ਅਸ਼ੋਕ ਵਰਮਾ
ਨਵੀਂ ਦਿੱਲੀ,5ਦਸੰਬਰ 2020:ਦਿੱਲੀ ਦੇ ਟਿਕਰੀ ਬਾਰਡਰ ‘ਤੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਈ ਕਿਲੋਮੀਟਰ ਤੱਕ ਫੈਲੇ ਮੋਰਚੇ ‘ਚ ਅੱਜ ਪੰਜ ਨਗਰ ਵਸਾਕੇ ਕਿਸਾਨਾਂ ਨੇ ਲੰਮੇ ਤੇ ਸਿਰੜੀ ਸੰਘਰਸ ਦਾ ਠੋਸ ਐਲਾਨ ਕਰ ਦਿੱਤਾ ਹੈ । ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਇਹ ਨਗਰ ਸਾਡੇ ਸੰਗਰਾਮੀ ਵਿਰਸੇ ਦੇ ਨਾਇਕਾਂ ਬਾਬਾ ਬੰਦਾ ਸਿੰਘ ਬਹਾਦਰ,ਚਾਚਾ ਅਜੀਤ ਸਿੰਘ, ਗਦਰੀ ਗੁਲਾਬ ਕੌਰ, ਸਹੀਦ ਭਗਤ ਸਿੰਘ ਤੇ ਸਹੀਦ ਸਾਧੂ ਸਿੰਘ ਤਖਤੂਪੁਰਾ ਦੇ ਨਾਮ ਤੇ ਵਸਾਏ ਗਏ ਹਨ। ਉਹਨਾਂ ਦੱਸਿਆ ਕਿ ਚੱਲ ਰਹੇ ਮੋਰਚੇ ‘ਚ ਪ੍ਰੈਸ ਨੂੰ ਸੂਚਨਾ ਮਹੱਈਆ ਕਰਵਾਉਂਣ ਦੇ ਲਈ ਸਹੀਦ ਅਸਫਾਕ ਉੱਲਾ ਖਾਂ ਦੇ ਨਾਮ ‘ਤੇ ਪ੍ਰੈਸ ਗੈਲਰੀ ਵੀ ਸਥਾਪਿਤ ਕਰ ਦਿੱਤੀ ਹੈ। ਉਹਨਾਂ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸਾਨੀ ਦੀ ਉਸ ਮਹਾਨ ਬਗਾਵਤ ਦੇ ਨਾਇਕ ਹਨ ਜਿਸਨੇ ਲੰਮੇ ਤੇ ਜਾਨ ਹੂਲਵੇਂ ਘੋਲ ਦੇ ਜੋਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਹੈ।
ਉਹਨਾਂ ਆਖਿਆ ਕਿ ਚਾਚਾ ਅਜੀਤ ਸਿੰਘ ਬਰਤਾਨਵੀ ਹਕੂਮਤ ਖਿਲਾਫ ਉੱਠੀ ਸ਼ਾਨਾਂਮੱਤੀ ਪਗੜੀ ਸੰਭਾਲ ਜੱਟਾ ਲਹਿਰ ਦੇ ਮੋਢੀ ਹਨ ਜੋ ਅੱਜ ਵੀ ਹੱਕਾਂ ਲਈ ਜੂਝਦੇ ਹੋਏ ਕਿਸਾਨਾਂ ਦੇ ਲਈ ਰੌਸਨ ਮਸਾਲ ਹੈ। ਉਹਨਾਂ ਆਖਿਆ ਕਿ ਗਦਰੀ ਗੁਲਾਬ ਕੌਰ ਬਸਤੀਵਾਦੀ ਹਕੂਮਤ ਖਿਲਾਫ ਜੂਝਣ ਵਾਲੀ ਉਹ ਨਾਇਕਾ ਹੈ ਜੋ ਆਪਣੇ ਹੱਕਾਂ ਲਈ ਜੂਝ ਰਹੀਆਂ ਤੇ ਦਿੱਲੀ ਮੋਰਚੇ ‘ਚ ਡਟੀਆਂ ਔਰਤਾਂ ਦੇ ਲਈ ਚਾਨਣ ਮੁਨਾਰਾ ਹੈ। ਉਹਨਾਂ ਆਖਿਆ ਕਿ ਸਹੀਦ ਭਗਤ ਸਿੰਘ ਕੌਮੀ ਮੁਕਤੀ ਲਹਿਰ ਦੇ ਉਹ ਮਹਾਨ ਸਹੀਦ ਹਨ ਜਿਹਨਾਂ ਨੇ ਕਿਸਾਨਾਂ, ਮਜਦੂਰਾਂ, ਨੌਜਵਾਨਾਂ ਤੇ ਦੇਸ ਵਾਸੀਆਂ ਦੀ ਮੁਕਤੀ ਲਈ ਬਰਤਾਨਵੀ ਹਕੂਮਤ ਦੇ ਨਾਲ-ਨਾਲ ਦੇਸੀ ਲੁਟੇਰਿਆਂ ਦੀ ਲੁੱਟ ਦੇ ਖਾਤਮੇ ਦਾ ਪ੍ਰੋਗਰਾਮ ਪਹਿਲੀ ਵਾਰ ਭਾਰਤੀ ਲੋਕਾਂ ਦੇ ਸਾਹਮਣੇ ਉਭਾਰਕੇ ਪੇਸ ਕੀਤਾ। ਉਹਨਾਂ ਆਖਿਆ ਕਿ ਸਹੀਦ ਭਗਤ ਸਿੰਘ ਅੱਜ ਵੀ ਲੁੱਟ ਜਬਰ ਤੋਂ ਮੁਕਤੀ ਲਈ ਸੰਘਰਸ ਕਰਦੇ ਕਿਸਾਨਾਂ, ਮਜਦੂਰਾਂ, ਔਰਤਾਂ ਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਕੇ ਉਹਨਾਂ ਦਾ ਰਾਹ ਰੁਸਨਾਉਣ ਵਾਲੇ ਮਹਾਨ ਨਾਇਕ ਹਨ।
ਉਹਨਾਂ ਆਖਿਆ ਕਿ ਸਹੀਦ ਸਾਧੂ ਸਿੰਘ ਤਖਤੂਪੁਰਾ ਮੌਜੂਦਾ ਕਿਸਾਨ ਲਹਿਰ ਦੇ ਉਹ ਨਾਇਕ ਹਨ ਜਿਨਾਂ ਨੇ ਅਕਾਲੀ ਭਾਜਪਾ ਹਕੂਮਤ ਦੌਰਾਨ ਸਰਕਾਰੀ ਸਰਪ੍ਰਸਤੀ ਵਾਲੇ ਭੌਇ ਮਾਫੀਏ ਖਲਿਾਫ ਜਮੀਨੀ ਘੋਲ ਦੀ ਅਗਵਾਈ ਕਰਦਿਆਂ ਸਹਾਦਤ ਦਾ ਜਾਮ ਪੀ ਕੇ ਸਾਡੀ ਜਥੇਬੰਦੀ ਤੇ ਕਿਸਾਨ ਲਹਿਰ ਨੂੰ ਵਿਸਾਲ ਲਹਿਰ ਦਾ ਰੂਪ ਦੇਣ ‘ਚ ਅਹਿਮ ਭੂਮਿਕਾ ਨਿਭਾਈ । ਕਿਸਾਨ ਆਗੂਆਂ ਨੇ ਆਖਿਆ ਕਿ ਲੋਕਾਂ ਦੀ ਆਪਣੀ ਮਹਾਨ ਸੰਗਰਾਮੀ ਵਿਰਾਸਤ ਦੇ ਇਹਨਾਂ ਨਾਇਕਾਂ ਦੇ ਨਾਮ ਤੇ ਵਸਾਏ ਗਏ ਇਹ ਨਗਰ ਕਿਸਾਨ ਲਹਿਰ ਦੇ ਉਸ ਨਰੋਏ ਤੱਤ ਦਾ ਪ੍ਰਤੀਕ ਹਨ ਜਿਸਦੀਆਂ ਜੜਾਂ ਮੁਲਕ ਦੀ ਧਰਮ ਨਿਰਪੱਖ ਤੇ ਜਮਹੂਰੀ ਰਵਾਇਤਾਂ ਵਾਲੀਆਂ ਲੋਕ ਲਹਿਰਾਂ ਦੀ ਮਹਾਨ ਵਿਰਾਸਤ ‘ਚ ਲੱਗੀਆਂ ਹੋਈਆਂ ਹਨ। ਉਹਨਾਂ ਆਖਿਆ ਕਿ ਇਹ ਨਗਰ ਖੇਤੀ ਕਾਨੂੰਨਾਂ ਖਿਲਾਫ ਮੋਰਚੇ ‘ਚ ਡਟੇ ਕਿਸਾਨਾਂ, ਮਜਦੂਰਾਂ, ਨੌਜਵਾਨਾਂ ਤੇ ਔਰਤਾਂ ਦੇ ਦਿਰੜ ਇਰਾਦਿਆਂ ਦਾ ਵੀ ਪ੍ਰਤੀਕ ਹਨ ਕਿ ਉਹ ਪੰਜੇ ਕਾਨੂੰਨਾਂ ਨੂੰ ਵਾਪਸ ਕਰਵਾਕੇ ਹੀ ਘਰਾਂ ਨੂੰ ਪਰਤਣਗੇ।