
ਅਸ਼ੋਕ ਵਰਮਾ
ਬਠਿੰਡਾ,5ਜਨਵਰੀ2021:ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਘੁੱਦਾ ਕੈਂਪਸ ਵਿਖੇ ਵਰਚੂਅਲ ਢੰਗ ਨਾਲ ਅੱਜ ਆਪਣਾ 6ਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਚਾਂਸਲਰ ਪਦਮ ਭੂਸ਼ਣ ਪ੍ਰੋ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮ ਵਿਭੂਸ਼ਣ ਡਾ. ਕੇ. ਕਸਤੂਰੀ ਰੰਜਨ ਇਮੇਰਿਟਸ ਪ੍ਰੋਫੈਸਰ ਨੈਸ਼ਨਲ ਇੰਸਟੀਟਿਊਟ ਆਫ ਐਡਵਾਂਸਡ ਸਟੱਡੀਜ, ਇੰਡੀਅਨ ਇੰਸਟੀਟਿਊਟ ਆਫ ਸਾਇੰਸ ਕੈਂਪਸ, ਬੰਗਲੌਰ ਸਨ।
ਪ੍ਰੋਗਰਾਮ ’ਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੇ ਆਨਲਾਈਨ ਪਲੇਟਫਾਰਮ ਰਾਹੀਂ ਸ਼ਿਰਕਤ ਕੀਤੀ। ਇਸ ਮੌਕੇ 2018 ਬੈਚ ਦੇ ਵਿਦਿਆਰਥੀਆਂ ਦੀ 535 ਮਾਸਟਰ ਡਿਗਰੀਆਂ ਅਤੇ 20 ਪੀਐਚਡੀ ਡਿਗਰੀਆਂ ਸਮੇਤ 555 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਵਾਲੇ 31 ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ, ਚਾਂਸਲਰ ਸਰਦਾਰਾ ਸਿੰਘ ਜੌਹਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਥਾਪਨਾ ਦੇ 11 ਸਾਲ ਦੇ ਥੋਹੜੇ ਅਰਸੇ ਦੌਰਾਨ ਯੂਨੀਵਰਸਿਟੀ ਭਾਰਤ ਦੀ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ ਸ਼ੁਮਾਰ ਹੋਣ ਵਾਲੀ ਕੇਂਦਰੀ ਯੂਨੀਵਰਸਿਟੀ ਬਣ ਗਈ ਹੈ। ਉਹਨਾਂ ਕਿਹਾ ਕਿ ਨਵਾਂ ਸਥਾਈ ਕੈਂਪਸ ਇਸਦੀ ਦਰਜਾਬੰਦੀ ਵਿੱਚ ਸੁਧਾਰ ਕਰੇਗਾ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਸਮਾਜ ਪ੍ਰਤੀ ਵਿਲੱਖਣ ਜਿੰਮੇਵਾਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ’ਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ।
ਮੁੱਖ ਮਹਿਮਾਨ ਡਾ. ਕੇ. ਕਸਤੂਰੀਰੰਜਨ ਨੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਅਤੇ ਸੋਨੇ ਦੇ ਤਗਮੇ ਜਿੱਤਣ ਵਾਲੇ ਨੂੰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕੇਂਦਰੀ ਯੂਨੀਵਰਸਿਟੀ ਨੇ ਸਿੱਖਿਆ ਅਤੇ ਖੋਜ ਦੇ ਖੇਤਰ ’ਚ ਇੱਕ ਮਾਪਦੰਡ ਸਥਾਪਿਤ ਕੀਤਾ ਹੈ। ਉਹਨਾਂ ਦੱਸਿਆ ਕਿ ਵਾਈਸ ਚਾਂਸਲਰ ਆਰ ਪੀ ਤਿਵਾੜੀ ਦੀ ਅਗਵਾਈ ਹੇਠ ਇਹ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਦੌਰਾਨ ਨਵੀਂਆਂ ਉਚਾਈਆਂ ਤੈਅ ਕਰੇਗੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਖ ਵੱਖ ਪ੍ਰੋਗਰਾਮਾਂ ਰਾਹੀਂ ਅਨੁਸ਼ਾਸ਼ਨੀ ਸਿੱਖਿਆ ਦੇ ਰਾਹੀ ਹੈ ਅਤੇ ਇਸ ਦਾ ਮਿਸ਼ਨ ਕੌਮੀ ਸਿੱਖਿਆ ਨੀਤੀ 2020 ਨਾਲ ਜੁੜਿਆ ਹੋਇਆ ਹੈ।
ਉਹਨਾਂ ਆਸ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਦਾ ਹੋਰ ਵਿਸਥਾਰ ਹੋਣ ਨਾਲ, ਬਠਿੰਡਾ ਜਲਦੀ ਹੀ ਗਿਆਨਵਾਨ ਬੁੱਧੀਜੀਵੀਆਂ ਦਾ ਘਰ ਬਣ ਜਾਏਗਾ। ਉਹਨਾਂ ਨੌਜਵਾਨਾਂ ਨੂੰ ਨਵੀਨਤਾਕਾਰੀ ਵਿਚਾਰਾਂ ਤੇ ਕੰਮ ਕਰਨ ਅਤੇ ਆਪਣੇ ਰੁਚੀ ਦੇ ਪੇਸੇ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਖੋਜਾਰਥੀਆਂ ਨੂੰ ਆਪਣੀਆਂ ਖੋਜਾਂ ਸਮਾਜ ਭਲਾਈ ਲਈ ਕਰਨ ਲਈ ਪ੍ਰੇਰਿਆ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪੀ. ਤਿਵਾੜੀ ਨੇ ਦੱਸਿਆ ਕਿ ਯੂਨੀਵਰਸਿਟੀ 42 ਮਾਸਟਰ ਅਤੇ 35 ਪੀਐਚਡੀ ਪ੍ਰੋਗਰਾਮਾਂ ਨਾਲ ਸਿਖਲਾਈ ਤੇ ਖੋਜ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਮਕਸਦ ਸਿੱਖਿਆ ਅਤੇ ਖੋਜ ਮਾਪਦੰਡਾਂ ਨੂੰ ਉੱਚਾ ਚੁੱਕਣਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਵੀ ਖੁਸ਼ਨਸੀਬ ਹਨ ਜਿਹਨਾਂ ਗੁਰੂਆਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਸਿਰਜੀ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਜਾਣੀ ਜਾਂਦੀ ਬਠਿੰਡਾ ਦੀ ਪਵਿੱਤਰ ਧਰਤੀ ਤੇ ਸਿੱਖਿਆ ਹਾਸਲ ਕੀਤੀ ਹੈ।
ਉਹਨਾਂ ਕਿਹਾ ਕਿ ਯੂਨੀਵਰਸਿਟੀ ਨਵੀਂ ਕੌਮੀ ਸਿੱਖਿਆ ਨੀਤੀ2020 ਨੂੰ ਲਾਗੂ ਕਰਨ ਅਤੇ ਭਾਰਤ ਨੂੰ ਦੁਨੀਆਂ ਦੀ ਗਿਆਨ ਰਾਜਧਾਨੀ ਵਜੋਂ ਦੁਬਾਰਾ ਸਥਾਪਤ ਕਰਨ ਲਈ ਵਚਨਬੱਧ ਹੈ। ਪ੍ਰੋਗਰਾਮ ਦੌਰਾਨ ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਵੀ ਵਿਚਾਰ ਪੇਸ਼ ਕੀਤੇ । ਅੰਤ ’ਚ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਵੀ.ਕੇ. ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।