ਦੁੱਖਭੰਜਨ ਰੰਧਾਵਾ
0351920036369
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਜਿਸ ਨੂੰ ਅੰਨ-ਦਾਤਾ ਕਹਿੰਦੇ ਨੇ,
ਮੈਂ ਉਸ ਭਗਵਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਜੱਟ ਜੋ ਮੂੰਹੋਂ ਕਹਿ ਦਏ,
ਓਈਓ ਕਰਕੇ ਵਿਖਾ ਦੇਂਦਾ |
ਚੰਗਿਆਂ ਨਾ ਚੰਗਾ ਏ,
ਬੁਰਿਆਂ ਨੂੰ ਮੱਤ ਸਿਖਾ ਦੇਂਦਾ |
ਜੋ ਕਰਕੇ ਮੁੱਕਰਦਾ ਨਹੀਂ,
ਉਸ ਜੁਬਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਮੈਨੂੰ ਜਾਣੀਂ ਨਾ ਤੀਲਾ ਮੈਂ,
ਬੌਕਰ ਬਣਕੇ ਹੂੰਝ ਦੇਊਂ |
ਜੇ ਆਕੜ ਛੱਡੀ ਨਾ ਆਪਣੀਂ,
ਤੈਨੂੰ ਨਕਸੇ਼ ਤੋਂ ਪੂੰਜ ਦੇਊਂ |
ਮੈਂ ਪੱਖੀਆਂ ਦੀ ਝੱਲ ਨਈਂ,
ਮੈਂ ਤੁਫਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਕਿਸੇ ਤੋਂ ਮੰਗਕੇ ਨਈਂ ਖਾਂਦਾ,
ਸਭ ਮੇਰੀ ਬੀਜੀ ਖਾਂਦੇ ਨੇਂ |
ਜੱਟ ਨੂੰ ਸਲਿਊਟਾਂ ਕਰਦੇ ਨੇਂ,
ਜੋ ਲੋਕ ਵੀ ਮੰਡੀ ਜਾਂਦੇ ਨੇ |
ਜੋ ਹੱਕ-ਹਲਾਲ ਦੀ ਖਾਵੇ,
ਓ ਦੀਨ ਈਮਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਮੈਂ ਘਾਟੇ ਵਾਧੇ ਨਈਂ ਦੇਖਦਾ,
ਜਦ ਕੁਝ ਕਰਨ ਤੇ ਆਵਾਂ |
ਜਾਂ ਮਰ ਜਾਨਾਂ ਜਾਂ ਮਾਰ ਦੇਨਾਂ,
ਜਦੋਂ ਵੀ ਮਰਨ ਤੇ ਆਵਾਂ |
ਮੈਂ ਤੇਰੇ ਨਫੇ ਦਾ ਨਹੀਂ ਤੇਰੇ,
ਨੁਕਸਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਤੇਰਾ ਹੁਣ ਤਖਤ ਹਿਲਾ ਦੇਣੈ,
ਜਿਹੜੇ ਤੂੰ ਤਖਤ ਤੇ ਚੜ ਬੈਠੈਂ |
ਉਹ ਘੁਰਨਾ ਵੀ ਲੱਭਲਾਂਗੇ,
ਜਿਸਦੇ ਵਿੱਚ ਜਾ ਕੇ ਵੜ ਬੈਠੈਂ |
ਮੈਂ ਨੇਜਿਆਂ,ਤੇਗਾਂ ਤੇ ਸੁਣ,
ਕਿਰਪਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਮੈਂ ਪਿਆਰਿਆਂ ਨੂੰ ਤੋਹਫੇ ਵਿੱਚ,
ਸਦਾ ਗੁਲਾਬ ਦੇਂਦਾ ਹਾਂ |
ਓਏ ਜੋ ਅੱਗੋਂ ਕੌੜਦੈ ਮੈਨੂੰ,
ਮੂੰਹ ਭੰਨ ਜਵਾਬ ਦੇਂਦਾ ਹਾਂ |
ਅਸੀ ਕਦੇ ਭੀਖ ਨਈਂ ਮੰਗਦੇ,
ਦਾਨੀਆਂ ਦੇ ਦਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਸਿੰਘਾਂ ਕਈ ਵਾਰ ਜਿੱਤੀ ਏ ਤੂੰ,
ਕਿਹੜੀ ਦਿੱਲੀ ਦੀ ਗੱਲ ਕਰਦੈਂ |
ਘੰਟੀ ਸਦਾ ਸਿੰਘਾ ਨੇ ਗਲ ਪਾਈ,
ਜਿਹੜੀ ਬਿੱਲੀ ਦੀ ਗੱਲ ਕਰਦੈਂ |
ਮੈਂ ਤਾਂ ਪੂਰੀ ਦਿੱਲੀ ਵਿੱਚ ਹੋਏ,
ਪਏ ਐਲਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |
ਅਸਾਂ ਕਦੇ ਜੋਸ਼ ਵਿੱਚ ਆ ਕੇ,
ਆਪਣਾ ਹੋਸ਼ ਨਈਂ ਖੋਇਆ |
ਅਸੀਂ ਅੱਗ ਅੰਦਰ ਬਾਲਦੇ ਆਂ,
ਕਦੇ ਆਕਰੋਸ਼ ਨਈਂ ਖੋਇਆ |
ਹੁਣ ਹੋਣੈਂ ਜੋ ਤੂੰ ਵੇਖੀਂ ਓਏ,
ਮੈਂ ਤਾਂ ਘਮਸਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ
ਦੁੱਖਭੰਜਨ ਇੱਕ ਨਈਂ ਏਥੇ,
ਦੁੱਖਭੰਜਨ ਲੱਖਾਂ ਹੋ ਗਏ ਨੀ |
ਦੁੱਖਭੰਜਨ ਵੇਖ ਚੁਫੇਰੇ ਆ ਕੇ,
ਥਾਂ-ਥਾਂ ਤੇ ਖਲੋ ਗਏ ਨੀ |
ਮੈਂ ਗੁਰੂ ਗ੍ਰੰਥ ਸਾਹਿਬ,ਗੀਤਾ ਤੇ,
ਬਾਈਬਲ,ਕੁਰਾਨ ਦਾ ਪੁੱਤ ਹਾਂ |
ਹਾਕਮਾ ਇੱਕ ਚੀਜ਼ ਨਾ ਭੁੱਲੀ,
ਓਏ ਮੈਂ ਕਿਰਸਾਨ ਦਾ ਪੁੱਤ ਹਾਂ |