ਗੁਰਪ੍ਰੀਤ ਸਿੰਘ ਰੰਗੀਲਪੁਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਦੇ ਮਨਾਂ ਵਿੱਚ ਭਾਰੀ ਰੋਸ ਭਰ ਦਿੱਤਾ ਹੈ । ਦੇਸ਼ ਦੇ ਸਮੁੱਚੇ ਕਿਸਾਨਾਂ ਨੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਕਾਲ਼ੇ ਕਾਨੂੰਨ ਕਹਿ ਕੇ ਮੁੱਢੋਂ ਨਕਾਰਿਆ ਹੈ । ਪਿਛਲੇ ਲੰਮੇ ਸਮੇਂ ਤੋਂ ਇਹਨਾਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਚੱਲ ਰਿਹਾ ਹੈ । ਪੁਲਿਸ ਦੇ ਬੈਰੀਕੇਟ ਉਖਾੜ ਕੇ, ਰਾਹ ਵਿੱਚ ਪੁੱਟੀਆਂ ਸੜਕਾਂ-ਟੋਏ ਪੂਰ ਕੇ, ਪਾਣੀ ਦੀਆਂ ਬੁਛਾੜਾਂ ਵਿੱਚ ਭਿੱਜ ਕੇ ਵੀ ਦੇਸ਼ ਦੇ ਕਿਸਾਨ ਭਾਰਤ ਦੇ ਦਿਲ, ਦਿੱਲੀ ਤੱਕ ਪੁੱਜ ਗਏ ਹਨ । ਉਹ ਆਪਣੇ ਸੰਘਰਸ਼ ਦੇ ਦਬਾਅ ਸਦਕਾ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਮੀਟਿੰਗ ਕਰਨ ਲਈ ਮਜ਼ਬੂਰ ਕਰਨ ਉਪਰੰਤ ਵੀ ਪੋਹ ਦੀ ਠੰਢ ਵਿੱਚ ਲੱਖਾਂ ਦੀ ਗਿਣਤੀ ਵਿੱਚ ਕੇਂਦਰ ਸਰਕਾਰ ਦੇ ਹਰ ਪੈਂਤੜੇ ਨੂੰ ਮਾਤ ਪਾਉਂਦੇ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ । ਹੁਣ ਤੱਕ 50 ਤੋਂ ਵੱਧ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਪੂਰੇ ਵਿਸ਼ਵ ਦੀਆਂ ਨਜ਼ਰਾਂ ਇਸ ਕਿਸਾਨੀ ਅੰਦੋਲਨ ਵੱਲ ਹਨ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅਜੇ ਵੀ ਆਪਣੇ ਹੀ ‘ਮਨ ਕੀ ਬਾਤ’ ਕਰੀ ਜਾ ਰਹੇ ਹਨ । ਜਦ ਕਿ ਹੁਣ ਉਹਨਾਂ ਨੂੰ ਦੇਸ਼ਵਾਸੀਆਂ ਦੇ ਮਨਾਂ ਦੀ ਗੱਲ ਕਰਨੀ ਬਣਦੀ ਹੈ ।
ਅੱਜ ਦੇਸ਼ ਦੇ ਬੱਚੇ, ਨੌਜਵਾਨ, ਵਿਦਿਆਰਥੀ, ਔਰਤਾਂ, ਲੇਖਕ-ਬੁੱਧੀਜੀਵੀ, ਨੋਬਲ ਪੁਰਸਕਾਰ ਵਿਜੇਤਾ, ਵਕੀਲ, ਡਾਕਟਰ, ਮੁਲਾਜ਼ਮ, ਸੇਵਾ ਮੁਕਤ ਫੌਜ਼ੀ, ਅੰਗਹੀਣ ਸਾਰੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ । ਇੱਥੋਂ ਤੱਕ ਕਿ ਬੇ-ਜ਼ਮੀਨੇ ਭਾਰਤ ਵਾਸੀ ਅਤੇ ਦੁਕਾਨਦਾਰ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ । ਸਿਵਾਏ ਦੋ-ਚਾਰ ਚੈਨਲਾਂ ਤੋਂ ਸਾਰਾ ਹੀ ਮੀਡੀਆ ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਨੰਗਾ ਕਰਦਾ ਨਜ਼ਰ ਆ ਰਿਹਾ ਹੈ । ਕਿਸਾਨੀ ਅੰਦੋਲਨ ਦੀ ਖਾਸੀਅਤ ਇਹ ਵੀ ਹੈ ਕਿ ਇਹ ਜਾਤ-ਧਰਮ, ਰੰਗ-ਨਸਲ ਜਾਂ ਰਾਜਨੀਤਕ ਪਾਰਟੀਆਂ ਤੋਂ ਉੱਪਰ ਉੱਠ ਕੇ ਸਿਰਫ਼ ਤੇ ਸਿਰਫ਼ ਕਿਸਾਨਾਂ ਦੇ ਹੱਕਾਂ ਲਈ ਜੂਝਦੇ ਲੋਕਾਂ ਦਾ ਸੰਘਰਸ਼ ਹੈ । ਇਹ ਪੂਰੀ ਤਰ੍ਹਾਂ ਸ਼ਾਂਤਮਈ ਚੱਲ ਰਿਹਾ ਪ੍ਰਦਰਸ਼ਨ ਹੈ । ਦਰਅਸਲ ਇਹ ਅੰਦੋਲਨ ਪੂਰੇ ਵਿਸ਼ਵ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਮਿਸਾਲੀ ਵੀ ਹੈ । ਵਿਸ਼ਵ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਇਹ ਅੰਦੋਲਨ ਹੁਣ ਸਿਰਫ਼ ਦੇਸ਼-ਵਿਆਪੀ ਹੀ ਨਹੀਂ ਰਿਹਾ ਸਗੋਂ ਸੰਸਾਰ-ਵਿਆਪੀ ਵੀ ਹੋ ਨਿੱਬੜਿਆ ਹੈ ।
ਪ੍ਰਧਾਨ ਮੰਤਰੀ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪ ਕੀ ? ਉਹਨਾਂ ਦਾ ਕੋਈ ਵੀ ਮੰਤਰੀ ਹੁਣ ਤੱਕ ਕਿਸਾਨਾਂ ਨੂੰ ਤਿੰਨਾਂ ਖੇਤੀ ਕਾਨੂੰਨਾਂ ਦੇ ਫਾਇਦੇ ਨਹੀਂ ਸਮਝਾ ਸਕਿਆ ਹੈ । ਉਹਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਖੁਸ਼ਾਮਦ ਕਰਨ ਵਾਲੇ ਦੋ-ਚਾਰ ਮੰਤਰੀਆਂ ਜਾਂ ਮੀਡੀਆ ਵਾਲਿਆਂ ਨੂੰ ਜੋ ਕਿਸਾਨੀ ਅੰਦੋਲਨ ਪ੍ਰਤੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਨੂੰ ਸਮੁੱਚੇ ਦੇਸ਼ ਦੇ ਨਹੀਂ ਬਲਕਿ ਸਾਰੇ ਸੰਸਾਰ ਦੇ ਲੋਕ ਲਾਹਨਤਾਂ ਪਾ ਰਹੇ ਹਨ । ਲੋਕਾਂ ਵਿੱਚ ਇਹ ਵੀ ਭਾਰੀ ਰੋਸ ਹੈ ਕਿ ਆਪਣੇ ਆਪ ਨੂੰ ਦੇਸ਼ ਦਾ ਚੌਂਕੀਦਾਰ ਕਹਿਣ ਵਾਲੇ ਪ੍ਰਧਾਨ ਮੰਤਰੀ ਨੇ ਆਪਣੇ ਬੂਹੇ ਅੱਗੇ ਬੈਠੇ ਕਿਸਾਨਾਂ ਦੇ ਦਰਦ ਨੂੰ ਨਹੀਂ ਮਹਿਸੂਸ ਕੀਤਾ । ਪਰ ਕਿਸਾਨਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ । ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਤਿੰਨ ਖੇਤੀ ਕਾਨੂੰਨ ਭਾਰਤੀ ਸੰਵਿਧਾਨ ਦੇ ਉਲਟ ਹਨ । ਖੇਤੀ ਦੀ ਮਦ ਪ੍ਰਤੀ ਫੈਸਲੇ ਲੈਣੇ ਪ੍ਰਾਂਤ ਦੇ ਹਿੱਸੇ ਆਉਂਦਾ ਹੈ । ਕਰੋਨਾ ਵਰਗੀ ਮਹਾਂਮਾਰੀ ਦੇ ਚੱਲਦਿਆਂ ਖੇਤੀ ਸਬੰਧੀ ਕੋਈ ਐਡੀ ਐਮਰਜੈਂਸੀ ਨਹੀਂ ਸੀ ਆਈ ਕਿ ਇਹ ਤਿੰਨ ਖੇਤੀ ਕਾਨੂੰਨ ਲੈ ਕੇ ਆਉਣੇ ਪੈ ਗਏ । ਵਿਰੋਧੀਆਂ ਵੀ ਬਿਨਾਂ ਬਹਿਸ ਤੋਂ ਸੰਸਦ ਵਿੱਚ ਬਿੱਲ ਪਾਸ ਕਰਨ ਦੇ ਇਲਜ਼ਾਮ ਲਾਏ ਹਨ । ਜੇਕਰ ਕੇਂਦਰ ਸਰਕਾਰ ਦੀ ਕੋਈ ਮਜ਼ਬੂਰੀ ਵੀ ਸੀ ਤਾਂ ਵੀ ਹੁਣ ਪੂਰੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਭਾਰੀ ਰੋਸ ਨੂੰ ਵੇਖ ਕੇ ਉਸਨੂੰ ਇਹ ਤਿੰਨੇ ਕਾਲੇ ਕਾਨੂੰਨ ਤਰੁੰਤ ਰੱਦ ਕਰ ਦੇਣੇ ਚਾਹੀਦੇ ਹਨ ।
ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਲਾਏ ਜਾਂਦੇ ਲਾਰਿਆਂ ਤੋਂ ਅੱਕ ਕੇ ਅਤੇ ਘੜੀ-ਮੁੜੀ ਲਾਗੂ ਕੀਤੀਆਂ ਜਾ ਰਹੀਆਂ ਲੋਕ-ਵਿਰੋਧੀ ਨੀਤੀਆਂ ਕਰਕੇ ਸਮੁੱਚੇ ਦੇਸ਼ਵਾਸੀਆਂ ਨੇ ਪ੍ਰਧਾਨ ਮੰਤਰੀ ਜੀ ਵੱਲੋਂ ਕੀਤੀ ਜਾਂਦੀ ‘ਮਨ ਕੀ ਬਾਤ’ ਨੂੰ ਠੁਕਰਾ ਦਿੱਤਾ ਹੈ । ਉਹਨਾਂ ‘ਮਨ ਕੀ ਬਾਤ’ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਥਾਲੀਆਂ ਖੜਕਾ ਕੇ ਆਪਣਾ ਵਿਰੋਧ ਦਰਜ਼ ਕਰਵਾਇਆ ਹੈ । ਲਾਈਵ ਚਲਦੀ ਵੀਡੀਉ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਡਿਸਲਾਈਕ ਮਿਲੇ ਹਨ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਹੁਣ ਆਪਣੇ ‘ਮਨ ਕੀ ਬਾਤ’ ਨਹੀਂ ਕਰਨੀ ਚਾਹੀਦੀ ਸਗੋਂ ਦੇਸ਼ਵਾਸੀਆਂ ਦੇ ਮਨਾਂ ਦੀ ਗੱਲ ਕਰਨੀ ਬਣਦੀ ਹੈ । ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ । ਖੇਤੀ ਸਬੰਧੀ ਲਿਆਂਦੇ ਤਿੰਨੇ ਕਾਲ਼ੇ ਕਾਨੂੰਨ ਤਰੁੰਤ ਰੱਦ ਕੀਤੇ ਜਾਣ । ਸ਼ਾਂਤਮਈ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ । ਜਦ ਪੂਰਾ ਸੰਸਾਰ, ਪੂਰੇ ਵਿਸ਼ਵ ਦਾ ਮੀਡੀਆ ਅਤੇ ਪੂਰੀ ਦੁਨੀਆਂ ਦੇ ਇਨਸਾਫ ਪਸੰਦ ਲੋਕ ਕਿਸਾਨਾਂ ਦੀ ਗੱਲ ਕਰ ਰਹੇ ਹਨ ਤਾਂ ਇਸ ਕਰਕੇ ਅਗਲੀ ਵਾਰ ਜਦ ਵੀ ਪ੍ਰਧਾਨ ਮੰਤਰੀ ਜੀ ਦੇਸ਼ ਨੂੰ ਸੰਬੋਧਨ ਕਰਨ ਤਾਂ ਆਪਣੀ ਹੱਠ ਛੱਡ ਕੇ, ਅੜੀਅਲਪੁਣਾ ਅਤੇ ਨਿਰਦਈਪੁਣਾ ਛੱਡ ਕੇ ਆਪਣੇ ‘ਮਨ ਕੀ ਬਾਤ’ ਕਰਨ ਦੀ ਥਾਂ ਉਹ ਦੇਸ਼ਵਾਸੀਆਂ ਦੇ ਮਨਾਂ ਦੀ ਗੱਲ ਕਰਨ । ਕਿਸਾਨਾਂ ਦੇ ਹੱਕ ਦੇਣ ਦੀ ਗੱਲ ਕਰਨ । ਤਿੰਨੇ ਕਾਲੇ ਕਾਨੂੰਨ ਤਰੁੰਤ ਰੱਦ ਕਰਨ ਦੀ ਗੱਲ ਕਰਨ ।
ਮੋ. 9855207071