
ਅਸ਼ੋਕ ਵਰਮਾ
ਰਾਮਪੁਰਾ,15ਫਰਵਰੀ2021: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਮਜਦੂਰਾਂ ਨੇ ਪ੍ਰਣ ਲਿਆ ਹੈ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਮੋਰਚੇ ’ਚ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨਾਂ ਤੇ ਮਜਦੂਰਾਂ ਨੇ ਜੇਠੂਕੇ ਕਰਾਇਆ ਘੋਲ ਦੇ ਸ਼ਹੀਦ ਦੇਸ਼ਪਾਲ ਸਿੰਘ ਤੇ ਗੁਰਮੀਤ ਸਿੰਘ ਅਤੇ ਜਮੀਨੀ ਮੋਰਚੇ ਦੇ ਸ਼ਹੀਦ ਸੁਰਮੁੱਖ ਸਿੰਘ ਦੀ 21ਵੀ ਬਰਸੀ ਪਿੰਡ ਜੇਠੂਕੇ ਦੇ ਸ਼ਹੀਦੀ ਯਾਦਗਾਰ ਪਾਰਕ ਵਿੱਚ ਮਨਾਈ । ਇਸ ਮੌਕੇ ਬਲਾਕ ਰਾਮਪੁਰਾ ਦੇ ਕਿਸਾਨ, ਮਜਦੂਰ, ਔਰਤਾਂ ਅਤੇ ਭੈਣਾਂ ਵੱਡੀ ਗਿਣਤੀ ਸ਼ਾਮਲ ਹੋਈਆਂ। ਝੰਡੇ ਦੀ ਰਸਮ ਉਪਰੰਤ ਸ਼ਹੀਦਾਂ ਨੂੰ ਦੋ ਮਿੰਟ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ ।ਇਸ ਸਮਾਗਮ ਵਿੱਚ ਇਕੱਤਰ ਹੋਏ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਅਤੇ ਗੱਲਬਾਤ ਦੇ ਪੱਤਿਆਂ ਰਾਹੀਂ ਡੰਗ ਟਪਾਉਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਹੁਣ ਇਹਨਾਂ ਚਾਲਾਂ ਨੂੰ ਸਮਝ ਚੁੱਕੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੀਆਂ ਨੀਤੀਆਂ ਕਾਰਨ ਧਨਾਢ ਵਪਾਰੀ ਪਹਿਲਾਂ ਹੀ ਮਾਲਾਮਾਲ ਹੋ ਚੁਧਕੇ ਹਨ ਪਰ ਹੁਣ ਕੇਂਦਰੀ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਤੇ ਕੁਦਰਤੀ ਖਜਾਨੇ ਲੁਟਾਉਣ ਲਈ ਖੇਤੀ ਕਾਨੂੰਨਾਂ ਵਾਲਾ ਰਸਤਾ ਅਖਤਿਆਰ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਇਹ ਕਾਨੂੰਨ ਰੱਦ ਕਰਵਾਕੇ ਹੀ ਲੋਕ ਘਰਾਂ ਨੂੰ ਮੁੜਨਗੇ। ਉਹਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਸਬੰਧੀ ਕਾਲੇ ਕਨੂੰਨ ਜਿੱਥੇ ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਕਰਾਉਣਗੇ ਉੱਥੇ ਹੀ ਸਰਕਾਰੀ ਖਰੀਦ ਬੰਦ ਕਰਨ ਰਾਹੀਂ ਖੇਤੀ ਜਿਣਸਾਂ ਨੂੰ ਮੰਡੀਆਂ ਵਿੱਚ ਕੌਡੀਆਂ ਦੇ ਭਾਅ ਵਿਕਣ ਲਈ ਮਜਬੂਰ ਕਰਨਗੇ ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਖਾਦ ਪਦਾਰਥਾਂ ਤੇ ਅਡਾਨੀ ਅੰਬਾਨੀਆ ਦੇ ਕਾਬਜ ਹੋਣ ਮਗਰੋਂ ਖੇਤ ਮਜਦੂਰਾਂ ਦੇ ਭੁੱਖਮਰੀ ਦੇ ਸ਼ਿਕਾਰ ਹੋਣ ਦਾ ਖਤਰਾ ਬਣ ਗਿਆ ਅਤੇ ਨਵੀਂ ਤਕਨੀਕ ਤਕਨਾਲੋਜੀ ਦੇ ਖੇਤੀ ਸੈਕਟਰ ਅੰਦਰ ਦਾਖਲ ਹੋਣ ਨਾਲ ਖੇਤ ਮਜਦੂਰਾਂ ਨੂੰ ਰੁਜਗਾਰ ਖਤਮ ਹੋਣ ਕਾਰਨ ਬੇਰੁਜਗਾਰੀ ਦੇ ਸ਼ਿਕਾਰ ਹੋਣ ਅਤੇ ਸਸਤੀਆਂ ਉਜਰਤਾ ਕਰਨ ਲਈ ਮਜਬੂਰ ਹੋਣਾ ਪਵੇਗਾ। ਬੁਲਾਰਿਆਂ ਨੇ ਮੋਦੀ ਹਕੂਮਤ ਵੱਲੋਂ ਕਿਸਾਨ ਸੰਘਰਸ਼ ਨੂੰ ਫਿਰਕੂ ਚਾਲਾਂ ਚੱਲਣ ਅਤੇ ਜਬਰ ਰਾਹੀ ਦਬਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਤਿੱਖੀ ਅਲੋਚਨਾ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਹਕੂਮਤ ਦੀਆਂ ਹਰ ਕਿਸਮ ਦੀ ਚਾਲਾਂ ਅਸਫਲ ਕਰਨ ਲਈ ਇਸ ਘੋਲ ਵਿੱਚ ਖੇਤ ਮਜਦੂਰ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਸਾਮਲ ਕਰਨ ਲਈ ਯਤਨ ਕੀਤੇ ਜਾਣ ਦੇ ਨਾਲ ਨਾਲ ਖੋਟੇ ਮਨਸੂਬੇਆ ਲਈ ਯਤਨ ਕਰਦੀਆਂ ਲੋਕ ਵਿਰੋਧੀ ਤਾਕਤਾਂ ਨੂੰ ਨਿਖੇੜ ਕੇ ਇਸ ਘੋਲ ਨੂੰ ਧਰਮ ਨਿਰਪੱਖ ਲੀਹਾਂ ਤੇ ਅੱਗੇ ਵਧਾਇਆ ਜਾਵੇ।
ਬੁਲਾਰਿਆਂ ਨੇ ਆਖਿਆ ਕਿ ਵਜੂਦ ਦੀ ਇਹ ਲੜਾਈ ਸਭ ਨੂੰ ਲੜਨੀ ਪਵੇਗੀ, ਹੁਣ ਜਿਉਂਦੇ ਰਹਿਣ ਲਈ ਕੋਈ ਹੋਰ ਚਾਰਾ ਨਹੀਂ ਹੈ। ਉਹਨਾਂ ਕਿਹਾ ਕਿ ਸਭ ਮੂਹਰੇ ਰੁਜ਼ਗਾਰ ਦਾ ਸੁਆਲ ਹੈ, ਜਿਸ ਦੀ ਰਾਖੀ ਹੀ ਮੁੱਖ ਮਕਸਦ ਹੈ। ਉਹਨਾਂ 21ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋ ਰਹੀ ਮਹਾਂ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਮਤਾ ਪਾਸ ਕਰਕੇ ਮਜਦੂਰ ਆਗੂ ਨੌਦੀਪ ਕੌਰ ਗੰਧੜ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਕਿਹਾ। ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ(ਮੋਗਾ) ਵੱਲੋਂ ‘ਹੈਲੋ ਮੈਂ ਦਿੱਲੀ ਤੋਂ ਦੁੱਲਾ ਬੋਲਦਾ ਅਤੇ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ, ਹਰਜਿੰਦਰ ਸਿੰਘ ਬੱਗੀ, ਸੁਖਦੇਵ ਸਿੰਘ ਜਵੰਦਾ, ਮੋਠੂ ਸਿੰਘ ਕੋਟੜਾ ਆਦਿ ਨੇ 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।