6.9 C
United Kingdom
Sunday, April 20, 2025

More

    ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਧਰੂ ਤਾਰੇ ਵਾਂਗ ਚਮਕਿਆ ਪਿੰਡ ਮਹੇਸ਼ਰੀ (ਵੀਡੀਓ ਦੇਖੋ)

    ਵੀਡੀਓ ਦੇਖੋ

    ਅਸ਼ੋਕ ਵਰਮਾ
    ਬਠਿੰਡਾ,31 ਦਸੰਬਰ 2020: ਮੋਗਾ ਜਿਲ੍ਹੇ ਦਾ ਪਿੰਡ ਮਹੇਸ਼ਰੀ ਕਿਸਾਨ ਅੰਦੋਲਨ ਦੇ ਮਾਮਲੇ ’ਚ ਨਿਵੇਕਲੀ ਮਿਸਾਲ ਬਣਿਆ ਹੈ। ਜਦੋਂ ਹਿੰਮਤ ਨੇ ਜਨੂੰਨ ਦਾ ਰੂਪ ਧਾਰਿਆ ਤਾਂ ਨੌਜਵਾਨਾਂ ਨੇ ਕੇਦਰ ਸਰਕਾਰ ਨੂੰ ਵੱਖਰੇ ਢੰਗ ਨਾਲ ਲਲਕਾਰ ਮਾਰੀ ਹੈ। ਹੁਣ ਇਸ ਪਿੰਡ ਦੀਆਂ ਕੰਧਾਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੇ ਹੱਕ ’ਚ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਇਲਾਵਾ ਜਨਤਕ ਮੰਗਾਂ ਵਾਲੇ ਨਾਅਰਿਆਂ ਨਾਲ ਚਮਕਾਂ ਮਾਰਨ ਲੱਗੀਆਂ ਹਨ। ਸਰਵ ਭਾਰਤ ਨੌਜਵਾਨ ਸਭਾ ਦਾ ਸੂਬਾ ਸਕੱਤਰ ਤੇ ਪਿੰਡ ਮਹੇਸ਼ਵਰੀ ਵਾਸੀ ਸੁਖਜਿੰਦਰ ਸਿੰਘ ਅਤੇ ਸਾਥੀਆਂ ਨੇ ਸੰਘਰਸ਼ ਦਾ ਇੱਕ ਨਵਾਂ ਖਾਕਾ ਖਿੱਚਣ ਦਾ ਮਨ ਬਣਾਇਆ ਤਾਂ ਪਿੰਡ ਵਾਸੀ ਨਾਲ ਹੋ ਤੁਰੇ। ਇਹਨਾਂ ਨੌਜਵਾਨਾਂ ਨੇ ਪੂਰੇ ਪਿੰਡ ’ਚ ਪਹਿਲਾਂ ਕੰਧਾਂ ਨੂੰ ਸਵਾਰਿਆ ਅਤੇ ਲੋੜ ਅਨੁਸਾਰ ਸਾਫ ਸਫਾਈ ਵਗ਼ੈਰਾ ਕਰਵਾਈ। ਬਜ਼ੁਰਗਾਂ ਨੇ ਸਿਫ਼ਤ ਕਰਨੀ ਸ਼ੁਰੂ ਕੀਤੀ ਅਤੇ ਬੱਚੇ ਹੱਥ ਵਟਾਉਣ ਜੁਟ ਗਏ।
                              ਵੱਡੀ ਗੱਲ ਹੈ ਕਿ ਇਸ ਮਹਾਂ ਯੱਗ ’ਚ ਸੀਰ ਪਾਉਣ ਨੂੰ ਹਰ ਕੋਈ ਉਤਾਵਲਾ ਦਿਖਿਆ। ਹੁਣ ਹਰ ਕੰਧ ਕੋਈ ਨਾਂ ਕੋਈ ਸੰਦੇਸ਼ ਦੇਣ ਲੱਗੀ ਹੈ। ਨੌਜਵਾਨਾਂ ਨੇ ਪੇਂਟਿੰਗਾਂ ਰਾਹੀਂ ਸਭ ਲਈ ਰੁਜਗਾਰ ਦੀ ਮੰਗ ਰੱਖੀ ਹੈ ਤਾਂ ਮੋਦੀ ਸਰਕਾਰ ਨੂੰ ਇਹ ਵੀ ਸਨੇਹਾਂ ਭੇਜਿਆ ਹੈ ਕਿ ‘ਸਾਡੀ ਧਰਤੀ ਸਰਬੱਤ ਦੇ ਭਲੇ ਲਈ ਅੰਨ ਉਗਾਉਣ ਵਾਸਤੇ ਹੈ, ਅੰਬਾਨੀਆ ਅਡਾਨੀਆਂ ਦੇ ਮੁਨਾਫਿਆਂ ਲਈ ਨਹੀਂ। ਨੌਜਵਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ’ਚ ਲਿਖੀ ਹੈ ਤਾਂ ਜੋ ਕੋਈ ਬਾਹਰੋਂ ਆਇਆ ਪੜਨ ਤੋਂ ਵਾਂਝਾ ਨਾਂ ਰਹੇ। ‘ਕਿਸਾਨ ਮਜਦੂਰ ਏਕਤਾ ਜਿੰਦਾਬਾਦ’ ਦੇ ਨਾਅਰੇ ਰਾਹੀਂ ਭਾਈਚਾਰਕ ਏਕਤਾ ਦੀ ਪ੍ਰੋੜਤਾ ਕੀਤੀ ਗਈ ਹੈ ਅਤੇ ਵਪਾਰੀਆਂ ਤੇ ਜਮਾਂਖੋਰੀ ਦੀ ਰੋਕ ਅਤੇ ਸਭ ਲਈ ਅੰਨ ਭੰਡਾਰ ਦੀ ਗਰੰਟੀ ਕਰੋਂ’ ਨਾਅਰੇ ਨਾਲ ਕਾਲਾਬਜਾਰੀ ਖਤਮ ਕਰਨ ਲਈ ਵੀ ਆਖਿਆ ਹੈ।
                                          ਪਿੰਡਾਂ ਦੇ ਲੋਕ ਨਾਅਰਿਆਂ ਵਾਲੀਆਂ ਕੰਧਾਂ ਕੋਲ  ਖਲੋਕੇ ਮਾਣ ਨਾਲ ਫੋਟੋਆਂ ਖਿਚਵਾਉਂਦੇ ਅਤੇ ਸੈਲਫੀਆਂ ਲੈਂਦੇ ਹਨ। ਪਿੰਡ ਦੇ ਜੋ ਕਿਸਾਨ ਮਜਦੂਰ ਦਿੱਲੀ ਮੋਰਚੇ ’ਚ ਸ਼ਾਮਲ ਨਹੀਂ ਹੋ ਸਕੇ ਉਹਨਾਂ ਨੇ ਇੱਥੇ ਕੰਮ ਧੰਦੇ ਤਿਆਗ ਕੇ ਇੱਥੇ ਸਾਥ ਦਿੱਤਾ ਹੈ। ਨੌਜਵਾਨ ਸੁਖਜਿੰਦਰ ਸਿੰਘ ਦਾ ਕਹਿਣਾ ਸੀ  ਕਿ ਅੱਜ ਜਦੋਂ ਖੇਤੀ ਕਾਨੂੰਨਾਂ ਖਿਲਾਫ ਸਿਰਧੜ ਦੀ ਲੱਗੀ ਹੋਈ ਹੈ ਅਤੇ ਸਾਰੇ ਹੀ ਵਰਗ ਕਿਸਾਨਾਂ ਦੇ ਹੱਕ ’ਚ ਤੁਰੇ ਹਨ ਤਾਂ ਉਹ ਕਿਸ ਤਰਾਂ ਪਿੱਛੇ ਰਹਿ ਸਕਦੇ ਸਨ। ਉਹਨਾਂ ਆਖਿਆ ਕਿ ਜਦੋਂ ਉਹਨਾਂ ਨੂੰ  ਆਪਣੇ ਹੁਨਰ ਸਦਕਾ ਯੋਗਦਾਨ ਪਾਉਣ ਦਾ ਫੁਰਨਾ ਫੁਰਿਆ ਤਾਂ ਸਭ ਨੇ ਸਾਥ ਦਿੱਤਾ ਹੈ। ਨੌਜਵਾਨ ਸਭਾ ਦੇ ਹੀ ਮੈਂਬਰ ਸੁੱਖਾ ਨੇ ਤਾਂ ਪੇਟਿੰਗ ਵਾਲੇ ਬੁਰਸ਼ਾਂ ਨਾਲ ਅਜਿਹਾ ਹੁਨਰ ਦਿਖਾਇਆ ਕਿ ਕੰਧਾਂ ਵੀ ਬੋਲਣ ਲੱਗੀਆਂ ਹਨ ਜਿਸ ਨਾਲ ਸਮੁੱਚੇ ਪਿੰਡ ਦਾ ਮਹੌਲ ਹੀ ਬਦਲ ਗਿਆ ਹੈ।
                        ਉਹਨਾਂ ਦੱਸਿਆ ਕਿ ਮਹੱਤਵਪੂਰਨ ਤੱਥ ਹੈ ਕਿ ਇੱਕ ਦੂਸਰੇ ਦੀ ਦੇਖਾ ਦੇਖੀ ਨੌਜਵਾਨ ਪੇਂਟਿੰਗ ਸਿੱਖਣ ’ਚ ਰੁਚੀ ਰੱਖਣ ਲੱਗੇ ਹਨ। ਉਹਨਾਂ ਦੱਸਿਆ ਕਿ ਨਾਅਰੇ ਲਿਖਣ ਲਈ ਉਹਨਾਂ ਨੇ ਭਾਸ਼ਾ ਨੂੰ ਵਲਗਣ ਨਹੀਂ ਬਣਾਇਆ ਬਲਕਿ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ  ਅੰਗਰੇਜ਼ੀ ਭਾਸ਼ਾ ਨੂੰ ਵੀ ਤਰਜੀਹ ਦਿੱਤੀ ਹੈ। ਉਹਨਾਂ ਦੱਸਿਆ ਕਿ ਹੁਣ ਤਾਂ ਪਿੰਡ ਵਾਸੀਆਂ ਨੇ ਤਾਂ ਨਾਅਰੇ ਲਿਖਣ ਲਈ ਆਪਣੀਆਂ ਥਾਵਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਆਖਿਆ ਕਿ ਭਾਵੇਂ ਇਹ ਸਧਾਰਨ ਗੱਲ ਹੈ ਪਰ ਇਸ ਨਾਲ ਭਾਈਚਾਰਕ ਏਕਤਾ ਅਤੇ ਸੰਘਰਸ਼ ਦਾ ਉਹ ਰਿਵਾਇਤੀ ਜੁੱਸੇ ਵਾਲਾ ਮਹੌਲ ਬੱਝਿਆ ਹੈ ਜੋ ਕਦੇ ਪੰਜਾਬੀਆਂ ਦੀ ਵਿਰਾਸਤ ਮੰਨਿਆ ਜਾਂਦਾ ਸੀ। ਉਹ ਅਪੀਲ ਕੀਤੀ ਕਿ ਲੋਕ ਆਪੋ ਆਪਣੇ ਪਿੰਡਾਂ ’ਚ ਅਜਿਹੇ ਹੀ ਜੁਝਾਰੂ ਨਾਅਰੇ ਲਿਖਣ ਤਾਂ ਜੋ ਨਵੇਂ ਪੋਚ ’ਚ ਆਪਣੇ ਹੱਕ ਹਕੂਕ ਪ੍ਰਤੀ ਜਾਗ ਲਾਈ ਜਾ ਸਕੇ।

          ਇਹ ਨਾਅਰੇ ਵੀ ਹਨ ਪਿੰਡ ਦਾ ਸ਼ਿੰਗਾਰ
    ਪਿੰਡ ਮਹੇਸ਼ਰੀ ਦੀਆਂ ਿਕ ਸੜਕਾਂ ’ਤੇ ਲੱਗੀਆਂ ਖੇਤੀ ਮੋਟਰਾਂ ਵਾਲੇ ਕੋਠਿਆਂ ’ਤੇ  ‘ਨੋ ਫਾਰਮਰ, ਨੋ ਫੂਡ’ ਤੋਂ ਇਲਾਵਾ ‘ਸਭ ਮਿਹਨਤਕਸ਼ਾਂ ਦੇ ਕਰਜਿਆਂ ਦਾ ਖਾਤਮਾ ਕਰੋ, ਅਸੀਂ ਚਾਹੁੰਦੇ ਹਾਂ ‘ਸਭ ਲਈ ਪੱਕੇ ਰੁਜਗਾਰ ਦਾ ਕਾਨੂੰਨ’ ‘ ਪ੍ਰਾਈਵੇਟ ਮੰਡੀਆਂ ਲਈ ਖੁੱਲ੍ਹ ਨਾਂ ਦਿਓ,ਸਭ ਫਸਲਾਂ ਦੀ ਸਰਕਾਰੀ ਖਰੀਦ ਕਰੋ’ ‘ ਅਸੀਂ ਚਾਹੁੰਦੇ ਹਾਂ ਸਵੈਇੱਛਾ ਵਾਲੀ ਸਾਂਝੀ ਸਹਿਯੋਗੀ ਲਾਹੇਵੰਦ ਖੇਤੀ’ ‘ ਬਿਜਲੀ ਸੋਧ ਬਿੱਲ 2020 ਰੱਦ ਕਰੋ’ ਸਮੇ ਸਿੱਖਿਆ ਦੀ ਮੰਗ ਅਤੇ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਬੰਦ ਕਰੋ ਵਰਗੇ ਨਾਅਰਿਆਂ ਨੂੰ ਥਾਂ ਦਿੱਤੀ ਗਈ ਹੈ। ਮਹੇਸ਼ਰੀ ਪਿੰਡ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ’ਚੋਂ ਵੀ ਏਦਾਂ ਦੇ ਨਾਅਰੇ ਲਿਖਣ ਲਈ ਫੋਨ ਆਇਆ ਹੈ।

                          ਕਿਸਾਨ ਅੰਦੋਲਨ ਨੇ ਨਵਾਂ ਜਾਗ ਲਾਇਆ

    ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਨੇ ਪੰਜਾਬ ਵਿਚ ਨਵਾਂ ਜਾਗ ਲਾਇਆ ਹੈ ਜਿਸ ਕਰਕੇ ਹਰ ਕੋਈ ਇਸ ਮੋਰਚੇੇ ਨਾਲ ਜੁੜ ਰਿਹਾ ਹੈ। ਉਹਨਾਂ ਆਖਿਆ ਕਿ ਅੱਜ ਦਾ ਨੌਜਵਾਨ ਨਾਇਕ ਵਜੋਂ ਉਭਰਿਆ ਹੈ ਕਿਉਂਕਿ ਦਿੱਲੀ ਮੋਰਚਾ ਸਾਂਝੀ ਲੜਾਈ ਦਾ ਪ੍ਰਤੀਕ ਹੈ । ਉਹਨਾਂ ਆਖਿਆ ਕਿ ਇਹਨਾਂ ਨੌਜਵਾਨਾਂ ਦਾ ਜਜ਼ਬਾ ਹੈ ਜੋ ਕੇਂਦਰੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!