
ਰਜਨੀ ਵਾਲੀਆ
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਕਲਮ ਵਾਲੇ ਹੱਥਾਂ ਨੂੰ,
ਕਿਤਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਜਿ਼ੰਦਗੀ ਦੇ ਵਿੱਚ ਬੜੇ,
ਕੀਤੇ ਮੈਂ ਗੁਨਾਂਹ ਨੇਂ |
ਕੱਢ ਅੱਜ ਫੁਰਸਤ ਓ,
ਬੋਲੇ ਮੇਰੇ ਨਾਂ ਨੇਂ |
ਖੁੱਲੀ ਹੋਈ ਵਹੀ ਨੂੰ,
ਹਿਸਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਬਿਨਾਂ ਮਹਿਕਾਂ ਦੇ ਦੱਸ,
ਕਾਹਦੇ ਫੁੱਲ ਮਾਲੀਆ |
ਤੇਰੀ ਕਿਰਤ ਨੂੰ ਖਾਵੇ,
ਪੂਰਾ ਜੱਗ ਹਾਲੀਆ |
ਕੂਲੇ-ਕੂਲੇ ਹੱਥਾਂ,
ਨੂੰ ਗੁਲਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਚਿੱਟਿਆਂ ਨੇਂ ਕਾਲੀਆਂ,
ਨੇਂ ਕੀਤੀਆਂ ਜਵਾਨੀਆਂ |
ਗਵਾਚ ਗਈਆਂ ਪੁੱਤਾਂ,
ਜਈਆਂ ਪਲਾਂ ਚ ਨਿਸ਼ਾਨੀਆਂ,
ਪੁਰਾਣਾ ਮੈਨੂੰ ਮਾਲਕਾ,
ਪੰਜਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਹਾਸੇ ਗਏ ਗਵਾਚ ਤੇ,
ਰੋਣੇ ਲੱਭ ਗਏ ਨੇਂ |
ਮੁਰਾਦਾਂ ਸਭ ਮੋਈਆਂ,
ਪਛਤਾਉਣੇ ਲੱਭ ਗਏ ਨੇਂ |
ਅੱਖੀਆਂ ਨੂੰ ਸੌਣ ਪਿੱਛੋਂ,
ਗੁਲਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |
ਦਿਲਾਂ ਚ ਪਿਆਰ ਰੱਖੋ,
ਵੈਰ ਕਿਹੜੀ ਗੱਲ ਦਾ |
ਜਿਹੜਾ ਮਿਹਨਤੀ ਤੇ ਹਿੰਮਤੀ,
ਹੁੰਦਾ ਰੱਬ ਉਹਦੇ ਵੱਲਦਾ |
ਰਜਨੀ ਤੈਰਨ ਨੂੰ,
ਸੂ਼ਕਦਾ ਝਨਾਬ ਤਾਂ ਮਿਲੇ |
ਮੇਰਿਆਂ ਸਵਾਲਾਂ ਨੂੰ,
ਜਵਾਬ ਤਾਂ ਮਿਲੇ |