ਬ੍ਰਿਸਬੇਨ (ਪੰਜ ਦਰਿਆ ਬਿਊਰੋ)
ਅੱਜ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਪੰਜਾਬੀ ਤੇ ਹਰਿਆਣਵੀ ਭਾਈਚਾਰੇ ਵੱਲੋਂ , ਦਿੱਲੀ ਮੋਰਚੇ ਤੇ ਬੈਠੇ ਪੰਜਾਬੀਆਂ ਦਾ ਸਮਰਥਨ ਕਰਦੇ ਹੋਏ ਕਾਲੇ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਤੇ ਰੋਸ ਮੁਜਾਹਰਾ ਕੀਤਾ ਗਿਆ। ਮਾਝਾ ਯੂਥ ਕਲੱਬ ਬ੍ਰਿਸਬੇਨ ਅਤੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਿਰਕਤ ਕਰਦਿਆਂ ਰੰਨਕੋਰਨ ਤੋਂ ਸਿਟੀ ਤੱਕ ਕਾਰ ਰੈਲੀ ਕੱਢੀ ਗਈ ਜਿਸ ਵਿੱਚ ਨੌਜਵਾਨਾਂ ਤੋ ਇਲਾਵਾ ਬੱਚਿਆ, ਬਜੁਰਗਾ ਅਤੇ ਮਾਤਾਵਾਂ ਨੇ ਵੀ ਹਿੱਸਾ ਲਿਆ। ਰੈਲੀ ਸ਼ੁਰੂ ਕਰਨ ਤੋਂ ਪਹਿਲਾ ਇਕੱਠ ਨੂੰ ਸੰਬੋਧਨ ਕਰਦਿਆ ਲੇਖਕ ਸਭਾ ਦੇ ਜਨਰਲ ਸਕੱਤਰ ਹਰਮਨ ਗਿੱਲ ਨੇ ਅਡਾਨੀ ਤੇ ਅੰਬਾਨੀ ਦੀ ਕਿਸਾਨ ਮਾਰੂ ਨੀਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮਾਝਾ ਯੂਥ ਕਲੱਬ ਦੇ ਸੀਨੀਅਰ ਆਗੂ ਪਰਨਾਮ ਸਿੰਘ ਹੇਅਰ ਅਤੇ ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੋਵਿਡ ਦੀਆਂ ਬੰਦਿਸ਼ਾ ਅਤੇ ਫਲਾਈਟਾਂ ਬੰਦ ਹੋਣ ਕਰਕੇ ਬੇਸ਼ੱਕ ਪੰਜਾਬ ਜਾਣਾ ਔਖਾ ਹੈ, ਪਰ ਅਸੀਂ ਵਿਦੇਸ਼ਾ ਵਿੱਚ ਬੈਠੇ ਵੀ ਇਹਨਾਂ ਰੋਸ ਮੁਜਾਹਰਿਆਂ ਰਾਹੀਂ ਉਹਨਾਂ ਦਾ ਸਮਰਥਨ ਕਰ ਸਕਦੇ ਹਾਂ । ਮਾਝਾ ਯੂਥ ਕਲੱਬ ਦੇ ਪ੍ਰਧਾਨ ਬਲਰਾਜ ਸਿੰਘ ਸੰਧੂ ਤੇ ਨੌਜਵਾਨ ਮੈਂਬਰ ਮਨ ਖਹਿਰਾ ਨੇ ਦੱਸਿਆ ਕਿ ਕਿਵੇਂ ਅਸੀਂ ਵਿਦੇਸ਼ੀ ਮੀਡੀਆ ਦੇ ਜਰੀਏ ਆਪਣੀ ਆਵਾਜ ਭਾਰਤ ਵਿੱਚ ਬੁਲੰਦ ਕਰ ਸਕਦੇ ਹਾਂ । ਰੈਲੀ ਵਿੱਚ ਪੰਜਾਹ ਦੇ ਕਰੀਬ ਕਾਰਾਂ ਦਾ ਕਾਫਲਾਂ ਬੈਨਰਾਂ ਤੇ ਝੰਡਿਆਂ ਨਾਲ ਨਾਹਰੇ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੇ। ਇਸ ਰੈਲੀ ਵਿੱਚ ਜਸਵੰਤ ਵਾਗਲਾ, ਸੁਰਜੀਤ ਸੰਧੂ, ਜੱਗਾ ਵੜੈਚ, ਵਰਿੰਦਰ ਅਲੀਸ਼ੇਰ, ਤੋਂ ਇਲਾਵਾ ਹੋਰਨਾਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।