ਬਰਨਾਲਾ 11 ਮਾਰਚ (ਪੰਜ ਦਰਿਆ ਬਿਊਰੋ) ਅੱਜ ਇੱਥੋਂ ਥੋੜੀ ਦੂਰ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਵਧਵੀਂ ਸੂਬਾਈ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨੂੰ ਧਿਆਨ ‘ਚ ਰੱਖਦਿਆਂ ਫੈਸਲਾ ਕੀਤਾ ਗਿਆ ਕਿ ਕੌਮੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਵਜੋਂ ਸਾਮਰਾਜਵਾਦ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਵਿਸ਼ਾਲ ਨੌਜਵਾਨ ਕਾਨਫਰੰਸ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸਾਂਝੇ ਤੌਰ ‘ਤੇ 21 ਮਾਰਚ ਨੂੰ ਸੁਨਾਮ ਦਾਣਾ ਮੰਡੀ ਵਿਖੇ ਕਰਕੇ ਬੁਲੰਦੀਆਂ ਛੂਹ ਰਹੇ ਕਿਸਾਨ ਘੋਲ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੂਬਾਈ ਅਹੁਦੇਦਾਰਾਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਹਰਪ੍ਰੀਤ ਕੌਰ ਜੇਠੂਕੇ, ਜਗਤਾਰ ਸਿੰਘ ਕਾਲਾਝਾੜ,ਸੁਖਜੀਤ ਸਿੰਘ ਕੋਠਾਗੁਰੂ ਅਤੇ ਸੁਨੀਲ ਕੁਮਾਰ ਭੋਡੀਪੁਰਾ ਸੂਬਾਈ ਮੁਹਿੰਮ ਕਮੇਟੀ ਦੇ ਆਗੂ, ਜਿਲ੍ਹਿਆਂ ਦੇ ਅਹੁਦੇਦਾਰ ਅਤੇ ਬਲਾਕਾਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ। ਮੌਜੂਦਾ ਘੋਲ਼ ‘ਚ ਹੁਣ ਤੱਕ 250 ਤੋਂ ਵੱਧ ਸ਼ਹੀਦ ਹੋ ਚੁੱਕੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਰਾਹੀਂ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਕੀਤੀ ਗਈ ਮੀਟਿੰਗ ਵੱਲੋਂ 8 ਮਾਰਚ ਦੇ ਔਰਤ ਦਿਵਸ ਮੌਕੇ ਪਕੌੜਾ ਚੌਕ ਦਿੱਲੀ ਵਿਖੇ ਔਰਤਾਂ ਵੱਲੋਂ ਕੀਤੇ ਗਏ ਦਹਿ ਹਜ਼ਾਰਾਂ ਦੇ ਲਾਮਿਸਾਲ ਇਕੱਠ ਅਤੇ ਠਾਠਾਂ ਮਾਰਦੇ ਜੋਸ਼ ਉਤਸ਼ਾਹ ਉੱਪਰ ਤਸੱਲੀ ਜ਼ਾਹਰ ਕੀਤੀ ਗਈ ਅਤੇ ਉਨ੍ਹਾਂ ਸਭਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। 23 ਮਾਰਚ ਨੂੰ ਟਿਕਰੀ ਬਾਰਡਰ ਦਿੱਲੀ ਵਿਖੇ ਕੀਤੇ ਜਾਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ਦਾ ਵਿਸ਼ਾਲ ਮੋਟਰਸਾਈਕਲ ਕਾਫ਼ਲਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 22 ਮਾਰਚ ਨੂੰ ਖਨੌਰੀ ਬਾਰਡਰ ਤੋਂ ਰਵਾਨਾ ਕੀਤਾ ਜਾਵੇਗਾ। ਸ਼ਹੀਦੀ ਕਾਨਫਰੰਸ ਮੌਕੇ ਨੌਜਵਾਨਾਂ ਨੂੰ ਦੱਸਿਆ ਜਾਵੇਗਾ ਕਿ ਸ਼ਹੀਦੇਆਜ਼ਮ ਭਗਤ ਸਿੰਘ ਤੇ ਸਾਥੀਆਂ ਵੱਲੋਂ ਫਾਂਸੀ ਦੇ ਤਖਤੇ ਤੋਂ ਗੁੰਜਾਇਆ ਗਿਆ “ਸਾਮਰਾਜਵਾਦ- ਮੁਰਦਾਬਾਦ” ਦਾ ਇਨਕਲਾਬੀ ਨਾਹਰਾ ਕਿਵੇਂ ਇਸ ਘੋਲ਼ ‘ਤੇ ਪੂਰਾ ਢੁੱਕਦਾ ਹੈ। ਕਿਵੇਂ ਇਸ ਘੋਲ਼ ਦੀ ਜਿੱਤ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਦਾ ਰਾਹ ਪੱਧਰਾ ਹੋਣਾ ਹੈ। ਕਿਉਂਕਿ ਮੋਦੀ ਹਕੂਮਤ ਦੇ ਇਹ ਕਾਲੇ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਅੰਬਾਨੀ ਵਰਗੀਆਂ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਸੌਂਪਣ ਦਾ ਰਾਹ ਖੋਲ੍ਹ ਕੇ ਵੱਡੇ ਵੱਡੇ ਖੇਤੀ ਫਾਰਮ ਬਣਾਉਣ ਵੱਲ ਸੇਧਤ ਹਨ। ਖੇਤ ਮਜ਼ਦੂਰਾਂ ਅਤੇ ਹੋਰ ਗਰੀਬਾਂ ਦਾ ਸਸਤੇ ਰਾਸ਼ਨ ਦਾ ਹੱਕ ਵੀ ਖੋਂਹਦੇ ਹਨ ਅਤੇ ਰੁਜ਼ਗਾਰ ਵੀ ਖੋਂਹਦੇ ਹਨ। ਸੰਸਾਰ ਵਪਾਰ ਸੰਸਥਾ ਦੀਆਂ ਨਿਜੀਕਰਨ ਵਪਾਰੀਕਰਨ ਵਾਲੀਆਂ ਨੀਤੀਆਂ ਸਮੂਹ ਕਿਰਤੀਆਂ ਦਾ ਵਿਆਪਕ ਰੁਜ਼ਗਾਰ-ਉਜਾੜਾ ਕਰ ਰਹੀਆਂ ਹਨ। ਗੁਲਾਮਦਾਰੀ ਯੁੱਗ ਵੱਲ ਧੱਕ ਰਹੀਆਂ ਹਨ। ਫਿਰਕਾਪ੍ਰਸਤੀ ਅਤੇ ਜ਼ਾਤਪਾਤ ਤੋਂ ਨਿਰਲੇਪ ਲੋਕ ਲਹਿਰ ਉਸਾਰਨ ਲਈ ਸ਼ਹੀਦਾਂ ਦੇ ਸੱਦੇ ਮੁਤਾਬਕ ਕ੍ਰੋੜਾਂ ਝੁੱਗੀ-ਵਾਸੀ ਮਜ਼ਦੂਰਾਂ ਸਮੇਤ ਗਰੀਬ ਕਿਸਾਨਾਂ ਤੇ ਹੋਰ ਸਾਰੇ ਕਿਰਤੀਆਂ ਨੂੰ ਜਾਗ੍ਰਿਤ-ਜਥੇਬੰਦ ਕਰਨ ਖਾਤਰ ਹਰ ਕੁਰਬਾਨੀ ਲਈ ਤਿਆਰ ਹੋ ਕੇ ਘੋਲ਼ ਦੇ ਮੈਦਾਨ ‘ਚ ਨਿੱਤਰਨ ਲਈ ਨੌਜਵਾਨਾਂ ਨੂੰ ਪ੍ਰੇਰਿਆ ਜਾਵੇਗਾ। ਕੱਲ੍ਹ ਤੋਂ ਸ਼ੁਰੂ ਕੀਤੀ ਜਾ ਰਹੀ ਤਿਆਰੀ ਮੁਹਿੰਮ ਦੌਰਾਨ ਪੰਜਾਬ ਭਰ ਦੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਵੱਖ ਵੱਖ ਸੂਬਾ ਪੱਧਰੀਆਂ ਮੀਟਿੰਗਾਂ ਕਰਨ ਮਗਰੋਂ ਪਿੰਡ ਪਿੰਡ ਵੀ ਮੁੰਡੇ ਕੁੜੀਆਂ ਦੀਆਂ ਵੱਖ ਵੱਖ ਤਿਆਰੀ ਮੀਟਿੰਗਾਂ ਦਾ ਤਾਂਤਾ ਬੰਨ੍ਹਿਆ ਜਾਵੇਗਾ। ਇਸ ਦੌਰਾਨ ਵੱਖ ਵੱਖ ਜਥੇ ਬਣਾ ਕੇ ਘਰ ਘਰ ਪਹੁੰਚ ਕਰਕੇ ਫੰਡ ਉਗਰਾਹੀ ਦੇ ਨਾਲ ਹੀ ਕਾਨਫਰੰਸ ‘ਚ ਜਾਣ ਵਾਲੇ ਮੁੰਡੇ ਕੁੜੀਆਂ ਦੀਆਂ ਲਿਸਟਾਂ ਬਣਾਈਆਂ ਜਾਣਗੀਆਂ। ਉਸਤੋਂ ਬਾਅਦ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਚੱਕ ਕੇ ਜੋਸ਼ੀਲੇ ਨਾਹਰੇ ਲਾਉਂਦਿਆਂ ਮੁੰਡਿਆਂ ਦੇ ਇਲਾਕਾ ਪੱਧਰੇ ਮੋਟਰਸਾਈਕਲ ਮਾਰਚ ਅਤੇ ਆਪੋ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਕੁੜੀਆਂ ਦੇ ਕਾਫ਼ਲਾ ਮਾਰਚ ਕੀਤੇ ਜਾਣਗੇ। ਮੁੰਡਿਆਂ ਤੇ ਕੁੜੀਆਂ ਦੇ ਜਾਣ ਲਈ ਵੱਖੋ ਵੱਖਰੀਆਂ ਬੱਸਾਂ ਤੇ ਹੋਰ ਵਹੀਕਲਾਂ ਦੇ ਪ੍ਰਬੰਧ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ 15, 17ਤੇ 19 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ।