ਬ੍ਰਿਸਬੇਨ (ਪੰਜ ਦਰਿਆ ਬਿਊਰੋ)
ਭਾਰਤ ਵਿੱਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” , “ਇੰਡੋਜ਼ ਟੀਵੀ ਆਸਟ੍ਰੇਲੀਆ” ਅਤੇ “ਮਾਝਾ ਯੂਥ ਕਲੱਬ ਬ੍ਰਿਸਬੇਨ” ਦੇ ਪ੍ਰਤੀਨਿਧਾਂ ਵੱਲੋਂ ਸ਼ਾਂਝੇ ਰੂਪ ਵਿੱਚ ਇਕੱਤਰਤਾ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਮੋਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਮੇ ਦੀ ਮੋਦੀ ਸਰਕਾਰ ਦੁਆਰਾ ਕਿਸਾਨਾਂ ਉੱਤੇ ਢਾਹੇ ਜਾ ਰਹੇ ਤਸ਼ੱਦਦ ਅਤੇ ਰਾਜਾਂ ਪ੍ਰਤੀ ਭਾਰਤ ਦੀ ਸੰਘੀ ਸਰਕਾਰ ਦੇ ਮਾੜੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਸਭਾਵਾਂ ਦੇ ਨੁਮਾਇੰਦਿਆਂ ਨੇ ਇੱਕੋ ਮੰਚ ਤੋਂ ਕਿਸਾਨਾਂ ਦੇ ਤਿੱਖੇ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਲੋੜੀਂਦਾ ਹਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਹ ਸਮੂਹਿਕ ਤੌਰ ਉੱਤੇ ਕਿਸਾਨਾਂ ਦੇ ਸਘੰਰਸ਼ ਦੇ ਹੱਕ ਵਿੱਚ ਹਨ । ਉਹਨਾਂ ਨੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਪਰਵਾਸੀਆਂ ਨੂੰ ਉਹਨਾਂ ਦੇ ਪੰਜਾਬ ਦੀ ਹਰ ਮੁਸ਼ਕਲ ਵਿੱਚ ਦਿੱਤੇ ਸਿਆਸੀ ਅਤੇ ਗ਼ੈਰ ਸਿਆਸੀ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਸ ਜਦੋਂ-ਜਹਿਦ ਵਿੱਚ ਵੀ ਖੁੱਲ ਸਹਿਯੋਗ ਦੇਣਾ ਚਾਹੀਦਾ । ਜਿਸ ਵਿੱਚ ਲੇਖਕਾ ਹਰਜੀਤ ਸੰਧੂ ਨੇ ਕਵਿਤਾ ਰਾਂਹੀ ਕਿਸਾਨੀ ਸੰਘਰਸ਼ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ, ਗੀਤਕਾਰ ਸੁਰਜੀਤ ਸੰਧੂ, ਜਸਵਿੰਦਰ ਕੌਰ ਨੇ ਆਪਣੇ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਕਿਸਾਨਾਂ ਨੂੰ ਹੱਲਾ-ਸ਼ੇਰੀ ਦਿੱਤੀ। ਹਰਮਨਦੀਪ ਗਿੱਲ ਨੇ ਕਿਹਾ ਕਿ ਜਦੋਂ ਜਦੋਂ ਵੀ ਪੰਜਾਬ ਦੀ ਧਰਤੀ ਨੂੰ ਤੱਤੀ ਹਵਾ ਲੱਗੀ ਹੈ , ਪ੍ਰਵਾਸੀ ਭਾਰਤੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਤੇ ਅੱਜ ਵੀ ਤਨੋ ਮਨੋ ਤੇ ਧਨੋ ਨਾਲ ਖੜ੍ਹੇ ਹਨ। ਮਾਝਾ ਯੂਥ ਕਲੱਬ ਤੋਂ ਮਨ ਖਹਿਰਾ ਨੇ ਕਿਹਾ ਕਿ ਪੰਜਾਬ ਨਾਲ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੀ ਆਈਆਂ ਨੇ । ਹਰ ਵਾਰ ਪੰਜਾਬ ਨੇ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਕ੍ਰਾਂਤੀਆਂ ਦਾ ਮੋਹਰੀ ਰਿਹਾ ਹੈ। ਅਣਖੀਲੇ ਪੰਜਾਬੀ ਮੁਸ਼ਕਲਾਂ ਦਾ ਹਮੇਸ਼ਾ ਡੱਕ ਮੁਕਾਬਲਾ ਕਰਦੇ ਆਏ ਹਨ। ਸਮੂਹ ਸਭਾਵਾਂ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਤਰਾਂ ਸਰਕਾਰ ਕਿਸਾਨਾਂ ਦਾ ਸ਼ਾਤਮਈ ਮੁਜ਼ਾਰਿਆਂ ਦਾ ਸੰਵਿਧਾਨਿਕ ਹੱਕ ਨਹੀਂ ਖੋਹ ਸਕਦੀ। ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਸਾਰਥਿਕ ਹੱਲ ਜ਼ਰੂਰ ਕੱਢੇਗੀ।