ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 6 ਨਵੰਬਰ 2020

ਫਰਿਜ਼ਨੋ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਸ ਉੱਪਰ ਕੋਰੋਨਾਂ ਨੇ ਆਪਣਾ ਪ੍ਰਭਾਵ ਵਿਖਾਇਆ ਹੈ।ਸ਼ਹਿਰ ਦੀ ਇਸ ਪ੍ਰਸ਼ਾਸਨਿਕ ਇਮਾਰਤ ਵਿਚ ਕਿਸੇ ਇੱਕ ਵਰਕਰ ਦੇ ਕੋਰੋਨਾਂ ਵਾਇਰਸ ਪੀੜਿਤ ਹੋਣ ਤੋਂ ਬਾਅਦ ਇਸਦੇ ਸਟਾਫ ਨੂੰ ਇਕਾਂਤਵਾਸ ਵਿੱਚ ਜਾਣ ਲਈ ਕਿਹਾ ਗਿਆ ਹੈ। ਇਸ ਕਾਊਂਟੀ ਦੇ ਬੁਲਾਰੇ ਜੌਰਡਨ ਸਕਾਟ ਨੇ ਦੱਸਿਆ ਕਿ ਕਾਉਂਟੀ ਹਾਲ ਆਫ ਰਿਕਾਰਡਜ਼ ਵਿਚ ਤੀਜੀ ਮੰਜ਼ਿਲ ‘ਤੇ ਕੰਮ ਕਰਨ ਵਾਲਿਆਂ ਵਿਚ ਕੋਵਿਡ-19 ਦੇ ਇਕ ਸਕਾਰਾਤਮਕ ਮਾਮਲੇ ਦੀ ਰਿਪੋਰਟ ਮਿਲਣ ਤੋਂ ਬਾਅਦ ਇਸਦੇ ਲਗਭਗ 30 ਕਰਮਚਾਰੀਆਂ ਨੂੰ ਅਗਲੇ 14 ਦਿਨਾਂ ਲਈ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਕਾਟ ਅਨੁਸਾਰ ਸਾਵਧਾਨੀ ਦੇ ਤੌਰ ਤੇ ਸ਼ਹਿਰ ਦੇ ਦਫਤਰ ਨੂੰ ਬੰਦ ਕਰ ਦਿੱਤਾ ਹੈ। ਇਸ ਅਧਕਾਰੀ ਨੇ ਕਿਹਾ ਕਿ ਅਜੇ ਕਿਸੇ ਕਰਮਚਾਰੀ ਵਿੱਚ ਵਾਇਰਸ ਦੇ ਲੱਛਣ ਨਹੀ ਪਾਏ ਗਏ ਹਨ ਪਰ ਸੁਰੱਖਿਆ ਲਈ ਇਕਾਂਤਵਾਸ ਜਰੂਰੀ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਸੁਪਰਵਾਈਜ਼ਰਸ ਦੀ 17 ਨਵੰਬਰ ਨੂੰ ਹੋਣ ਵਾਲੀ ਬੈਠਕ ਪ੍ਰਤੀ ਚਿੰਤਾ ਹੈ ਪਰ ਸੰਭਵ ਹੈ ਕਿ ਇਸ ਨੂੰ ਟੈਲੀਕਾਨਫਰੰਸ ਦੁਆਰਾ ਕੀਤਾ ਜਾ ਸਕਦਾ ਹੈ। ਜਦਕਿ ਪੀੜਿਤ ਸੁਪਰਵਾਈਜ਼ਰ ਸਾਲਲ ਕੁਇੰਟੇਰੋ ਹੈ, ਜੋ ਟੈਲੀਕਾਨਫਰੰਸ ਦੁਆਰਾ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਹੈ। ਸੂਤਰਾਂ ਅਨੁਸਾਰ ਮੁੱਖ ਪ੍ਰਬੰਧਕੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਲੋਕਾਂ ਲਈ ਆਮ ਵਾਂਗ ਖੁੱਲ੍ਹੀਆਂ ਹਨ।