ਅਸ਼ੋਕ ਵਰਮਾ
ਬਠਿੰਡਾ,9 ਨਵੰਬਰ2020: ਬਠਿੰਡਾ ਨਹਿਰ ਦਾ ਸ਼ਹਿਰ ਨਾਲ ਲੱਗਦਾ ਕਰੀਬ ਦਸ ਕਿੱਲੋਮੀਟਰ ਹਿੱਸਾ ਬਦਸੂਰਤੀ ਦੀ ਉਹ ਤਸਵੀਰ ਪੇਸ਼ ਕਰ ਰਿਹਾ ਹੈ ਜਿਸ ਦਾ ਪਾਣੀ ਵਰਗੇ ਪਵਿੱਤਰ ਸੋਮੇ ਬਾਰੇ ਕਿਆਸ ਨਹੀਂ ਕੀਤਾ ਜਾ ਸਕਦਾ ਹੈ। ਪਿਛਲੇ ਕਈ ਦਿਨਾਂ ਤੋਂ ਨਹਿਰ ਦੀ ਸਾਫ ਸਫਾਈ ’ਚ ਜੁਟੀਆਂ ਸਮਾਜਿਕ ਧਿਰਾਂ ਅਤੇ ਸਮਾਜਸੇਵੀ ਵਲੰਟੀਅਰਾਂ ਵੱਲੋਂ ਸਾਹਮਣੇ ਲਿਆਂਦੇ ਤੱਥ ਹਨ। ਵੱਡੀ ਗੱਲ ਹੈ ਕਿ ਕਰੀਬ ਸਾਢੇ ਤਿੰਨ ਲੱਖ ਦੀ ਅਬਾਦੀ ਵਾਲੇ ਸ਼ਹਿਰ ’ਚ ਮਸਾਂ ਡੇਢ ਸੌ ਵਿਅਕਤੀ ਹਨ ਜਿਹਨਾਂ ਨੇ ਇਹ ਬੀੜਾ ਚੁੱਕਿਆ ਹੈ। ਸਮਾਜਸੇਵ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਾਸੀ ਸਹਿਯੋਗ ਦੇਣ ਅਤੇ ਟੂਣੇ ਟਾਮਣਾ ਕਵਾਉਣ ਤੇ ਉਹਨਾਂ ਦੇ ਆਖੇ ਲੱਗ ਕੇ ਅਜਿਹਾ ਕਰਨ ਵਾਲੇ ਮਿਹਰ ਰੱਖਣ ਤਾਂ ਹੀ ਸਥਿਤੀ ਸੁਧਰ ਸਕਦੀ ਹੈ।
ਵਹਿਮਾ-ਭਰਮਾਂ ਦੇ ਸ਼ਿਕਾਰ ਲੋਕੀ ਹਫਤੇ ’ਚ ਦੋ-ਤਿੰਨ ਦਿਨ ਨਹਿਰ ’ਚ ਤਰਾਂ-ਤਰਾਂ ਦੇ ਪਦਾਰਥਾਂ ਨਾਲ ਭਰੇ ਲਿਫਾਫੇ ਸੁੱਟਦੇ ਰਹਿੰਦੇ ਹਨ ਇਹ ਕਚਰਾ ਨਹਿਰ ਨੂੰ ਸਾਹ ਨਹੀਂ ਲੈਣ ਦੇ ਰਿਹਾ ਹੈ। ਦੇਖਣ ’ਚ ਆਇਆ ਹੈ ਕਿ ਨਹਿਰ ਚੋਂ ਐਨਾਂ ਜਿਆਦਾ ਗੰਦ ਮੰਦ ਨਿੱਕਲ ਰਿਹਾ ਹੈ ਜਿਸ ਬਾਰੇ ਅੰਦਾਜਾ ਲਾਉਣਾ ਵੀ ਮੁਸ਼ਕਲ ਹੈ। ਲਾਲ ਰੰਗ ਦੇ ਕੱਪੜੇ, ਨਾਰੀਅਲ ਦੇ ਗੁੱਟ ,ਖੱਮਣੀਆਂ, ਚੂੜੀਆਂ, ਕਾਲੇ ਰੰਗ ਦਾ ਕੱਪੜਾ,ਪਲਾਸਟਿਕ ਦੇ ਲਿਫਾਫੇ ਅਤੇ ਕੋਇਲਾ ਆਦਿ ਭਾਰੀ ਮਾਤਰਾ ’ਚ ਮਿਲ ਰਿਹਾ ਹੈ। ਕੁੱਝ ਦਿਨ ਪਹਿਲਾਂ ਚਲਾਏ ਸਫਾਈ ਅਭਿਆਨ ਦੇ ਦੂਸਰੇ ਗੇੜ ਦੌਰਾਨ ਤਾਂ ਕੱਚੇ ਮਾਸ ਦੀਆਂ ਬੋਰੀਆਂ ਵੀ ਮਿਲੀਆਂ ਸਨ ਜੋਕਿ ਸਿਹਤ ਦੇ ਪੱਖ ਤੋਂ ਚਿੰਤਾਜਨਕ ਵਰਤਾਰਾ ਹੈ।
ਉਂਜ ਵੀ ਬਠਿੰਡਾ ਨਹਿਰ ਲੰਬੇ ਅਰਸੇ ਤੋਂ ਸਰਕਾਰੀ ਮਿਹਰ ਲਈ ਤਰਸ ਰਹੀ ਹੈ । ਨਹਿਰ ਦੀ ਸਫ਼ਾਈ ਨਾ ਹੋਣ ਕਰਕੇ ਇਸਦੀ ਸਮਰੱਥਾ ਘਟ ਗਈ ਹੈ ਜਿਸ ਦੇ ਸਿੱਟੇ ਵਜੋਂ ਪਾਣੀ ਦਾ ਵਹਾਅ ਘੱਟ ਹੈ । ਸਥਿਤੀ ਇਹ ਹੈ ਕਿ ਬਠਿੰਡਾ ਪੱਟੀ ਦੇ ਵੱਡੇ ਹਿੱਸੇ ’ਚ ਇਸ ਨਹਿਰ ਦਾ ਪਾਣੀ ਪੁੱਜਦਾ ਨਹੀਂ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ। ਪਿੰਡ ਪੂਹਲਾ ਤੋਂ ਬਠਿੰਡਾ ਸ਼ਹਿਰ ਤੱਕ ਤਾਂ ਨਹਿਰ ਗੰਦ ਮੰਦ ਨਾਲ ਭਰੀ ਪਈ ਹੈ। ਸ਼ਹਿਰ ਵਾਲੇ ਹਿੱਸੇ ’ਚ ਵੀ ਨਹਿਰ ਘਾਹ-ਫੂਸ ਨਾਲ ਉੱਪਰੋਂ-ਥੱਲਿਓਂ ਲੱਦੀ ਹੋਣ ਕਰਕੇ ਪਾਣੀ ਦਾ ਲੰਘਣਾ ਮੁਸ਼ਕਿਲ ਹੈ। ਸੂਤਰਾਂ ਅਨੁਸਾਰ ਇਸ ਨਹਿਰ ਦੀ ਸਮਰੱਥਾ 2786 ਕਿਊਸਕ ਹੈ ਜਦੋਂਕਿ ਨਹਿਰ ਤਹਿਤ ਸਿੰਚਾਈ ਹੋਣ ਵਾਲਾ ਗ੍ਰਾਸ ਕਮਾਂਡ ਏਰੀਆ 3.64 ਲੱਖ ਹੈਕਟੇਅਰ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸਮਰੱਥਾ ਘਟਣ ਕਰਕੇ ਹੁਣ ਇਹ 2.51 ਲੱਖ ਹੈਕਟੇਅਰ ਰਕਬੇ ਦੀ ਸਿੰਚਾਈ ਕਰਦੀ ਹੈ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਕਿਸਾਨਾਂ ਲਈ ਨਹਿਰੀ ਪਾਣੀ ਅੰਮਿ੍ਰਤ ਵਾਂਗ ਹੈ। ਲੋੜੀਂਦਾ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਨੂੰ 1.13 ਲੱਖ ਹੈਕਟੇਅਰ ਰਕਬੇ ਨੂੰ ਧਰਤੀ ਹੇਠਲੇ ਪਾਣੀ ਨਾਲ ਪਾਲਣਾ ਪੈਂਦਾ ਹੈ ।ਸੂਤਰਾਂ ਦਾ ਦੱਸਣਾ ਹੈ ਕਿ ਅਸਲ ਵਿੱਚ ਅੰਗਰੇਜਾਂ ਵੱਲੋਂ ਬਣਾਏ ਜਾਣ ਮਗਰੋਂ ਇਸ ਨਹਿਰ ਦੀ ਮੁਰੰਮਤ ਦਾ ਮਾਮੂਲੀ ਕੰਮ ਹੀ ਹੋਇਆ ਹੈ ।
ਜਾਣਕਾਰੀ ਅਨੁਸਾਰ ਬਠਿੰਡਾ ਨਹਿਰ ਲਈ ਮਹਿਕਮੇ ਕੋਲ ਫੰਡ ਹੀ ਨਹੀਂ ਹਨ। ਪਿਛਲੇ ਲੰਮੇਂ ਸਮੇਂ ਤੋਂ ਮੁਰੰਮਤ ਦੇ ਨਾਮ ਹੇਠ ਫਾਈਲਾਂ ਦਾ ਹੀ ਢਿੱਡ ਭਰਿਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਭਾਗ ਦੌਰਾਨ ਕਈ ਵਾਰ ਐਲਾਨ ਕੀਤਾ ਸੀ ਕਿ ਬਠਿੰਡਾ ਨਹਿਰ ਨੂੰ ਲਾਹੌਰ ਨਹਿਰ ਵਾਂਗ ਸੁੰਦਰ ਬਣਾਇਆ ਜਾਵੇਗਾ। ਇਸ ਦੇ ਉਲਟਾ ਨਹਿਰ ਵਿੱਚ ਦਿਨੋਂ-ਦਿਨ ਪੈ ਰਹੇ ਗੰਦ ਅਤੇ ਪਟੜੀਆਂ ਦੀ ਹੋ ਰਹੀ ਬੁਰੀ ਹਾਲਤ ਸਦਕਾ ਇਹ ਸਭ ਗੱਲਾਂ ਹੀ ਰਹਿ ਗਈਆਂ ਹਨ।
ਸੁੰਦਰਤਾ ਦੀ ਥਾਂ ਸਫਾਈ ਕਰਵਾਏ ਸਰਕਾਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸੁੰਦਰਤਾ ਦੀਆਂ ਗੱਲਾਂ ਛੱਡ ਕੇ ਸਮਰੱਥਾ ਵਧਾਉਣ ਲਈ ਸਫਾਈ ਹੀ ਕਰਵਾ ਦੇਵੇ ਇਹੋ ਕਾਫੀ ਹੈ। ਉਹਨਾਂ ਕਿਹਾ ਕਿ ਲੋਕ ਪੇਂਡੂ, ਸੂਏ ਤੇ ਕੱਸੀਆਂ ਦੀ ਸਫਾਈ ਤਾਂ ਇਕੱਠੇ ਹੋ ਕੇ ਕਰ ਲੈਂਦੇ ਹਨ ਪਰ ਨਹਿਰ ਦੀ ਸਫ਼ਾਈ ਕਿਸਾਨਾਂ ਦੇ ਵੱਸ ਦਾ ਰੋਗ ਨਹੀਂ ਹੈ। ਉਹਨਾਂ ਆਖਿਆ ਕਿ ਬਠਿੰਡਾ ਨਹਿਰ ਦੀ ਸਮਰੱਥਾ ਘਟਣ ਕਰਕੇ ਕਿਸਾਨਾਂ ਨੂੰ ਪੂਰੀ ਮਾਤਰਾ ’ਚ ਪਾਣੀ ਨਹੀਂ ਮਿਲਦਾ ਹੈ ਜਿਸ ਕਰਕੇ ਉਹ ਧਰਤੀ ਹੇਠਲੇ ਮਾੜਾ ਪਾਣੀ ਨਾਲ ਫਸਲਾਂ ਪਾਲਣ ਲਈ ਮਜਬੂਰ ਹਨ। ਉਹਨਾਂ ਆਖਿਆ ਕਿ ਰਜਬਾਹਿਆਂ ਆਦਿ ਦੀ ਸਫ਼ਾਈ ਤੇ ਸਮਰੱਥਾ ਵਧਾਉਣ ਦਾ ਕੰਮ ਰੁਟੇਸ਼ਨ ਵਾਈਜ ਕੀਤਾ ਜਾਣਾ ਚਾਹੀਦਾ ਹੈ ।
ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਲੋੜ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਅਸਲ ’ਚ ਗੰਦਗੀ ਪ੍ਰਤੀ ਆਪਣੀ ਹੀ ਪੀੜੀ ਹੇਠ ਸੋਟਾ ਫੇਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਸਮਾਨ ਸੁੱਟਣਾ ਤੇ ਸੁਟਵਾਉਣਾ ਬੰਦ ਹੋ ਜਾਏ ਤਾਂ ਨਹਿਰੀ ਵਿਭਾਗ ਨੂੰ ਢੁੱਕਵੀਂ ਮੁਰੰਮਤ ਲਈ ਜੋਰ ਪਾਇਆ ਜਾ ਸਕਦਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਨਹਿਰ ’ਚ ਸਮਾਨ ਤਾਰਨ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਹੈ।
ਨਹਿਰੀ ਮਹਿਕਮੇ ਵੱਲੋਂ ਚੇਤਨਾ ਮੁਹਿੰਮ
ਬਠਿੰਡਾ ਨਹਿਰੀ ਮੰਡਲ ਦੇ ਐਕਸੀਅਨ ਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਨਹਿਰ ’ਚ ਸਮਾਨ ਸੁਟਵਾਉਣ ਵਾਲਿਆਂ ਨੂੰ ਅਜਿਹਾ ਨਾ ਕਰਨ ਲਈ ਜਾਗਰੂਕ ਕਰ ਰਿਹਾ ਹੈ। ਉਹਨਾਂ ਆਖਿਆ ਕਿ ਨਹਿਰ ਦੀ ਸਫ਼ਾਈ ਜਾਂ ਸਮਰੱਥਾ ਵਧਾਉਣ ਲਈ ਪ੍ਰਜੈਕਟ ਵਿਚਾਰ ਅਧੀਨ ਹੈ ਅਤੇ ਫੰਡ ਮਿਲਦਿਆਂ ਹੀ ਨਹਿਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।