
ਅਸ਼ੋਕ ਵਰਮਾ
ਬਠਿੰਡਾ,7 ਨਵੰਬਰ2020: ਗ੍ਰਾਮ ਪੰਚਾਇਤ ਰਾਏ ਖਾਨਾ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਰਾਹ ਦਸੇਰਾ ਬਣੀ ਹੈ। ਪੰਚਾਇਤ ਨੇ ਅੱਜ ਮਤਾ ਪਾਸ ਕਰਕੇ ਫੈਸਲਾ ਕੀਤਾ ਹੈ ਕਿ ਝੋਨੇ ਦੀ ਪਰਾਲੀ ਨੰੂ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਲੱਕੀ ਡਰਾਅ ਰਾਹੀ ਇਨਾਮ ਦਿੱਤਾ ਜਾਏਗਾ। ਇਸ ਦੇ ਨਾਲ ਹੀ ਪੰਚਾਇਤ ਅਜਿਹੇ ਕਿਸਾਨਾਂ ਦਾ ਸਨਮਾਨ ਕਰੇਗੀ ਅਤੇ ਇਹਨਾਂ ਕਿਸਾਨਾਂ ਦੇ ਨਾਮ ਸਾਂਝੀ ਥਾਂ ਤੇ ਲਿਖਾਏ ਜਾਣਗੇ ਤਾਂ ਜੋ ਹੋਰਨਾਂ ਨੂੰ ਪ੍ਰੇਰਣਾ ਮਿਲ ਸਕੇ। ਪੰਚਾਇਤ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਅਜਿਹਾ ਫੈਸਲਾ ਲਿਆ ਕਿ ਜਿਸ ਨਾਲ ਕਿਸਾਨਾਂ ਦੀ ਸਹਾਇਤਾ ਵੀ ਹੋਵੇਗੀ ਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਵਿੱਚ ਉਤਸ਼ਾਹ ਵੀ ਪੈਦਾ ਹੋਵੇਗਾ । ਸਰਪੰਚ ਮਲਕੀਤ ਖਾਨ ਨੇ ਦੱਸਿਆ ਕਿ ਪੰਚਾਇਤ ਤਰਫ਼ੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸਾਨਾਂ ਦੀਆ ਪਰਚੀਆਂ ਕੱਟਕੇ 7 ਲੱਕੀ ਡਰਾਅ ਕੱਢੇ ਜਾਣਗੇ ।
ਉਹਨਾਂ ਦੱਸਿਆ ਕਿ ਪੰਚਾਇਤ ਨੂੰ ਆਸ ਹੈ ਕਿ ਇਸ ਤਰਾਂ ਕਰਨ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਪ੍ਰਤੀ ਜਾਗਰੂਕ ਹੋਣਗੇ ਅਤੇ ਵਾਤਾਵਰਨ ਨੂੰ ਸਾਫ ਰੱਖਣ ਦਾ ਤਹੱਈਆ ਕਰਨਗੇ । ਉਹਨਾਂ ਦੱਸਿਆ ਕਿ ਜੋ ਕਿਸਾਨ ਪਿਛਲੇ 3 ਸਾਲ ਤੋ ਪਰਾਲੀ ਦੀ ਰਹਿੰਦ ਖੰੂਹਦ ਸਾੜ ਨਹੀਂ ਰਹੇ ਉਹਨਾਂ ਕਿਸਾਨਾਂ ਦੇ ਨਾਮ ਸਾਂਝੀ ਥਾਂ ਤੇ ਬੋਰਡ ਉਪਰ ਲਿਖ ਕੇ ਨਸ਼ਰ ਕੀਤੇ ਜਾਣਗੇ ਅਤੇ ਪੰਚਾਇਤ ਉਹਾਂ ਨੂੰ ਆਪਣੇ ਖੇਤਾਂ ਵਿੱਚ ਲਾਉਣ ਲਈ ਪੌਦੇ ਦੇਵੇਗੀ। ਕਿਸਾਨ ਲਖਵੀਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਪੰਚਾਇਤ ਨੇ ਅਜਿਹੇ ਕਾਰਜ ਆਰੰਭ ਕਰਕੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਹਰ ਸੰਭਵ ਕੋਸ਼ਿਸ ਕਰ ਰਹੀ ਹੈ । ਉਹਨਾਂ ਆਖਿਆ ਕਿ ਭਾਵੇਂ ਪਿੰਡ ਵਾਸੀਆਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ,ਇਸ ਲਈ ਉਹਨਾਂ ਨੂੰ ਪੰਚਾਇਤ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਪੰਚ ਨਸੀਬ ਕੌਰ,ਗੁਰਜੀਤ ਸਿੰਘ, ਸੁਖਜੀਤ ਸਿੰਘ , ਧਰਮ ਸਿੰਘ ਅਤੇ ਪੇਂਡੂ ਵਿਕਾਸ ਅਫਸਰ ਪਰਮਜੀਤ ਸਿੰਘ ਭੁੱਲਰ ਹਾਜਰ ਸਨ ।