
ਅਸ਼ੋਕ ਵਰਮਾ
ਬਠਿੰਡਾ,31ਦਸੰਬਰ2020: ਸਿਵਲ ਹਸਪਤਾਲ ਬਠਿੰਡਾ ਵਿਚਲੇ ਬਲੱਡ ਬੈਂਕ ਦਾ ਲਾਇਸੰਸ 14 ਦਿਨਾਂ ਲਈ ਮੁਅੱਤਲ ਕਰਨ ਨਾਲ ਆਮ ਮਰੀਜਾਂ ਦੀਆਂ ਮੁਸ਼ਕਲਾਂ ’ਚ ਭਾਰੀ ਵਾਧਾ ਹੋ ਗਿਆ ਹੈ। ਬਲੱਡ ਬੈਂਕ ਪ੍ਰਬੰਧਕਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੇ ਕਾਰਗੁਜ਼ਾਰੀ ’ਚ ਸੁਧਾਰ ਨਾਂ ਕੀਤਾ ਤਾਂ ਮੁਅੱਤਲੀ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ’ਚੋਂ ਜ਼ਾਰੀ ਹੋਇਆ ਐਚਆਈਵੀ ਪੌਜਟਿਵ ਖੂਨ 4 ਥੈਲੇਸੀਮੀਆ ਪੀੜਤ ਬੱਚਿਆਂ ਨੂੰ ਚੜ੍ਹਾ ਦਿੱਤਾ ਗਿਆ ਸੀ ਜਦੋਂਕਿ ਪੰਜਵੀ ਔਰਤ ਮਰੀਜ ਵੀ ਇਸੇ ਵਰਤਾਰੇ ਦਾ ਸ਼ਿਕਾਰ ਹੋਈ ਹੈ। ਰੌਚਕ ਪਹਿਲੂ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਹੁਣ ਤੱਕ ਕਾਰਵਾਈ ਦੇ ਨਾਮ ਹੇਠ ਖਾਨਾਪੂਰਤੀ ਕਰਦੇ ਹੀ ਦਿਖਾਈ ਦੇ ਰਹੇ ਸਨ ।
ਹੁਣ ਜਦੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੀੜਤ ਬੱਚਿਆਂ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਜਨ ਹਿੱਤ ਪਟੀਸ਼ਨ ਦਾਇਰ ਕਰ ਦਿੱਤੀ ਤਾਂ ਅਫਸਰਾਂ ਦੀ ਨੀਂਦ ਟੁੱਟੀ ਹੈ। ਜਾਣਕਾਰੀ ਮੁਤਾਬਕ ਇਸ ਕਾਰਵਾਈ ਤੋਂ ਬਾਅਦ12 ਜਨਵਰੀ ਤੱਕ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਨਾ ਤਾਂ ਖੂਨਦਾਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਕੋਈ ਹੋਰ ਗਤੀਵਿਧੀ ਕੀਤੀ ਜਾ ਸਕਦੀ ਹੈ । ਰਾਹਤ ਵਾਲੀ ਇਹੋ ਗੱਲ ਹੈ ਕਿ ਬਲੱਡ ਬੈਂਕ ’ਚ ਪਹਿਲਾਂ ਤੋਂ ਸਟੋਰ ਕਰਕੇ ਰੱਖਿਆ ਖੂਨ ਲੋੜਵੰਦਾਂ ਲਈ ਜਾਰੀ ਕੀਤਾ ਜਾ ਸਕੇਗਾ। ਪਤਾ ਲੱਗਿਆ ਹੈ ਕਿ ਤਾਜਾ ਕਾਰਵਾਈ ਉਪਰੰਤ ਅਧਿਕਾਰੀ ਡਰੇ ਹੋਏ ਹਨ ਕਿਉਂਕਿ ਹਾਈਕੋਰਟ ਦਾ ਡੰਡਾ ਉਹਨਾਂ ਤੇ ਕਿਸੇ ਵੀ ਵੇਲੇ ਖੜਕ ਸਕਦਾ ਹੈ। ਸੂਤਰ ਦੱਸਦੇ ਹਨ ਕਿ ਬਲੱਡ ਬੈਂਕ ਦੀ ਕਾਰਗੁਜ਼ਾਰੀ ਇਸ ਕਦਰ ਨਿੱਘਰ ਗਈ ਸੀ ਕਿ ਮੁਲਾਜਮ ਚੰਮ ਦੀਆਂ ਚਲਾ ਰਹੇ ਸਨ ਪਰ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ।
ਤਾਜਾ ਮਾਮਲਾ ਬੇਪਰਦ ਹੋਣ ਮਗਰੋਂ ਕਈ ਤੱਥ ਅਜਿਹੇ ਸਾਹਮਣੇ ਆਏ ਹਨ ਜੋ ਹੈਰਾਨ ਕਰ ਦੇਣ ਵਾਲੇ ਹਨ। ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਬਲੱਡ ਬੈਂਕ ’ਚ ਦਾਨ ਕੀਤੇ ਗਏ ਖੂਨ ਦਾ ਐਲੀਜ਼ਾ ਟੈਸਟ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ ਪਰ ਇੱਥੋਂ ਦੇ ਅਧਿਕਾਰੀ ਪਿਛਲੇ ਲੰਬੇ ਸਮੇਂ ਤੋਂ ਰੈਪਿਡ ਟੈਸਟ ਨਾਲ ਹੀ ਡੰਗ ਟਪਾਈ ਕਰ ਦੇ ਆ ਰਹੇ ਸਨ। ਸੂਤਰਾਂ ਨੇ ਦੱਸਿਆ ਹੈ ਕਿ ਬਲੱਡ ਬੈਂਕ ਦੀ ਇਮਾਰਤ ’ਚ ਮੁਰੰਮਤ ਦਾ ਕੰਮ ਚੱਲਦਾ ਹੋਣ ਕਰਕੇ ਵੱਡੀਆਂ ਮਸ਼ੀਨਾਂ ਅਤੇ ਹੋਰ ਸਾਜੋ ਸਮਾਨ ਆਦਿ ਰੱਖਣ ’ਚ ਆ ਰਹੀਆਂ ਦਿੱਕਤਾਂ ਕਰਕੇ ਰੈਪਿਡ ਟੈਸਟ ਕਰਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ। ਹੈਰਾਨਕੁੰਨ ਪੱਖ ਹੈ ਕਿ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾਂ ਕਰਨਾ ਸਵਾਲ ਖੜ੍ਹੇ ਕਰਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਧਿਕਾਰੀ ਤਾਂ ਇਸ ਮੁੱਦੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਮਰੀਜਾਂ ਲਈ ਪ੍ਰਬੰਧ ਕਰੇ ਸਰਕਾਰ-ਕੁਸਲਾ
ਸ਼ਹਿਰ ਦੇ ਸਮਾਜਸੇਵੀ ਕਾਰਕੁੰਨ ਤੇ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਮੁਅੱਤਲੀ ਕਾਰਨ ਮਰੀਜਾਂ ਦੀਆਂ ਦਿੱਕਤਾਂ ਵਧੀਆਂ ਹਨ ਇਸ ਲਈ ਸਰਕਾਰ ਮਰੀਜਾਂ ਲਈ ਲੁੜੀਂਦੇ ਪ੍ਰਬੰਧ ਯਕੀਨੀ ਬਣਾਏ। ਉਹਨਾਂ ਆਖਿਆ ਕਿ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਦਾ ਇਹ ਸੰਗੀਨ ਮਾਮਲਾ ਹੈ ਜਿਸ ਦੇ ਕਸੂਰਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਵਧ ਸਕਦੀ ਹੈ ਮੁਅੱਤਲੀ-ਡਰੱਗ ਇੰਸਪੈਕਟਰ
ਡਰੱਗ ਇੰਸਪੈਕਟਰ ਗੁਨਦੀਪ ਬਾਂਸਲ ਦਾ ਕਹਿਣਾ ਸੀ ਕਿ ਫਿਲਹਾਲ
ਬਲੱਡ ਬੈਂਕ ਦਾ ਲਾਇਸੰਸ 14 ਦਿਨ ਲਈ ਮੁਅੱਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕਾਰਗੁਜ਼ਾਰੀ ’ਚ ਸੁਧਾਰ ਲਿਆਉਣ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਉਹਨਾਂ: ਦੱਸਿਆ ਕਿ ਜੇਕਰ ਇਸ ਅਰਸੇ ਦੌਰਾਨ ਬਲੱਡ ਬੈਂਕ ਦਾ ਕੰਮ ਕਾਜ ਨਾਂ ਸੁਧਾਰਿਆ ਗਿਆ ਤਾਂ ਮੁਅੱਤਲੀ ਦੇ ਦਿਨ ਵਧਾਏ ਵੀ ਜਾ ਸਕਦੇ ਹਨ।
ਬਲੱਡ ਬੈਂਕ ’ਚ ਸੁਧਾਰ ਕਰਾਂਗੇ-ਬੀਟੀਓ
ਬਲੱਡ ਟ੍ਰਾਂਸਫਿਊਜ਼ਨ ਅਫਸਰ (ਬੀਟੀਓ) ਡਾਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਨੋਟਿਸ ਪ੍ਰਾਪਤ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਮਾਰਤ ਦੀ ਮੁਰੰਮਤ ਦੇ ਨੇਪਰੇ ਚੜ੍ਦਿਆਂ ਸੁਧਾਰਾਂ ਦੀ ਪਰਕਿਰਿਆ ਤੇਜ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ 19 ਨਵੰਬਰ ਨੂੰ ਜੁਆਇਨ ਕਰਨ ਤੋਂ ਬਾਅਦ ਬਕਾਇਦਾ ਐਲੀਜ਼ਾ ਟੈਸਟ ਵੀ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਜੋ ਹੋਰ ਵੀ ਨਿਯਮ ਹਨ ਉਹਨਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਈ ਜਾਏਗੀ।
ਵਿਜੀਲੈਂਸ ਵੀ ਕਰ ਰਹੀ ਹੈ ਜਾਂਚ
ਬਲੱਡ ਬੈਂਕ ਅਧਿਕਾਰੀਆਂ ਵੱਲੋਂ ਬਲੱਡ ਥੈਲੇਸੀਮੀਆ ਪੀੜਤ ਬੱਚਿਆਂ ਲਈ ਐਚਆਈਵੀ ਪਾਜ਼ਿਟਿਵ ਖੂਨ ਕਰਨ ਦੇ ਮਾਮਲੇ ’ਚ ਵਿਜੀਲੈਂਸ ਅਧਿਕਾਰੀ ਵੀ ਵੱਖਰੇ ਤੌਰ ’ਤੇ ਜਾਂਚ ਕਰ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਨੂੰ ਸਿਹਤ ਵਿਭਾਗ ਬਾਰੇ ਪੁਖਤਾ ਜਾਣਕਾਰੀ ਨਾਂ ਹੋਣ ਕਰਕੇ ਸਿਵਲ ਹਸਪਤਾਲ ਨੇ ਇੱਕ ਟੀਮ ਬਣਾਈ ਹੈ ਜਿਸ ’ਚ ਸ਼ਾਮਲ ਦੋ ਡਾਕਟਰਾਂ ਤੇ ਇੱਕ ਮੈਂਬਰ ਨੇ ਵਿਜੀਲੈਂਸ ਨੂੰ ਕੇਸ ਦੀਆਂ ਬਰੀਕੀਆਂ ਤੋਂ ਜਾਣੂੰ ਕਰਵਾਇਆ ਹੈ। ਵਿਜੀਲੈਂਸ ਪੜਤਾਲ ’ਚ ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਬਲੱਡ ਬੈਂਕ ਪ੍ਰਬੰਧਕਾਂ ਨੇ ਭਾਰੀ ਮਾਤਰਾ ਟੈਸਟ ਕਿੱਟਾਂ ਬਾਹਰੋਂ ਮੰਗਵਾਈਆਂ ਹੋਈਆਂ ਸਨ। ਵਿਜੀਲੈਂਸ ਵੱਲੋਂ ਸਿਵਲ ਹਸਪਤਾਲ ਤੋਂ ਬਲੱਡ ਬੈਂਕ ਦਾ ਪੂਰਾ ਰਿਕਾਰਡ ਤਲਬ ਕਰਕੇ ਖੰਘਾਲਿਆ ਜਾ ਰਿਹਾ ਹੈ।