
ਅਸਟ੍ਰੇਲੀਆ : ਭਾਰਤੀ ਕਿਸਾਨ ਅੰਦੋਲਨ ਨੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਲਈ ਇਕ ਆਸ ਦੀ ਕਿਰਨ ਪੈਦਾ ਕੀਤੀ ਹੈ। ਜਿਸ ਤਰਾਂ ਦਲੇਰੀ ਅਤੇ ਸੂਝ ਨਾਲ ਕਿਸਾਨ ਜਥੇਬੰਦੀਆਂ ਸੰਘਰਸ਼ ਦੀ ਅਗਵਾਈ ਕਰ ਰਹੀਆਂ ਹਨ, ਉਹਨਾਂ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ। ਆਸਟਰੇਲੀਆ ਵਿਚ ਗਠਿਤ ਭਾਰਤੀ ਕਿਸਾਨ ਸਹਾਇਤਾ ਕਮੇਟੀ ਵੱਲੋਂ ਭਾਰਤੀ ਕਿਸਾਨ ਅੰਦੋਲਨ ਵਿਚ ਨਿਭਾਈ ਜਹੀ ਇਤਿਹਾਸਕ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਮੇਟੀ ਦੇ ਸਰਪ੍ਰਸਤ ਡਾ ਬਰਨਾਰਡ ਮਲਿਕ ਨੇ ਕਿਹਾ ਕਿ ਅੰਦੋਲਨ ਨਿਰੋਲ ਕਿਸਾਨੀ ਹੋਣ ਕਰਕੇ ਇਸਦੀ ਅਗਵਾਈ ਅਤੇ ਭਵਿੱਖ ਕਿਸਾਨ ਜਥੇਬੰਦੀਆਂ ਦੀ ਸਾਂਝੇ ਮੋਰਚੇ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਕਮੇਟੀ ਦੇ ਸੀਨੀਅਰ ਮੈਂਬਰ ਬਲਰਾਜ ਸੰਘਾ ਅਤੇ ਬਲਵੰਤ ਸਾਨੀਪੁਰ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨਿਰਾ ਕਿਸਾਨੀ ਹੀ ਨਹੀਂ ਭਾਰਤੀ ਲੋਕਾਂ ਦੀ ਤਕਦੀਰ ਤੈਅ ਕਰੇਗਾ। ਟੈਲੀ ਮੀਟਿੰਗ ਵਿਚ ਬੋਲਦਿਆਂ ਸਾਥੀ ਬਲਿਹਾਰ ਸੰਧੂ ਨੇ ਕਿਸਾਨ ਅੰਦੋਲਨ ਨੂੰ ਹਰ ਤਰ੍ਹਾਂ ਦੀ ਸਪੋਰਟ ਦੇਣ ਦੀ ਗੱਲ ਦੁਹਰਾਈ।
ਕਮੇਟੀ ਵੱਲੋਂ ਪ੍ਰੈਸ ਨੋਟ ਜ਼ਾਰੀ ਕਰਦਿਆਂ ਕਵੀਨਜਲੈਂਡ ਤੋਂ ਸਰਬਜੀਤ ਸੋਹੀ ਨੇ ਦੱਸਿਆ ਕਿ ਕਿਸਾਨ ਸਹਾਇਤਾ ਕਮੇਟੀ ਆਸਟਰੇਲੀਆ ਵੱਲੋਂ ਪਹਿਲਾਂ 2 ਲੱਖ 18 ਹਜ਼ਾਰ ਰੁਪੈ ਦੀ ਸਹਾਇਤਾ ਰਾਸ਼ੀ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਛੱਜਲਵੱਢੀ ਰਾਹੀਂ ਅਲੱਗ-ਅਲੱਗ ਜਥੇਬੰਦੀਆਂ ਨੂੰ ਭੇਜੀ ਗਈ ਹੈ। ਹੁਣ ਕਮੇਟੀ ਵੱਲੋਂ ਇਕ ਵਾਰ ਫਿਰ ਸਾਂਝੇ ਵਸੀਲਿਆਂ ਤੋਂ ਇਕੱਤਰ 40000 ਰੁਪੈ ਦੀ ਰਾਸ਼ੀ ਕਿਸਾਨ ਅੰਦੋਲਨ ਦੀ ਅਗਵਾਈ ਕਰਦੀਆਂ ਜਥੇਬੰਦੀਆਂ ਨੂੰ ਭੇਜੀ ਜਾ ਰਹੀ ਹੈ। ਇਸ ਕਿਸ਼ਤ ਰਾਹੀਂ ਆਲ ਇੰਡੀਆ ਕਿਸਾਨ ਸਭਾ ਨੂੰ 10 ਹਜ਼ਾਰ ਰੁਪੈ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ 10 ਹਜ਼ਾਰ ਰੁਪੈ, ਕਿਸਾਨ ਸੰਘਰਸ਼ ਕਮੇਟੀ ਕੰਵਲਪ੍ਰੀਤ ਸਿੰਘ ਪੰਨੂ ਨੂੰ 10 ਹਜ਼ਾਰ ਰੁਪੈ, ਪਿਛਲੇ ਦਿਨੀਂ ਵਿੱਛੜੇ ਡੀ ਟੀ ਐਫ਼ ਦੇ ਬਾਨੀ ਪ੍ਰਧਾਨ ਮਰਹੂਮ ਸਾਥੀ ਦਾਤਾਰ ਸਿੰਘ ਦੀ ਯਾਦ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਨੂੰ 10 ਹਜ਼ਾਰ ਰੁਪੈ ਭੇਜੇ ਗਏ ਹਨ। ਇਸ ਮੀਟਿੰਗ ਵਿੱਚ ਨਾਰਦਰਨ ਟੈਰੇਟਰੀ ਤੋਂ ਦਿਲਬਾਗ ਸਿੰਘ ਢਿੱਲੋਂ, ਪੱਛਮੀ ਆਸਟਰੇਲੀਆ ਤੋਂ ਚੰਦਨਦੀਪ ਸਿੰਘ ਰੰਧਾਵਾ ਅਤੇ ਦੱਖਣੀ ਆਸਟਰੇਲੀਆ ਤੋਂ ਹਰਪਾਲ ਸਿੰਘ ਬਠਿੰਡਾ ਨੇ ਸ਼ਮੂਲੀਅਤ ਕੀਤੀ। ਕਮੇਟੀ ਮੈਂਬਰਾਂ ਨੇ ਭਾਰਤੀ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕੀਤੇ ਜਾਣ ਨਹੀਂ ਤਾਂ ਆਉਂਦੀਆਂ ਚੋਣਾਂ ਵਿਚ ਭਾਜਪਾ ਨੂੰ ਲੋਕਾਂ ਵੱਲੋਂ ਕਰਾਰੀ ਹਾਰ ਦਿੱਤੀ ਜਾਏਗੀ। ਕਮੇਟੀ ਮੈਂਬਰਾਂ ਨੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸਾਂਝੇ ਮੁਹਾਜ਼ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਸਾਨ ਅੰਦੋਲਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।