ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਦੇ ਦੌਰ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ ਸਕਾਟਲੈਂਡ ਦੇ ਵੱਖ ਵੱਖ ਗੁਰੂਘਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ ਹੋਏ। ਸੰਗਤਾਂ ਵੀ ਬੇਹੱਦ ਜਾਬਤੇ ਦਾ ਸਬੂਤ ਦਿੰਦੀਆਂ ਗੁਰੂਘਰਾਂ ਵਿੱਚ ਮੱਥਾ ਟੇਕਣ ਉਪਰੰਤ ਘਰਾਂ ਨੂੰ ਚਾਲੇ ਪਾਉਂਦੀਆਂ ਰਹੀਆਂ ਤਾਂ ਹੋਰ ਸੰਗਤਾਂ ਗੁਰੂਘਰਾਂ ਅੰਦਰ ਵਾਰੀ ਸਿਰ ਦਾਖਲ ਹੁੰਦੀਆਂ ਰਹਿਣ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਜਾਣੇ ਜਾਂਦੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਵਿਖੇ ਰਾਗੀ ਸਿੰਘਾਂ ਵੱਲੋਂ ਰਸਭਿੰਨੇ ਕੀਰਤਨ ਅਤੇ ਬਾਣੀ ਦਾ ਪ੍ਰਵਾਹ ਨਿਰੰਤਰ ਜਾਰੀ ਰਿਹਾ। ਇਸ ਸਮੇਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਸ੍ਰ: ਸੁਰਜੀਤ ਸਿੰਘ ਚੌਧਰੀ, ਬਖਸ਼ੀਸ਼ ਸਿੰਘ ਦੀਹਰੇ, ਜਸਪਾਲ ਸਿੰਘ ਖਹਿਰਾ ਤੇ ਨਿਰੰਜਨ ਸਿੰਘ ਬਿਨਿੰਗ ਵੱਲੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਸਮੁੱਚੇ ਜਗਤ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਉੱਥੇ ਦੁਨੀਆਂ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ। ਨਾਲ ਹੀ ਉਹਨਾਂ ਕਿਹਾ ਕਿ ਬੇਸ਼ੱਕ ਕੋਰੋਨਾ ਦੇ ਦੌਰ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬਾਨਾਂ ਵਿਖੇ ਨਹੀਂ ਆ ਸਕਦੇ ਪਰ ਸੰਗਤਾਂ ਘਰਾਂ ਵਿੱਚ ਆਪਣੇ ਪਰਿਵਾਰ ਦੀ ਹਾਜ਼ਰੀ ਵਿੱਚ ਬਾਣੀ ਦਾ ਜਾਪ ਕਰਕੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ।