ਅਸ਼ੋਕ ਵਰਮਾ

ਨਵੀਂ ਦਿੱਲੀ,15 ਫਰਵਰੀ2021:ਟਿਕਰੀ ਬਾਰਡਰ ਤੇ ਪਕੌੜਾ ਚੌਂਕ ਨੇੜੇ ਲੱਗੀ ਸਟੇਜ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀਆਂ ਮੰਗਾਂ ਮੰਨਣ ਦੀ ਥਾਂ ਪੁਲ਼ਸ ਕੇਸਾਂ, ਫਾਸ਼ੀ ਹਮਲਿਆਂ ਤੋਂ ਇਲਾਵਾ ਇਸ ਨੂੰ ਲਮਕਾ ਕੇ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਬਾਰਡਰਾਂ ‘ਤੇ ਬੈਠੇ ਕਿਸਾਨਾਂ ਨੂੰ ਨਿਰਾਸ਼ ਕਰਨ ਕਰਕੇ ਘਰਾਂ ਨੂੰ ਮੋੜਨ ਦਾ ਜ਼ੋ ਭਰਮ ਪਾਲ ਰਹੀ ਹੈ ਉਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਨਾਲ ਦੂਜੇ ਰਾਜਾਂ ਵਿੱਚ ਕਿਸਾਨੀ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ ਅਤੇ ਹਾੜੀ ਦੇ ਸੀਜਨ ਦੌਰਾਨ ਵੀ ਸੰਘਰਸ਼ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ।
ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਇਹ ਕਾਲੇ ਕਨੂੰਨਾਂ ਦੇ ਲਾਗੂ ਹੋਣ ਨਾਲ ਸਰਕਾਰੀ ਮੰਡੀਆਂ ਦੇ ਨਾਲ ਪ੍ਰਾਈਵੇਟ ਕੰਪਨੀਆਂ ਖੋਲ੍ਹੀਆਂ ਜਾਣਗੀਆਂ । ਕਾਰਪੋਰੇਟ ਘਰਾਣਿਆਂ ਵੱਲੋਂ ਇਹਨਾਂ ਪ੍ਰਾਈਵੇਟ ਮੰਡੀਆਂ ਵਿੱਚੋਂ ਅਨਾਜ ਦੀ ਖਰੀਦ ਕਰਨ ਨਾਲ ਸਰਕਾਰੀ ਮੰਡੀਆਂ ਦਾ ਭੋਗ ਪੈ ਜਾਵੇਗਾ ਜਿਸ ਨਾਲ ਮੰਡੀਕਰਨ ਬੋਰਡ ਵਿੱਚ ਮਿਲ ਰਿਹਾ ਰੋਜ਼ਗਾਰ ਖਤਮ ਹੋ ਜਾਵੇਗਾ, ਅਨਾਜ ਅਤੇ ਸਬਜ਼ੀ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦਾ ਰੁਜਗਾਰ ਖੁੱਸ ਜਾਵੇਗਾ, ਮੰਡੀਆਂ ਵਿੱਚ ਢੋਆ ਢੁਆਈ ਲਈ ਟਰਾਂਸਪੋਰਟਰਾਂ ਨੂੰ ਮਿਲਦਾ ਰੁਜਗਾਰ ਖਤਮ ਹੋ ਜਾਵੇਗਾ, ਆੜ੍ਹਤੀਏ ਸਿਸਟਮ ਖਤਮ ਕਰ ਦਿੱਤਾ ਜਾਵੇਗਾ, ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਸਸਤਾ ਅਨਾਜ ਮਿਲਨਾ ਬੰਦ ਹੋ ਜਾਵੇਗਾ।
ਐਡਵੋਕੇਟ ਤਨੀਆ ਤਬੱਸੁਮ ਮਲੇਰਕੋਟਲਾ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਜਾਤ ਜਾਂ ਧਰਮ ਦਾ ਨਹੀਂ ਹੈ ਇਹ ਦੇਸ਼ ਦੇ ਕਿਰਤੀ ਲੋਕਾਂ ਦਾ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ । ਕਰੋਨਾ ਬਿਮਾਰੀ ਦੀ ਆੜ ਹੇਠ ਸ਼ਹੀਨ ਬਾਗ਼ ਦੇ ਮੋਰਚੇ ਵਿੱਚ ਬੈਠੇ ਲੋਕਾਂ ਤੇ ਅੰਨ੍ਹਾਂ ਤਸ਼ੱਦਦ ਕੀਤਾ ਗਿਆ ਅਤੇ ਇਸੇ ਬਿਮਾਰੀ ਦੀ ਆੜ ਹੇਠ ਹੀ ਨਵੇਂ ਖੇਤੀ ਵਿਰੋਧੀ ਕਾਲੇ ਕਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਵਿਰੋਧੀ ਕਾਲੇ ਕਨੂੰਨਾਂ ਦਾ ਕੱਲੀ ਕਿਸਾਨੀ ਤੇ ਨਹੀ ਪੂਰੇ ਦੇਸ਼ ਦੇ ਲੋਕਾਂ ਤੇ ਹਮਲਾ ਹੈ। ਉਨ੍ਹਾਂ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਤੇ ਉਹ ਇਸ ਅੰਦੋਲਨ ਵਿਚ ਵੱਧ ਤੋਂ ਵੱਧ ਸਮੂਲੀਅਤ ਕਰਨ।
ਹਰਿਆਣਾ ਤੋਂ ਦਲਬੀਰ ਸਿੰਘ ਰੇਂਦੂ ਨੇ ਕਿਹਾ ਕਿ ਹਰਿਆਣਾ ਵਿਚ ਵੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਲਾਮਬੰਦੀ ਤੇਜ ਕੀਤੀ ਜਾ ਰਹੀ ਹੈ। ਇਸ ਮੋਰਚੇ ਵਿਚ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਵੀ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਦੇ ਇਕੱਠ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਗੁਰਭਿੰਦਰ ਸਿੰਘ ਕੋਕਰੀ, ਮਨਜੀਤ ਸਿੰਘ ਘਰਾਚੋਂ, ਗੁਰਦੇਵ ਸਿੰਘ ਕਿਸ਼ਨਪੁਰਾ, ਜਸਵਿੰਦਰ ਕੌਰ ਝੇਰਿਆਵਾਲੀ, ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਤੋਂ ਸ਼ਮਸ਼ੇਰ ਸਿੰਘ ਅਤੇ ਜਸਵੰਤ ਸਿੰਘ ਮਲਕ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕ ਬਿੱਲੂ ਅਨਮੋਲ ਅਤੇ ਨਿੱਕਾ ਬੇਲੜਾ ਨੇ ਕਿਸਾਨ ਪੱਖੀ ਗੀਤ ਪੇਸ਼ ਕੀਤੇ।