3.5 C
United Kingdom
Sunday, March 8, 2026

More

    ਹੱਕ

    ਰਜਨੀ ਵਾਲੀਆ
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |
    ਕੋਈ ਆਪਣਾ ਹੋਵੇ ਦੁਖੀ ਤਾਂ,
    ਦੁੱਖ ਵੰਡਾਉਣੇ ਪੈਂਦੇ ਨੇ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਉਸਦੇ ਨਾਲ-ਨਾਲ ਹੀ ਰਹਿਣਾ,
    ਨਾਲ ਹੀ ਬਹਿਣਾ ਪੈਂਦਾ ਏ |
    ਜੋ ਉਸਦੀ ਮੰਗ ਹੋਵੇ ਉਸ,
    ਉੱਤੇ ਢਹਿਣਾ ਪੈਂਦਾ ਏ |
    ਉਸਦੀ ਕਹੀ ਤੇ ਫੁੱਲ ਕਾਲੀਨ,
    ਵਿਛਾਉਣੇ ਪੈਂਦੇ ਨੇਂ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਵਿੱਚ ਭੱਠ ਦੇ ਪੈਣਾ ਪੈ ਜਾਏ,
    ਤਾਂ ਪੈ ਜਾਂਦੇ ਪੈਣ ਵਾਲੇ |
    ਨੰਗੀਆਂ ਤੇਗਾਂ ਨਾਲ ਖਹਿਣਾ,
    ਪਏ ਤਾਂ ਖਹਿ ਜਾਂਦੇ ਖਹਿਣ ਵਾਲੇ |
    ਆਪਣੇ ਸਿਰ ਖਾਰਾਂ ਦੇ ਤਾਜ,
    ਕਦੇ ਸਜਾਉਣੇ ਪੈਂਦੇ ਨੇ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਹਰ-ਦਮ ਸੁੱਕਿਆਂ ਪੱਤਿਆਂ ਵਾਂਗੂ,
    ਹੋ ਹੌਲਿਆਂ ਰਹਿਣਾ ਪੈਂਦਾ ਏ |
    ਹਰ-ਦਮ ਸੁੱਕਿਆਂ ਪੱਤਿਆਂ ਵਾਂਗੂ,
    ਕਦਮੀਂ ਲਹਿਣਾ ਪੈਂਦਾ ਏ |
    ਸੁੱਖ ਸਮੇਂ ਦੇ ਹੱਥੋਂ ਸੱਜਣਾ ਦੇ,
    ਛੁਡਾਉਣੇ ਪੈਂਦੇ ਨੇਂ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਬਾਹਵਾਂ ਬਣਕੇ ਰਹਿਣਾ ਪੈਂਦਾ,
    ਜੇ ਸਾਥ ਨਿਭਾਉਣੇ ਹੋਵਣ |
    ਹੱਕਾਂ ਖਾਤਿਰ ਲੜਨਾ ਪੈਂਦਾ,
    ਜੇ ਹੱਕ ਜਤਾਉਣੇ ਹੋਵਣ |
    ਬੜੇ-ਬੜੇ ਫਿਰ ਨਾਡੂ ਖਾਂ,
    ਵੀ ਢਾਉਣੇ ਪੈਂਦੇ ਨੇਂ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਸਭ ਹੱਦਾਂ ਬੰਨੇ ਟੁੱਟ ਜਾਵਣ,
    ਜਦ ਹੱਕ ਨਹੀਂ ਮਿਲਦੇ |
    ਮਿਹਨਤ ਕੀਤਿਆਂ ਮਾਲੀ ਦੇ,
    ਜਦ ਫੁੱਲ ਨਹੀਂ ਖਿਲਦੇ |
    ਨੱਕ ਹਾਕਮਾਂ ਨੂੰ ਫੇਰ,
    ਘਸਾਉਣੇ ਪੈਂਦੇ ਨੇਂ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    ਰਜਨੀ ਹਰ ਮਸਲੇ ਦਾ ਹੱਲ,
    ਕਦੇ ਨਈਂ ਮਿਲਦਾ ਜੰਗਾਂ ਚੋਂ |
    ਕੁਝ ਵੀ ਗਲਤ ਨਈ ਹੁੰਦਾ,
    ਮੰਗੀਆਂ ਜਾਇਜ਼ ਮੰਗਾਂ ਚੋਂ |
    ਡਾਹੁਣੇ ਪੈਣ ਜੇ ਹੱਥ ਮੱਚਦੀ,
    ਵਿੱਚ ਡਾਹੁਣੇ ਪੈਂਦੇ ਨੇਂ |
    ਜਦ ਹੱਕ ਮੰਗਿਆਂ ਵੀ ਮਿਲਦੇ,
    ਨਹੀਂ ਤਾਂ ਖੋਹਣੇ ਪੈਂਦੇ ਨੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!