ ਛੀਨਾ ਅਤੇ ਹਰਦੀਪ ਸਿੰਘ ਖਿਲਚੀਆਂ ਨੇ ਦੱਸਿਅਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ.ਐਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਮੈਡੀਕਲ ਕਾਲਜਾਂ, ਪੀ.ਜੀ.ਆਈ. ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਹਪਸਤਾਲਾਂ ਦੇ ਨਾਲ-ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਅਾਂ ਵੱਡੀ ਗਿਣਤੀ ‘ਚ ਪੀ.ਪੀ.ਈ. ਕਿੱਟਾਂ, ਅੈੱਨ.-95 ਮਾਸਕ ਅਤੇ ਤਿੰਨ ਪਰਤੀ (ਧੋਣ ਯੋਗ) ਮਾਸਕ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਮਾਰਕਫੈੱਡ ਵੱਲੋਂ ਕੀਤੀ ਮੰਗ ਤੇ ਡਾ.ਓਬਰਾਏ ਵੱਲੋਂ ਮਾਰਕਫੈੱਡ ਨੂੰ ਵੀ ਪਹਿਲੇ ਪੜਾਅ ਤਹਿਤ 20 ਹਜ਼ਾਰ ਤਿੰਨ ਪਰਤੀ ਧੋਣ ਯੋਗ ਮਾਸਕ ਦਿੱਤੇ ਜਾ ਰਹੇ ਹਨ।
ਇਸ ਮੌਕੇ ਐਸ.ਪੀ.ਡੀ.ਗੌਰਵ ਤੂਰ,ਐੱਸ.ਪੀ.ਸ਼ੈਲਿੰਦਰ ਸਿੰਘ,ਡੀ.ਐੱਸ.ਪੀ.ਹੈੱਡ ਕਵਾਟਰ ਅੰਮ੍ਰਿਤ ਸਰੂਪ,ਡੀ.ਐੱਸ.ਪੀ. (ਕ੍ਰਾਈਮ) ਰਵਿੰਦਰ ਸਿੰਘ, ਡੀ.ਐੱਸ.ਪੀ.ਕੰਟਰੋਲ ਰੂਮ ਜੋਗੀ ਰਾਜ,ਸਬ ਇੰਸਪੈਕਟਰ ਸੁਬੇਗ ਸਿੰਘ,ਪੀ.ਆਰ.ਓ. ਹਰਸ਼ ਰਾਮੋਤਰਾ ਆਦਿ ਵੀ ਮੌਜੂਦ ਸਨ।