ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਗਾਇਕੀ ਦੇ ਖੇਤਰ ਚ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਅਨੇਕਾਂ ਸਾਫ ਸੁਥਰੇ ਗੀਤ ਗਾਉਣ ਵਾਲਾ ਗਾਇਕ “ਹਰਮਿੰਦਰ ਨੂਰਪੁਰੀ” ਅੱਜ ਵਿਸ਼ਵ ਭਰ ਦੇ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਹੈ। ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਨੂਰਪੁਰੀ ਦੇ ਗਾਏ ਗੀਤਾਂ ਨੇ ਉਸ ਦੇ ਸਰੋਤਿਆਂ ਦੇ ਦਿਲਾਂ ਚ ਇੱਕ ਵੱਖਰੀ ਛਾਪ ਛੱਡੀ। ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੇ ਰਚਣਹਾਰ ਉੱਘੇ ਗੀਤਕਾਰ “ਹਰਵਿੰਦਰ ਉਹੜਪੁਰੀ” ਦੇ ਲਿਖੇ ਗੀਤ ਜੋ ਹਰਮਿੰਦਰ ਨੂਰਪੁਰੀ ਦੀ ਮਿੱਠੀ ਅਵਾਜ਼ ਚ ਰਿਕਾਰਡ ਹੋਏ ਜਿਹਨਾਂ ਵਿੱਚ ਹੁਣ ਨਾ ਮਹਿਫਿਲ ਲਗਦੀ ਏ ਮੇਰੇ ਪਿੰਡ ਦੀਆਂ ਸੱਥਾਂ ਤੇ, ਮਿੱਤਰਾਂ ਤੇ ਕਿਰਪਾ ਬੜੀ ਹੁਣ ਰੱਬ ਦੀ, ਦਾਤਿਆ ਕਰ ਕਿਰਪਾ, ਜਿਹੇ ਨੂਰਪੁਰੀ ਦੇ ਗਾਏ ਹਰ ਗੀਤ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਹਨੀ ਦਿਨੀ ਇੱਕ ਵਾਰ ਫਿਰ ਗਾਇਕ ਹਰਮਿੰਦਰ ਨੂਰਪੁਰੀ ਆਪਣੇ ਨਵੇੰ ਗੀਤ “ਧੀਆਂ” ਨਾਲ ਇੱਕ ਵਾਰੀ ਫਿਰ ਚਰਚਾ ਵਿੱਚ ਹੈ। ਨਿਊਜ਼ੀਲੈਂਡ ਵਸਦੇ ਗੀਤਕਾਰ “ਹਰਜਿੰਦਰ ਬਸਿਆਲਾ” ਦਾ ਲਿਖਿਆ ਇਹ ਗੀਤ ਵਿਸ਼ਵ ਭਰ ਦੀ ਧੀਆਂ ਨੂੰ ਸਮਰਪਿਤ ਹੈ ਜੋ ਪੜ ਲਿਖ ਕੇ ਆਪਣੇ ਮਾਪਿਆਂ ਦੇ ਨਾਲ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ। ਗੀਤਕਾਰ ਹਰਵਿੰਦਰ ਉਹੜਪੁਰੀ ਹੋਣਾਂ ਦੀ ਪੇਸ਼ਕਾਰੀ ਚ ਇਸ ਗੀਤ ਨੂੰ ਮੰਗਲਾ ਰਿਕਾਰਡਜ਼ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰ ਅਮ੍ਰਿਤਪਾਲ ਸਿੰਘ ਬਿੱਲਾ ਨੇ ਬਾਖੂਬੀ ਅਦਾਕਾਰੀ ਨਿਭਾਈ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਰੇਡੀਓ ਟੀਵੀ ਅਤੇ ਸ਼ੋਸ਼ਲ ਮੀਡੀਆ ਤੇ ਇਸ ਗੀਤ ਦੀ ਖੂਬ ਚਰਚਾ ਹੋ ਰਹੀ ਹੈ।